ਭੇਦਭਰੇ ਹਾਲਾਤ 'ਚ ਲਾਪਤਾ ਬੱਚੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
Wednesday, Dec 04, 2019 - 04:45 PM (IST)

ਡੇਰਾ ਬਾਬਾ ਨਾਨਕ (ਵਤਨ) : ਬੀਤੇ ਦਿਨਾਂ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਅੱਜ ਪਿੰਡ ਸਿੰਘ ਪੁਰਾ 'ਚੋਂ ਹੀ ਬਰਾਮਦ ਕੀਤੀ ਗਈ ਹੈ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਦੱਸਣਯੋਗ ਹੈ ਕਿ ਇਹ ਲੜਕਾ ਰਾਜਾ ਮਸੀਹ (8) ਬੀਤੇ ਦਿਨੀਂ ਘਰ ਨਹੀਂ ਸੀ ਆਇਆ, ਜਿਸ ਤੋਂ ਬਾਅਦ ਉਸਦੇ ਪਿਤਾ ਜਤਿੰਦਰ ਮਸੀਹ ਨੇ ਆਪਣੇ ਲੜਕੇ ਦੇ ਲਾਪਤਾ ਹੋਣ ਸਬੰਧੀ ਨਜ਼ਦੀਕੀ ਪੁਲਸ ਸਟੇਸ਼ਨ ਧਰਮਕੋਟ ਰੰਧਾਵਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਸੀ।
ਅੱਜ ਸਵੇਰੇ ਬੱਚੇ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸੋਗ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਸਰੀਰ 'ਤੇ ਮਾਮੂਲੀ ਜਿਹੀਆਂ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਧਾਰਾ 302 ਅਧੀਨ ਕੇਸ ਦਰਜ ਕਰਕੇ ਅਣਪਛਾਤਿਆਂ ਖਿਲਾਫ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।