ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼
Sunday, Jul 29, 2018 - 12:49 AM (IST)
ਤਪਾ ਮੰਡੀ, (ਸ਼ਾਮ, ਗਰਗ)- ਪਿੰਡ ਧੌਲਾ ਦਾ ਨੌਜਵਾਨ ਮਨਪ੍ਰੀਤ ਸਿੰਘ (25) ਪੁੱਤਰ ਨੈਬ ਸਿੰਘ, ਜੋ ਬੀਤੇ ਦਿਨਾਂ ਤੋਂ ਗੁੰਮ ਸੀ, ਦੀ ਰੱਲਾ ਨਹਿਰ ’ਚੋਂ ਲਾਸ਼ ਮਿਲਣ ਕਾਰਨ ਪਿੰਡ ’ਚ ਮਾਤਮ ਛਾ ਗਿਆ। ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ 2 ਦਿਨ ਪਹਿਲਾਂ ਦੰਦਾਂ ’ਚ ਪਾਈ ਹੋਈ ਤਾਰ ਦਿਖਾਉਣ ਲਈ ਭੁੱਚੋ ਦੇ ਹਸਪਤਾਲ ਗਿਆ ਸੀ, ਜਿਥੇ ਡਾਕਟਰ ਨਾ ਮਿਲਣ ਕਾਰਨ ਉਹ ਉਥੋਂ ਇਕ ਮਿੰਨੀ ਬੱਸ ’ਤੇ ਚਡ਼੍ਹ ਕੇ ਰਾਮਪੁਰਾ ਵੱਲ ਚਲਾ ਗਿਆ। ਇਸ ਬਾਰੇ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ। ਇਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਜਦੋਂ ਸ਼ਾਮ ਤੱਕ ਨੌਜਵਾਨ ਘਰ ਨਾ ਪੁੱਜਾ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਆਲੇ-ਦੁਆਲੇ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰੀ ’ਚ ਭਾਲ ਕੀਤੀ ਪਰ ਕਿਤੋਂ ਕੋਈ ਥਹੁ-ਪਤਾ ਨਹੀਂ ਮਿਲਿਆ। ਆਖਿਰ ਇਸ ਸਬੰਧੀ ਥਾਣਾ ਰੂਡ਼ੇਕੇ ਕਲਾਂ ਵਿਖੇ ਸੂਚਨਾ ਦਿੱਤੀ ਗਈ। ਅੱਜ ਸਵੇਰੇ ਜੋਗਾ ਪੁਲਸ ਨੂੰ ਰੱਲਾ ਨਹਿਰ ਵਿਚ ਮਨਪ੍ਰੀਤ ਸਿੰਘ ਦੀ ਲਾਸ਼ ਤੈਰਦੀ ਹੋਈ ਮਿਲੀ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਪਡ਼੍ਹਿਆ-ਲਿਖਿਆ ਸੀ ਅਤੇ ਖੇਤੀਬਾਡ਼ੀ ਕਰਦਾ ਸੀ। ਉਹ ਮਾਪਿਅਾਂ ਦਾ ਇਕਲੌਤਾ ਸਹਾਰਾ ਸੀ।
ਜੋਗਾ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਮਾਨਸਾ ਹਸਪਤਾਲ ’ਚ ਰੱਖਿਆ ਗਿਆ ਹੈ। ਪਰਿਵਾਰਿਕ ਮੈਂਬਰਾਂ ਦੇ ਜੋ ਵੀ ਬਿਆਨ ਹੋਣਗੇ, ਉਸ ਅਾਧਾਰ ’ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
