ਭੁਲੱਥ ''ਚ ਲੱਗੇ ''ਸੁਖਪਾਲ ਖਹਿਰਾ ਗੁੰਮਸ਼ੁਦਾ'' ਦੇ ਪੋਸਟਰ
Thursday, Jan 16, 2020 - 09:23 PM (IST)
ਭੁਲੱਥ,(ਰਜਿੰਦਰ)- ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ 'ਗੁੰਮਸ਼ੁਦਾ ਦੀ ਤਲਾਸ਼' ਸਬੰਧੀ ਪੋਸਟਰ ਭੁਲੱਥ ਸ਼ਹਿਰ 'ਚ ਲੱਗ ਚੁੱਕੇ ਹਨ ਪਰ ਅਜੇ ਤਕ ਪੋਸਟਰ ਲਗਾਉਣ ਵਾਲਿਆਂ ਬਾਰੇ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਵਲੋਂ ਚੋਣ ਜਿੱਤ ਕੇ ਹਲਕਾ ਭੁਲੱਥ ਦੇ ਵਿਧਾਇਕ ਬਣੇ ਸਨ। ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਤੋਂ ਬਾਅਦ ਖਹਿਰਾ 'ਆਪ ਲੀਡਰਸ਼ਿਪ' ਤੋਂ ਨਾਰਾਜ਼ ਚੱਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਨਵੀਂ ਬਣੀ 'ਪੰਜਾਬੀ ਏਕਤਾ ਪਾਰਟੀ' ਦੀ ਟਿਕਟ 'ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਸੀ। ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਸੁਖਪਾਲ ਖਹਿਰਾ ਹਾਲੇ ਵੀ ਪੰਜਾਬ ਵਿਧਾਨ ਸਭਾ ਵਿਚ ਹਲਕਾ ਭੁਲੱਥ ਦੇ ਵਿਧਾਇਕ ਵਜੋਂ ਮੈਂਬਰ ਹਨ। ਇਸੇ ਦਰਮਿਆਨ ਹਲਕਾ ਭੁਲੱਥ ਦੇ ਪ੍ਰਮੁੱਖ ਸ਼ਹਿਰ ਭੁਲੱਥ ਵਿਚ ਸੁਖਪਾਲ ਖਹਿਰਾ ਦੇ 'ਗੁੰਮਸ਼ੁਦਾ ਦੀ ਤਲਾਸ਼' ਬਾਰੇ ਪੋਸਟਰ ਲੱਗਣਾ ਹੈਰਾਨਗੀ ਭਰਿਆ ਹੈ। ਦੱਸਣਯੋਗ ਹੈ ਕਿ ਭੁਲੱਥ ਵਿਚ ਕਚਹਿਰੀ ਚੌਕ ਤੋਂ ਇਲਾਵਾ ਸ਼ਹਿਰ ਦੇ ਹੋਰ ਅਨੇਕਾਂ ਥਾਵਾਂ 'ਤੇ ਇਹ ਪੋਸਟਰ ਲੱਗੇ ਹਨ।
ਇਸ ਸਬੰਧੀ ਗੱਲਬਾਤ ਕਰਨ ਲਈ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕੀਤਾ ਗਿਆ ਤਾਂ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਹਲਕੇ ਵਿਚਲੇ ਸਿਆਸੀ ਸਕੱਤਰ ਕੁਲਦੀਪ ਸਿੰਘ ਕੰਗ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਹਲਕੇ ਵਿਚਲੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ ਤੇ ਲੋਕਾਂ ਦੇ ਦੁੱਖ -ਸੁੱਖ ਵਿਚ ਵੀ ਜਾਂਦੇ ਹਨ।