ਲਾਪਤਾ ਮੁਟਿਆਰ ਧੀ ਲਈ ਵਿਲਕ ਰਹੇ ਨੇ ਮਾਪੇ, ਮੁੱਖ ਮੰਤਰੀ ਤੱਕ ਕੀਤੀਆਂ ਦਰਖ਼ਾਸਤਾਂ ਰਹੀਆਂ ਬੇਅਸਰ

10/20/2020 6:00:18 PM

ਮੱਖੂ (ਵਾਹੀ): ਪੰਜਾਬ ਵੀ ਬਿਹਾਰ ਅਤੇ ਯੂ. ਪੀ. ਤੋਂ ਘੱਟ ਨਹੀਂ ਹੈ ਅਤੇ ਗਰੀਬ ਦੀ ਕੋਈ ਸੁਣਵਾਈ ਨਹੀਂ, ਪੰਜਾਬ ’ਚ ਵੀ ਹਾਥਰਸ ਵਰਗੀਆਂ ਘਟਨਾਂਵਾ ਵਾਪਰ ਰਹੀਆਂ ਹਨ ਅਤੇ ਪੁਲਸ ਕੋਈ ਸੁਣਵਾਈ ਨਹੀਂ ਕਰਦੀ। ਇਹ ਬਿਆਨ ਮੱਖੂ ਵਿਖੇ 20 ਵਰਿਆਂ ਦੀ ਲਾਪਤਾ ਹੋਈ ਮੁਟਿਆਰ ਦੇ ਪਿਤਾ ਨੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆਂ ਦੇ ਦਫਤਰ ਵਿਖੇ ਸਦੀ ਪ੍ਰੈੱਸ ਕਾਨੰਫਰਸ ਦੌਰਾਣ ਪੱਤਰਕਾਰਾਂ ਸਾਹਮਣੇ ਦਿੱਤੇ। ਲਾਪਤਾ ਹੋਈ ਲਡ਼ਕੀ ਦੇ ਪਿਤਾ ਰਵੀ ਖੁਰਾਣਾ ਨੇ ਕਿਹਾ ਕਿ ਉਸ ਦੀ ਧੀ ਨੂੰ ਬੀਤੇ ਵਰ੍ਹੇ 13 ਨਵੰਬਰ 2019 ਨੂੰ ਕੁਝ ਦੋਸ਼ੀਆਂ ਵਲੋਂ ਲਾਪਤਾ ਕਰ ਦਿੱਤਾ ਗਿਆ, ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਰਿਹਾ। ਉਸ ਦਿਨ ਦੋਸ਼ੀ ਵਲੋਂ ਲਡ਼ਕੀ ਦੇ ਫੋਨ ’ਤੇ 2 ਦਰਜ਼ਨ ਵਾਰ ਗੱਲਬਾਤ ਕੀਤੀ ਪਾਈ ਗਈ ਹੈ। ਘਟਨਾ ਤੋਂ ਹਫਤਾ ਪਹਿਲਾਂ ਵਾਰਦਾਤ ’ਚ ਸ਼ਾਮਿਲ ਮੁੰਡਾ ਫੋਨ ਕਰ ਕੇ ਧਮਕੀਆਂ ਦਿੰਦਾ ਸੀ। ਇਸ ਸਬੰਧੀ ਥਾਣੇ ਸ਼ਿਕਾਇਤ ਦਿੱਤੀ ਅਤੇ ਪੁਲਸ ਨੂੰ ਲੈ ਕੇ ਸ਼ੱਕੀ ਵਿਅਕਤੀਆਂ ਦੇ ਘਰ ਗਏ। ਪੁਲਸ ਦੀ ਹਾਜ਼ਰੀ ’ਚ ਉਨ੍ਹਾਂ ਲੋਕਾਂ ਨੇ ਮੇਰੀ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। 25 ਨਵੰਬਰ 2019 ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਸਾਰੀ ਹਕੀਕਤ ਬਿਆਨ ਕੀਤੀ। ਸਿਆਸੀ ਲੀਡਰਾਂ ਅਤੇ ਹੋਰ ਮੋਹਤਬਰਾਂ ਨੂੰ ਵੀ ਮਿਲੇ ਪਰ ਕਿਸੇ ਨੇ ਬਾਂਹ ਨਹੀਂ ਫ਼ਡ਼ੀ।

ਇਹ ਵੀ ਪੜ੍ਹੋ: ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਫ਼ੌਜ ਨੇ ਪਾਕਿਸਤਾਨੀ ਕਰੰਸੀ ਸਮੇਤ ਸ਼ੱਕੀ ਵਿਅਕਤੀ ਕੀਤਾ ਕਾਬੂ

ਮੁੱਖ ਮੰਤਰੀ ਪੰਜਾਬ, ਮਹਿਲਾ ਕਮਿਸ਼ਨ ਪੰਜਾਬ ਚੰਡੀਗਡ਼੍ਹ, ਡੀ. ਜੀ. ਪੀ. ਪੰਜਾਬ ਅਤੇ ਹਰ ਉਸ ਜਗ੍ਹਾ ਦਰਖਾਸਤਾਂ ਦਿੱਤੀਆਂ ਅਤੇ ਜਿੱਥੋਂ ਕਿਤੋਂ ਇਨਸਾਫ ਦੀ ਖੈਰ ਪੈ ਸਕਦੀ ਸੀ ਪਹੁੰਚ ਕੀਤੀ, ਸਾਲ ਹੋ ਗਿਆ ਹੈ ਦਰ-ਦਰ ਦੀਆਂ ਠੋਕਰਾਂ ਖਾਂਦਿਆਂ ਨੂੰ ਪਰ ਕੋਈ ਸੁਣਵਾਈ ਨਹੀਂ ਹੋਈ। ਸਿਆਸੀ ਦਬਾਅ ਹੇਠ ਪੁਲਸ ਟੱਸ ਤੋਂ ਮੱਸ ਨਹੀਂ ਹੋਈ ਅਤੇ ਬੱਚੀ ਨੂੰ ਗਾਇਬ ਕਰਨ ਵਾਲਿਆਂ ਦੀਆਂ ਕਾਲ ਡਿਟੇਲਾਂ ਵੀ ਅਧਿਕਾਰੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ। ਆਖਿਰ ਪੁਲਸ ਨੇ 4 ਦਸੰਬਰ 2019 ਨੂੰ ਥਾਣਾ ਮੱਕੂ ਵਿਖੇ ਮੁਕੱਦਮਾ ਨੰ:168 ਅਧੀਨ ਧਾਰਾ 365 ਤਹਿਤ ਦਰਜ਼ ਤਾਂ ਕਰ ਲਿਆ ਪਰ ਨਾਮਜ਼ਦ ਵਿਅਕਤੀ ਅਜੇ ਵੀ ਦਨਦਣਾਉਂਦੇ ਫਿਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਲਾਪਤਾ ਹੋਈ 20 ਸਾਲਾ ਨੌਜਵਾਨ ਧੀ ਕਾਜਲ ਖੁਰਾਣਾ ਦੇ ਪਿਤਾ ਰਵੀ ਕੁਮਾਰ, ਮਾਤਾ ਵਿਪਨ ਰਾਣੀ ਅਤੇ ਦਾਦੀ ਕਮਲੇਸ਼ ਰਾਣੀ ਵਾਰਡ ਨੰ: 3 ਮੱਖੂ ਨੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ’ਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿਤਾ ਹੈ। ਪੀਡ਼ਤ ਪਰਿਵਾਰ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾਂ ਮਿਲਿਆਂ ਤਾਂ ਉਹ ਪਰਿਵਾਰ ਸਮੇਤ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਅਤੇ ਹਾਕਮ ਧਿਰ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾ ਕੇ ਇਨਸਾਫ ਦਿੱਤਾ ਜਾਵੇ।

ਇਹ ਵੀ ਪੜ੍ਹੋ: ਦੂਜੇ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਵੇਚਣ ਵਾਲੇ ਪੁਲਸ ਦੇ ਸ਼ਿਕੰਜੇ 'ਚ

ਪੰਜਾਬ ’ਚ ਜੰਗਲ ਰਾਜ : ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸਤਾਧਾਰੀ ਹਾਕਮ ਸੱਤਾ ਦੇ ਨਸ਼ੇ ਵਿੱਚ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਦੀ ਵਕਾਲਤ ਕਰਦੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ, ਉਹਨਾਂ ਕਿਹਾ ਕਿ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੂਰਾ ਯਤਨ ਕਰਨਗੇ।

ਕੀ ਕਹਿਣਾ ਹੈ ਐੱਸ. ਪੀ. ਡੀ. ਮੁਖਤਿਆਰ ਰਾਏ ਦਾ : ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਪੀ. ਡੀ. ਮੁਖਤਿਆਰ ਰਾਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਪਤਾ ਨਹੀਂ ਹੈ, ਉਹ ਫਾਇਲ ਵੇਖਣਗੇਂ।

ਕੀ ਕਹਿਣਾ ਹੈ ਡੀ. ਐੱਸ. ਪੀ. ਜ਼ੀਰਾ ਦਾ : ਮਾਮਲੇ ਬਾਬਤ ਪੁੱਛੇ ਜਾਣ ’ਤੇ ਡੀ. ਐੱਸ. ਪੀ. ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਉਹ ਥਾਣਾ ਮੁੱਖੀ ਮੱਖੂ ਨਾਲ ਕੇਸ ਸਬੰਧੀ ਹੁਣ ਤੱਕ ਦੀ ਹੋਈ ਕਾਰਵਾਈ ਸਬੰਧੀ ਗੱਲ ਕਰਨਗੇ। ਲਡ਼ਕੀ ਦੇ ਮਾਪੇ ਆ ਕੇ ਮੈਨੂੰ ਮਿਲਣ ਇਨਸਾਫ ਲਾਜ਼ਮੀ ਦਿਵਾਇਆ ਜਾਵੇਗਾ।


Shyna

Content Editor

Related News