ਮਿਸ਼ਨ ਫਤਿਹ: ਘਨੌਰੀ ਖੁਰਦ ਦੀ ਰਹਿਣ ਵਾਲੀ ਮਾਂ-ਧੀ ਸਮੇਤ 6 ਮਰੀਜ਼ਾਂ ਨੇ ਕੋਵਿਡ-19 ਨੂੰ ਦਿੱਤੀ ਮਾਤ

Wednesday, Jun 10, 2020 - 05:57 PM (IST)

ਮਿਸ਼ਨ ਫਤਿਹ: ਘਨੌਰੀ ਖੁਰਦ ਦੀ ਰਹਿਣ ਵਾਲੀ ਮਾਂ-ਧੀ ਸਮੇਤ 6 ਮਰੀਜ਼ਾਂ ਨੇ ਕੋਵਿਡ-19 ਨੂੰ ਦਿੱਤੀ ਮਾਤ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ): ਕੋਵਿਡ-19 ਨੂੰ ਮਾਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਅੱਜ ਜ਼ਿਲ੍ਹਾ ਸੰਗਰੂਰ 'ਚ 6 ਮਰੀਜ਼ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਇਨ੍ਹਾਂ 6 ਮਰੀਜ਼ਾਂ 'ਚ ਘਨੌਰੀ ਖੁਰਦ ਦੀ ਰਹਿਣ ਵਾਲੀ 39 ਸਾਲਾ ਔਰਤ ਅਤੇ ਉਸਦੀ 13 ਸਾਲਾ ਧੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 6 ਹੋਰ ਮਰੀਜ਼ਾਂ ਦੇ ਸਿਹਤਯਾਬ ਹੋ ਕੇ ਘਰ ਪਰਤਣ ਨਾਲ ਹੁਣ ਸੰਗਰੂਰ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 19 ਤੋਂ ਘੱਟ ਕੇ 13 ਰਹਿ ਗਈ ਹੈ।

ਇਹ ਵੀ ਪੜ੍ਹੋ: ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ: ਹਰਪਾਲ  ਚੀਮਾ

ਥੋਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਧੂਰੀ ਦੇ ਰਹਿਣ ਵਾਲੇ 55 ਸਾਲਾ ਬਜ਼ੁਰਗ ਨੇ ਵੀ ਸਫ਼ਲ ਇਲਾਜ ਤੋਂ ਬਾਅਦ ਘਰ ਵਾਪਸੀ ਕੀਤੀ ਹੈ ਹਾਲਾਂਕਿ ਉਹ ਪਿਛਲੇ 12 ਸਾਲਾਂ ਤੋਂ ਅਸਥਮਾ ਦੀ ਬੀਮਾਰੀ ਤੋਂ ਵੀ ਪੀੜਤ ਸੀ। ਉਨ੍ਹਾਂ ਕਿਹਾ ਕਿ ਬਾਕੀ 3 ਮਰੀਜ਼ਾਂ 'ਚ ਪਿੰਡ ਕਾਕੜਾ ਦੀ ਰਹਿਣ ਵਾਲੀ 55 ਸਾਲਾ ਬਜ਼ੁਰਗ ਮਹਿਲਾ, ਬਖੋਪੀਰ ਦੀ ਰਹਿਣ ਵਾਲੀ 28 ਸਾਲਾ ਔਰਤ ਤੇ ਨੰਦਗੜ੍ਹ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਸ਼ਾਮਲ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਸੈਂਪਲ 30 ਮਈ ਨੂੰ ਲਏ ਗਏ ਸਨ ਅਤੇ ਪਾਜ਼ੇਟਿਵ ਪਾਏ ਜਾਣ 'ਤੇ ਇਨ੍ਹਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਰੱਖਿਆ ਗਿਆ ਸੀ। ਜ਼ਿਲਾ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਢੁੱਕਵੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਮੈਡੀਕਲ ਸਟਾਫ ਦੀ ਤਾਇਨਾਤੀ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਪਾਈਪ ਰਾਹੀਂ ਆਕਸੀਜ਼ਨ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਮੌਕੇ ਮਾਸਕ ਪਾਉਣ ਅਤੇ ਇਕ-ਦੂਜੇ ਤੋਂ ਆਪਸੀ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਜ਼ਰੂਰੀ ਲੋੜ ਪੈਣ 'ਤੇ ਹੀ ਭੀੜ ਵਾਲੀ ਥਾਂ ਦਾ ਦੌਰਾ ਕੀਤਾ ਜਾਵੇ।ਇਸ ਮੌਕੇ ਐੱਸ. ਐੱਮ. ਓ. ਸੰਗਰੂਰ ਡਾ. ਬਲਜੀਤ ਸਿੰਘ, ਹਸਪਤਾਲ ਪ੍ਰਬੰਧਕ ਡਾ. ਸੁਹਾਨੀ ਹਿਨਾ ਸਮੇਤ ਸਮੁੱਚੀ ਮੈਡੀਕਲ ਤੇ ਪ੍ਰਬੰਧਕੀ ਟੀਮ ਹਾਜ਼ਰ ਸੀ।


author

Shyna

Content Editor

Related News