''ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਸਰਕਾਰੀ ਮੁਲਾਜ਼ਮ ਲਾਉਣਗੇ ਬੂਟੇ : ਧਰਮਸੌਤ

Friday, Jun 29, 2018 - 01:35 AM (IST)

''ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਸਰਕਾਰੀ ਮੁਲਾਜ਼ਮ ਲਾਉਣਗੇ ਬੂਟੇ : ਧਰਮਸੌਤ

ਚੰਡੀਗੜ੍ਹ (ਕਮਲ) - ਪੰਜਾਬ ਸਰਕਾਰ ਵਲੋਂ ਸੂਬੇ ਦੇ ਪੌਣ-ਪਾਣੀ ਨੂੰ ਸੁਧਾਰਨ ਅਤੇ ਸੂਬਾ ਵਾਸੀਆਂ ਲਈ ਰਹਿਣ-ਸਹਿਣ ਦਾ ਵਧੀਆ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੂਬੇ ਦੇ ਸਰਕਾਰੀ ਮੁਲਾਜ਼ਮ ਵੀ ਬੂਟੇ ਲਾ ਕੇ ਆਪਣਾ ਯੋਗਦਾਨ ਪਾਉਣਗੇ। ਇਸ ਸਬੰਧੀ ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਸੂਬੇ 'ਚ ਹਰਿਆਲੀ ਵਧਾਉਣ ਦੇ ਮਕਸਦ ਨਾਲ ਜੰਗਲਾਤ ਵਿਭਾਗ ਵਲੋਂ ਛੇਤੀ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਸਬੰਧੀ ਲਿਖਤੀ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਦੀ ਇਸ ਮੁਹਿੰਮ ਨੂੰ ਚੰਡੀਗੜ੍ਹ ਅਤੇ ਐੱਸ. ਏ. ਐੱਸ. ਨਗਰ (ਮੋਹਾਲੀ) ਤੋਂ ਸ਼ੁਰੂ ਕਰਕੇ ਪੜਾਅਵਾਰ ਢੰਗ ਨਾਲ ਬਾਕੀ ਜ਼ਿਲਿਆਂ ਤੱਕ ਲਿਜਾਇਆ ਜਾਵੇਗਾ। ਧਰਮਸੌਤ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ 'ਚ ਸੇਵਾ ਨਿਭਾ ਰਹੇ ਕਰੀਬ 2.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਜੰਗਲਾਤ ਵਿਭਾਗ ਬੂਟੇ ਮੁਹੱਈਆ ਕਰਵਾਏਗਾ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਘੱਟੋ-ਘੱਟ ਇਕ-ਇਕ ਬੂਟਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੇ ਘਰ, ਪਾਰਕ, ਪਿੰਡ, ਸ਼ਹਿਰ ਜਾਂ ਜਿਥੇ ਵੀ ਯੋਗ ਥਾਂ ਉਪਲੱਬਧ ਹੋਵੇ, ਉਥੇ ਬੂਟਾ ਲਾ ਸਕਦੇ ਹਨ।
ਉਨ੍ਹਾਂ ਸੂਬੇ ਦੇ ਲੋਕਾਂ ਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ 'ਘਰ-ਘਰ ਹਰਿਆਲੀ' ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲਾਂ/ਕਾਲਜਾਂ ਤੋਂ ਛੁੱਟੀ ਵਾਲੇ ਦਿਨ ਜਾਂ ਆਪਣੇ ਵਿਹਲ ਵਾਲੇ ਸਮੇਂ ਦੌਰਾਨ ਜ਼ਿਲਾ ਜੰਗਲਾਤ ਕਰਮਚਾਰੀਆਂ/ ਅਧਿਕਾਰੀਆਂ ਨਾਲ ਸੰਪਰਕ ਕਰਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨੀ ਵੀ ਯਕੀਨੀ ਬਣਾਉਣ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਇਕ ਅਧਿਐਨ ਮੁਤਾਬਿਕ 'ਇਕ ਰੁੱਖ ਇਕ ਸਾਲ' 'ਚ ਔਸਤਨ 260 ਪਾਊਂਡ ਆਕਸੀਜਨ ਦਿੰਦਾ ਹੈ ਅਤੇ ਇਕ ਛਾਂਦਾਰ ਰੁੱਖ 2 ਵਿਅਕਤੀਆਂ ਨੂੰ ਜੀਵਨ ਭਰ ਆਕਸੀਜਨ ਦੇ ਸਕਦਾ ਹੈ। ਉਨ੍ਹਾਂ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਕੱਟੇ ਗਏ ਰੁੱਖ ਦੀ ਥਾਂ ਨਵਾਂ ਬੂਟਾ ਲਾਉਣਾ ਹੀ ਹੱਲ ਨਹੀਂ ਹੈ ਕਿਉਂਕਿ ਬੂਟੇ ਨੂੰ ਰੁੱਖ ਬਣਨ 'ਚ 7 ਤੋਂ 8 ਸਾਲ ਲੱਗ ਜਾਂਦੇ ਹਨ ਜਦਕਿ ਬੂਟੇ ਤੋਂ ਛਾਂਦਾਰ ਰੁੱਖ ਬਣਨ 'ਚ ਔਸਤਨ 25 ਸਾਲ ਲੱਗ ਜਾਂਦੇ ਹਨ।


Related News