ਫੂਲਕਾ ਦੇ ਵਿਧਾਇਕ ਅਹੁਦੇ ਤੋਂ ਅਸਤੀਫੇ ਤੋਂ ਭਲਕੇ ਉੱਠੇਗਾ ਪਰਦਾ
Monday, Dec 10, 2018 - 09:49 AM (IST)

ਚੰਡੀਗੜ੍ਹ (ਸ਼ਰਮਾ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਦੇ ਪਿਛਲੇ ਅਕਤੂਬਰ ਮਹੀਨੇ ਦਿੱਤੇ ਗਏ ਅਸਤੀਫੇ ਨੂੰ ਮਨਜ਼ੂਰ ਜਾਂ ਨਾ ਮਨਜ਼ੂਰ ਕੀਤੇ ਜਾਣ ਤੋਂ 11 ਦਸੰਬਰ ਨੂੰ ਪਰਦਾ ਉਠ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਫੂਲਕਾ ਨੂੰ ਉਨ੍ਹਾਂ ਵਲੋਂ ਈ-ਮੇਲ ਰਾਹੀਂ ਭੇਜੇ ਗਏ ਅਸਤੀਫੇ ਬਾਰੇ ਉਨ੍ਹਾਂ ਦਾ ਪੱਖ ਜਾਣਨ ਲਈ ਮੰਗਲਵਾਰ ਦੇ ਦਿਨ ਸਵੇਰੇ 10 ਵਜੇ ਮਿਲਣ ਲਈ ਸੱਦਿਆ ਗਿਆ ਹੈ। ਫੂਲਕਾ ਨੇ ਸਪੀਕਰ ਦੇ ਸੱਦੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਪੀਕਰ ਦੇ ਦਫ਼ਤਰ ਪਹੁੰਚ ਜਾਣਗੇ। ਅਸਤੀਫੇ ਸਬੰਧੀ ਆਪਣੇ ਸਟੈਂਡ 'ਤੇ ਕਾਇਮ ਰਹਿੰਦਿਆਂ ਫੂਲਕਾ ਨੇ ਕਿਹਾ ਹੈ ਕਿ ਜੇਕਰ ਸਪੀਕਰ ਉਨ੍ਹਾਂ ਦੇ ਅਸਤੀਫੇ ਨੂੰ ਕਿਸੇ ਵਿਸ਼ੇਸ਼ ਫਾਰਮੇਟ 'ਚ ਚਾਹੁਣਗੇ ਤਾਂ ਉਹ ਅਸਤੀਫਾ ਉਸ ਫਾਰਮੇਟ 'ਚ ਵੀ ਦੇ ਦੇਣਗੇ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਫੂਲਕਾ ਵਲੋਂ ਬਾਸ਼ਰਤ ਭੇਜੇ ਗਏ ਅਸਤੀਫੇ ਨੂੰ ਸਪੀਕਰ ਵਲੋਂ ਨਾ ਮਨਜ਼ੂਰ ਕੀਤਾ ਜਾ ਸਕਦਾ ਹੈ।