ਵਿਧਾਇਕਾਂ ਤੋਂ ਬਾਅਦ ਹੁਣ ਮੰਤਰੀਆਂ ਦੇ ਬਦਲੇ ਸੁਰ, ਕੈਬਨਿਟ ਮੀਟਿੰਗ ''ਚ ਕੱਢੀ ਭੜਾਸ
Friday, Dec 06, 2019 - 06:18 PM (IST)

ਚੰਡੀਗੜ੍ਹ : ਹੁਣ ਤਕ ਤਾਂ ਸਿਰਫ ਵਿਧਾਇਕ ਹੀ ਸ਼ਿਕਾਇਤ ਕਰ ਰਹੇ ਸਨ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਪਰ ਹੁਣ ਮੰਤਰੀਆਂ ਨੇ ਵੀ ਅਧਿਕਾਰੀਆਂ ਖਿਲਾਫ ਆਪਣੀ ਨਾਰਾਜ਼ ਜ਼ਾਹਰ ਕੀਤੀ ਹੈ। ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਾਫ ਤੌਰ 'ਤੇ ਕਿਹਾ ਕਿ ਪਾਵਰਕਾਮ ਦਾ ਚੇਅਰਮੈਨ ਉਨ੍ਹਾਂ ਦੀ ਨਹੀਂ ਸੁਣਦਾ। ਇਹੀ ਨਹੀਂ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤਾਂ ਬੈਠਕ ਵਿਚ ਆਪਣੀ ਹੀ ਪਾਰਟੀ ਅਤੇ ਸਰਕਾਰ ਦੇ ਲੀਡਰਾਂ ਤੋਂ ਕੁਝ ਜ਼ਿਆਦਾ ਹੀ ਨਾਰਾਜ਼ ਨਜ਼ਰ ਆਏ।
ਰੰਧਾਵਾ ਨੇ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਮੁਕਤਸਰ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਸੰਧੂ ਕਾਂਗਰਸੀ ਕੌਂਸਲਰ ਦੇ ਬੇਟੇ ਮਨਪ੍ਰੀਤ ਸਿੰਘ ਮੰਨਾ ਨੂੰ ਗੈਂਗਸਟਰ ਦੱਸ ਰਹੇ ਹਨ ਜਦਕਿ ਉਨ੍ਹਾਂ ਖਿਲਾਫ ਦਰਜ 14 ਕੇਸਾਂ 'ਚੋਂ ਉਹ 7 'ਚੋਂ ਬਰੀ ਹੋ ਚੁੱਕਾ ਹੈ ਅਤੇ ਕਿਸੇ ਵੀ ਕੇਸ 'ਚ ਉਹ ਭਗੌੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਪਾਰਟੀ ਦੇ ਕਿਸੇ ਵੀ ਵੱਡੇ ਲੀਡਰ ਨੇ ਉਸ ਦੇ ਹੱਕ ਵਿਚ ਆਵਾਜ਼ ਕਿਉਂ ਨਹੀਂ ਚੁੱਕੀ ਜਦਕਿ ਦੂਜੇ ਪਾਸੇ ਅਕਾਲੀ ਉਨ੍ਹਾਂ ਦੇ ਹਲਕੇ 'ਚ ਮਾਰੇ ਗਏ ਸਾਬਕਾ ਸਰਪੰਚ ਨੂੰ ਸ਼ਹੀਦ ਦੱਸ ਰਹੇ ਹਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ 'ਤੇ ਗੈਂਗਸਟਰਾਂ ਦੇ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਸਾਡੀ ਆਪਣੀ ਹੀ ਸਰਕਾਰ ਦੇ ਕਿਸੇ ਮੰਤਰੀ ਨੇ ਉਨ੍ਹਾਂ ਦੇ ਪੱਖ ਵਿਚ ਆਵਾਜ਼ ਨਹੀਂ ਚੁੱਕੀ। ਉਨ੍ਹਾਂ ਬੈਠਕ 'ਚ ਬਿਕਰਮ ਮਜੀਠੀਆ ਦੀ ਗੈਂਗਸਟਰਾਂ ਨਾਲ ਫੋਟੋ ਵੀ ਦਿਖਾਈ।
ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਆਪਣੀ ਸਰਕਾਰ ਤੋਂ ਨਾਰਾਜ਼ ਦਿਖੇ। ਉਨ੍ਹਾਂ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ 'ਤੇ ਦੋਸ਼ ਲਗਾਏ ਕਿ ਉਹ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਫਸਰਾਂ ਨੂੰ ਵੀ ਸਾਡੀ ਸਰਕਾਰ ਵਿਚ ਅਹਿਮ ਅਹੁਦੇ ਦਿੱਤੇ ਹੋਏ ਹਨ।