3 ਸਾਲ ਬੀਤਣ ਦੇ ਬਾਵਜੂਦ ਵੀ ਪ੍ਰਵਾਸੀ ਮਜਦੂਰ ਦੇ ਲਾਪਤਾ ਲੜਕੇ ਬਾਰੇ ਨਹੀਂ ਮਿਲਿਆ ਕੋਈ ਸੁਰਾਗ

Monday, Jul 24, 2017 - 06:10 PM (IST)

ਗੜ੍ਹਦੀਵਾਲਾ(ਜਤਿੰਦਰ)— ਨਜਦੀਕੀ ਪਿੰਡ ਅੰਬਾਲਾ ਜੱਟਾਂ ਵਿਖੇ ਝੁੱਗੀਆਂ 'ਚ ਰਹਿ ਰਹੇ ਇਕ ਪ੍ਰਵਾਸੀ ਮਜਦੂਰ ਯੋਗਰਾਜ ਪੁੱਤਰ ਖਿਆਲੀ ਰਾਮ ਦੇ 17 ਸਾਲਾ ਲੜਕੇ ਮੰਗੂ ਨੂੰ ਗੁੰਮ ਹੋਏ ਨੂੰ ਲਗਭਗ 3 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਬਾਰੇ ਕੋਈ ਪਤਾ ਨਾ ਲੱਗਣ ਕਾਰਨ ਪ੍ਰਵਾਸੀ ਮਜਦੂਰ ਅਤੇ ਉਸ ਦਾ ਸਾਰਾ ਪਰਿਵਾਰ ਭਾਰੀ ਪਰੇਸ਼ਾਨੀ ਦੇ ਆਲਮ ਵਿੱਚ ਹੈ। ਇਸ ਸਬੰਧੀ ਯੋਗਰਾਜ ਪੁੱਤਰ ਖਿਆਲੀ ਰਾਮ ਵਾਸੀ ਪਿੰਡ ਆਈਬਿਆ ਥਾਣਾ ਮੂਸਾਜਾਲ ਜ਼ਿਲਾ ਬੂੰਦਾਯੂ ਉੱਤਰ ਪ੍ਰਦੇਸ਼ ਹਾਲ ਵਾਸੀ ਅੰਬਾਲਾ ਜੱਟਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਨਵੰਬਰ 2014 ਨੂੰ ਜਦੋਂ ਅਸੀਂ ਕੰਢੀ ਖੇਤਰ ਦੇ ਪਿੰਡ ਖੰਗਵਾੜੀ ਵਿਖੇ ਕਿਸੇ ਕਿਸਾਨ ਦੇ ਖੇਤਾਂ ਵਿੱਚ ਮੂੰਗਫਲੀ ਦੀ ਫਸਲ ਪੁੱਟਣ ਲਈ ਗਏ ਹੋਏ ਸਨ ਤਾਂ ਖੇਤਾਂ ਵਿੱਚੋਂ ਹੀ ਉਸ ਦਾ ਲੜਕਾ ਮੰਗੂ, ਜਿਸ ਨੇ ਖਾਕੀ ਰੰਗ ਦੀ ਪੈਂਟ ਅਤੇ ਕਮੀਜ਼ ਪਾਈ ਹੋਈ ਸੀ ਲਾਪਤਾ ਹੋ ਗਿਆ। ਜਿਸ ਨੂੰ ਉਨ੍ਹਾਂ ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬਹੁਤ ਲੱਭਿਆ ਪਰ ਉਹ ਕਿੱਧਰੇ ਨਾ ਮਿਲਿਆ। 
ਉਨ੍ਹਾਂ ਨੇ ਇਸ ਸਬੰਧੀ ਥਾਣਾ ਗੜ੍ਹਦੀਵਾਲਾ ਵਿਖੇ ਰਿਪੋਰਟ ਵੀ ਦਰਜ ਕਰਵਾ ਦਿੱਤੀ ਸੀ ਪਰ 3 ਸਾਲ ਬੀਤ ਜਾਣ 'ਤੇ ਵੀ ਲੜਕੇ ਦਾ ਕੋਈ ਪਤਾ ਨਹੀਂ ਚੱਲਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਆਪਣੇ ਲੜਕੇ ਬਾਰੇ ਜਲਦੀ ਤੋਂ ਜਲਦੀ ਪਤਾ ਲਗਾਉਣ ਦੀ ਗੁਹਾਰ ਲਗਾਈ। ਮਾਮਲੇ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਏ. ਐਸ. ਆਈ. ਦਰਸ਼ਨ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਸ ਵਲੋਂ ਮੰਗੂ ਦੀ ਭਾਲ ਲਈ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਲੜਕੇ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਵੀ ਲਗਾ ਦਿੱਤੇ ਗਏ ਸਨ। ਪੁਲਸ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਪੂਰੀ ਤਰ੍ਹਾਂ ਵਚਨਵੱਧ ਹੈ।


Related News