ਅਗਵਾ ਹੋਈ ਲੜਕੀ ਦੇ ਮਾਮਲੇ ''ਚ ਨਵਾਂ ਮੋੜ, ਵਿਆਹ ਕਰਨ ਲਈ ਬਣਾਇਆ ਸੀ ਪਲਾਨ

9/16/2019 10:07:28 AM

ਜਲੰਧਰ (ਜ.ਬ.)— ਬੈਂਕ ਐਨਕਲੇਵ ਤੋਂ ਦਾਦੀ ਨੂੰ ਮਿਲਣ ਨਿਕਲੀ 18 ਸਾਲਾ ਲੜਕੀ ਦੇ ਅਗਵਾ ਹੋਣ ਦੇ ਮਾਮਲੇ 'ਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਇਹ ਇਕ ਪਲਾਨਿੰਗ ਨਿਕਲੀ। ਮਾਮਲਾ ਪ੍ਰੇਮ ਸੰਬੰਧਾਂ ਦਾ ਹੈ। 5 ਮਹੀਨੇ ਪਹਿਲਾਂ ਇਸ ਲੜਕੀ ਦੀ ਤਰਨਤਾਰਨ ਦੇ ਪਿੰਡ ਕੋਹਾਰ ਦੇ ਵਾਸੀ ਨੌਜਵਾਨ ਨਾਲ ਦੋਸਤੀ ਹੋਈ ਸੀ। ਫਿਰ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਸੋਚਿਆ। ਲੜਕੀ ਘਰ ਵਾਲਿਆਂ ਨਾਲ ਗੱਲ ਕਰਨ ਦਾ ਹੌਸਲਾ ਨਾ ਕਰ ਸਕੀ, ਜਿਸ 'ਤੇ ਨੌਜਵਾਨ ਨੇ ਅਗਵਾ ਦੀ ਝੂਠੀ ਕਹਾਣੀ ਰਚ ਦਿੱਤੀ, ਜਦਕਿ ਲੜਕੀ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ। ਪੁਲਸ ਦੇ ਦਬਾਅ ਕਾਰਨ ਸ਼ਨੀਵਾਰ ਦੇਰ ਰਾਤ ਲੜਕੀ ਨੂੰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਲੰਧਰ ਪਹੁੰਚਾ ਦਿੱਤਾ ਸੀ।

ਇੰਝ ਰਚਿਆ ਸਾਰਾ ਡਰਾਮਾ
ਥਾਣਾ-7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਲੜਕੇ ਅਤੇ ਲੜਕੀ ਨੇ ਸ਼ੁੱਕਰਵਾਰ ਨੂੰ ਡਰਾਮਾ ਰਚਨ ਦਾ ਸੋਚਿਆ। ਸ਼ੁੱਕਰਵਾਰ ਦੀ ਦੁਪਹਿਰ ਲੜਕਾ ਟਰੇਨ ਜ਼ਰੀਏ ਜਲੰਧਰ ਪੁੱਜਾ, ਜਦਕਿ ਲੜਕੀ ਆਪਣੀ ਦਾਦੀ ਦੇ ਘਰ ਜਾਣ ਦਾ ਕਹਿ ਕੇ ਘਰੋਂ ਨਿਕਲੀ। ਇਸ ਤੋਂ ਪਹਿਲਾਂ ਲੜਕੇ ਨੇ ਅਗਵਾ ਦਾ ਝੂਠਾ ਵਟਸਐਪ ਮੈਸੇਜ ਕਰਨ ਲਈ ਨਵੀਂ ਸਿਮ ਖਰੀਦੀ ਸੀ। ਜਿਉਂ ਹੀ ਲੜਕੀ ਰੇਲਵੇ ਸਟੇਸ਼ਨ ਪੁੱਜੀ ਤਾਂ ਉਸ ਨੇ ਆਪਣੇ ਪਿਤਾ ਦੇ ਨੰਬਰ 'ਤੇ ਖੁਦ ਦੇ ਅਗਵਾ ਹੋਣ ਦਾ ਮੈਸੇਜ ਕਰ ਦਿੱਤਾ। ਲੜਕੀ ਨੂੰ ਪਤਾ ਸੀ ਕਿ ਪਿਤਾ ਡਿਊਟੀ ਆਫ ਕਰਨ ਤੋਂ ਬਾਅਦ ਹੀ ਮੋਬਾਇਲ ਆਨ ਕਰਦੇ ਹਨ ਅਤੇ ਉਦੋਂ ਤੱਕ ਉਹ ਤਰਨਤਾਰਨ ਪਹੁੰਚ ਜਾਣਗੇ।
ਤਰਨਤਾਰਨ ਪਹੁੰਚ ਕੇ ਲੜਕਾ ਉਸ ਨੂੰ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਹ ਵੀ ਵਿਆਹ ਲਈ ਮੰਨ ਗਏ। ਸ਼ੁੱਕਰਵਾਰ ਦੀ ਸ਼ਾਮ ਨੂੰ ਜਿਉਂ ਹੀ ਪੁਲਸ ਦੇ ਕੋਲ ਮਾਮਲਾ ਪੁੱਜਾ ਤਾਂ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਸ਼ਨੀਵਾਰ ਸਵੇਰੇ ਹੀ ਸਾਰੇ ਇਨਪੁਟ ਪੁਲਸ ਦੇ ਹੱਥ ਲੱਗ ਗਏ ਸਨ। ਪੁਲਸ ਨੇ ਲੜਕੀ ਦੀ ਕਾਲ ਡਿਟੇਲ ਤੋਂ ਮਿਲੇ ਲੜਕੇ ਦੇ ਨੰਬਰ ਦੀ ਸਾਰੀ ਡਿਟੇਲ ਕਢਵਾਉਣ ਤੋਂ ਬਾਅਦ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਇਹ ਅਗਵਾ ਦਾ ਮਾਮਲਾ ਨਹੀਂ ਹੋ ਸਕਦਾ।

ਪੁਲਸ ਨੇ ਲੜਕੇ ਨਾਲ ਫੋਨ 'ਤੇ ਵੀ ਸੰਪਰਕ ਕੀਤਾ ਸੀ ਪਰ ਉਸ 'ਤੇ ਜ਼ਿਆਦਾ ਦਬਾਅ ਇਸ ਲਈ ਨਹੀਂ ਪਾਇਆ ਕਿਉਂਕਿ ਪੁਲਸ ਨੂੰ ਡਰ ਸੀ ਕਿ ਉਹ ਲੜਕੀ ਨੂੰ ਲੈ ਕੇ ਕਿਸੇ ਬਾਹਰੀ ਸੂਬੇ 'ਚ ਨਾ ਚਲਾ ਜਾਵੇ। ਜਿਉਂ ਹੀ ਪੁਲਸ ਨੂੰ ਪਤਾ ਲੱਗਾ ਕਿ ਲੜਕੇ ਨੇ ਲੜਕੀ ਨੂੰ ਆਪਣੇ ਘਰ ਰੱਖਿਆ ਹੋਇਆ ਹੈ ਤਾਂ ਸ਼ਨੀਵਾਰ ਨੂੰ ਇਕ ਪੁਲਸ ਟੀਮ ਤਰਨਤਾਰਨ ਰਵਾਨਾ ਕਰ ਦਿੱਤੀ ਗਈ। ਉਧਰ ਲੜਕੇ ਦੇ ਪਰਿਵਾਰ ਨੂੰ ਜਦੋਂ ਪੁਲਸ ਕੇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਲੜਕੀ ਨੂੰ ਸਮਝਾ ਕੇ ਜਲੰਧਰ ਦੀ ਟਰੇਨ 'ਚ ਬਿਠਾ ਦਿੱਤਾ ਅਤੇ ਲੜਕੀ ਨੂੰ ਰਵਾਨਾ ਕਰਨ ਤੋਂ ਬਾਅਦ ਥਾਣਾ 7 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਟੀਮ ਲੜਕੀ ਦੇ ਪਰਿਵਾਰ ਨੂੰ ਨਾਲ ਲੈ ਕੇ ਸਟੇਸ਼ਨ 'ਤੇ ਪੁੱਜੀ ਅਤੇ ਲੜਕੀ ਨੂੰ ਥਾਣੇ ਲੈ ਆਈ ਅਤੇ ਪੁੱਛਗਿੱਛ ਕਰਕੇ ਲੜਕੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਇੰਸ. ਨਵੀਨ ਪਾਲ ਨੇ ਦੱਸਿਆ ਕਿ ਲੜਕੀ ਬਾਲਗ ਹੈ, ਇਸ ਲਈ ਪੁਲਸ ਸੋਮਵਾਰ ਨੂੰ ਲੜਕੀ ਦੇ ਬਿਆਨ ਲੈਣ ਤੋਂ ਬਾਅਦ ਹੀ ਐੱਫ. ਆਈ. ਆਰ. ਰੱਦ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri