ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼
Sunday, Jun 28, 2020 - 07:11 PM (IST)
ਰੂਪਨਗਰ (ਕੌਸ਼ਲ, ਸੱਜਣ ਸੈਣੀ)— ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਦਿਨ ਪਹਿਲਾਂ ਲਾਪਤਾ ਹੋਈਆਂ ਵੱਖ-ਵੱਖ 3 ਪਰਿਵਾਰਾਂ ਦੀਆਂ ਬੱਚੀਆਂ ਦੀਆਂ ਲਾਸ਼ਾਂ ਬੀਤੇ ਦਿਨ ਇਕ ਇੰਡੀਕਾ ਕਾਰ 'ਚੋਂ ਲਾਸ਼ਾਂ ਬਰਾਮਦ ਹੋਈਆਂ ਹਨ। ਮਰਨ ਵਾਲੀਆਂ ਲੜਕੀਆਂ ਦੀ ਉਮਰ ਸਿਰਫ 5-5 ਅਤੇ 3 ਸਾਲ ਦੀ ਹੈ ਅਤੇ ਇਹ ਪ੍ਰਵਾਸੀ ਪਰਿਵਾਰਾਂ ਦੀਆਂ ਬੱਚੀਆਂ ਸਨ। ਹਾਲਾਂਕਿ ਪੁਲਸ ਨੂੰ ਸ਼ੱਕ ਹੈ ਕਿ ਸ਼ਾਇਦ ਲੜਕੀਆਂ ਦੀ ਮੌਤ ਕਾਰ ਦੇ ਅੰਦਰ ਦਮ ਘੁੱਟਣ ਕਾਰਨ ਹੋਈ ਹੈ ਪਰ ਮੌਤ ਦਾ ਸਪੱਸ਼ਟ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ।
ਕਾਰ 'ਚੋਂ ਇਸ ਹਾਲ 'ਚ ਮਿਲੀਆਂ ਮਾਸੂਮ ਬੱਚੀਆਂ
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ. ਰਜਿੰਦਰ ਸਿੰਘ ਨੇ ਦੱਸਿਆ ਕਿ 26 ਜੂਨ ਨੂੰ ਸਥਾਨਕ ਭੂਰੜੇ ਰੋਡ 'ਚ ਬੀਤੇ ਦਿਨ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਬੱਚੀਆਂ ਘਰੋਂ ਮੁਹੱਲੇ 'ਚ ਹੀ ਖੇਡਣ ਗਈਆਂ ਸਨ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀਆਂ। ਮਾਪਿਆਂ ਅਤੇ ਮੁਹੱਲਾ ਵਾਸੀਆਂ ਨੇ ਲੱਭਣ ਦੀ ਬਹੁਤ ਕੋਸ਼ਿਸ ਕੀਤੀ ਪਰ ਉਹ ਕਿਤੇ ਨਹੀਂ ਮਿਲੀਆਂ। ਇਨ੍ਹਾਂ ਦੀ ਭਾਲ 'ਚ ਸਬੰਧਤ ਸੀ. ਸੀ. ਟੀ. ਵੀ. ਕੈਮਰੇ ਨੂੰ ਵੀ ਖੰਗਾਲਿਆ ਗਿਆ ਪਰ ਕੁਝ ਹੱਥ-ਪੱਲੇ ਨਹੀਂ ਪਿਆ ਤਾਂ ਉਨ੍ਹਾਂ ਥਾਣੇ 'ਚ ਵੀ ਰਿਪੋਰਟ ਦਰਜ ਕਰਵਾ ਦਿੱਤੀ।
ਆਖਿਰ ਸ਼ਨੀਵਾਰ ਬਾਅਦ ਦੁਪਿਹਰ ਇਨ੍ਹਾਂ ਬੱਚੀਆਂ ਨੂੰ ਪੁਲਸ ਨੇ ਜਦੋਂ ਲੱਭਦਿਆਂ ਇਨ੍ਹਾਂ ਦੇ ਖੇਡਣ ਵਾਲੀ ਜਗ੍ਹਾ ਨੇੜੇ ਖੜ੍ਹੀ ਲਾਲ ਰੰਗ ਦੀ ਟਾਟਾ ਇੰਡੀਕਾ ਵੱਲ ਧਿਆਨ ਦਿੱਤਾ ਤਾਂ ਕਾਰ ਦੇ ਆਲੇ ਦੁਆਲੇ ਮੱਖੀਆਂ ਭਿਣਕ ਰਹੀਆਂ ਸਨ ਅਤੇ ਗੰਦੀ ਮੁਸ਼ਕ ਆ ਰਹੀ ਜਦੋਂ ਜਾਂਚ 'ਚ ਜੁਟੀ ਪੁਲਸ ਨੇ ਜਾ ਕੇ ਕਾਰ ਦੇ ਕੋਲ ਵੇਖਿਆ ਤਾਂ ਸਭ ਦੇ ਹੋਸ਼ ਗਏ। ਕਾਰ ਦਾ ਇਕ ਦਰਵਾਜ਼ਾ ਖੁੱਲ੍ਹਾ ਸੀ ਅਤੇ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਪਈਆਂ ਸਨ। ਇਸ ਕਾਰ 'ਚ ਇਕ ਲਾਸ਼ ਅਗਲੀ ਸੀਟ 'ਤੇ ਪਈ ਨਜ਼ਰ ਆਈ ਜਦਕਿ 2 ਬੱਚੀਆਂ ਦੀਆਂ ਲਾਸ਼ਾਂ ਪਿਛਲੀ ਸੀਟ ਦੇ ਥੱਲੇ ਡਿੱਗੀਆਂ ਪਈਆਂ ਸਨ। ਉਕਤ ਕਾਰਤ ਗੁਆਂਢੀ ਭਗਤ ਰਾਮ ਦੀ ਸੀ।
ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇੰਝ ਹੀ ਪਤਾ ਲੱਗਦਾ ਹੈ ਕਿ ਇਨ੍ਹਾਂ ਬੱਚੀਆਂ ਨੇ ਕਹਿਰ ਦੀ ਗਰਮੀ 'ਚ ਗੱਡੀ ਚਾਰੇ ਪਾਸਿਆਂ ਤੋਂ ਅੰਦਰ ਤੋਂ ਬੰਦ ਕਰ ਲਈ ਅਤੇ ਦਮ ਘੁੱਟਣ ਨਾਲ ਇਨ੍ਹਾਂ ਦੀ ਮੌਤ ਹੋ ਗਈ ਜਾਪਦੀ ਹੈ। ਪੁਲਸ ਨੇ ਬੱਚੀਆਂ ਦੀਆਂ ਲਾਸ਼ਾਂ ਅਤੇ ਗੱਡੀ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹੋਈ ਬੱਚੀਆਂ ਦੀ ਪਛਾਣ
ਮ੍ਰਿਤਕ ਬੱਚਿਆਂ ਦੀ ਪਛਾਣ ਆਸ਼ਾ ਰਾਣੀ ਪੁੱਤਰੀ ਸੁਰੇਸ਼ ਸ਼ਾਹ ਉਮਰ 5 ਸਾਲ, ਦੂਜੀ ਗੁਰੀਆ ਪੁੱਤਰੀ ਰਵੀ ਸ਼ਾਹ, ਤੀਜੀ ਬੱਚੀ ਸਵੀਟੀ ਪੁੱਤਰੀ ਵਕੀਲ ਉਮਰ 3 ਸਾਲ ਵਜੋਂ ਹੋਈ। ਇਹ ਪ੍ਰਵਾਸੀ ਮਜ਼ਦੂਰ ਪਿਛਲੇ 3 ਸਾਲ ਤੋਂ ਇਸ ਮੁਹੱਲੇ 'ਚ ਰਹਿ ਰਹੇ ਸਨ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਸ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ ਲੜਕੀਆਂ ਦੀ ਮੌਤ ਸ਼ਹਿਰ ਦਮ ਘੁੱਟਣ ਦੇ ਨਾਲ ਹੋਈ ਹੈ ਪਰ ਫਿਰ ਵੀ ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਸਪੱਸ਼ਟ ਕਾਰਨ ਪੋਸਟਮਾਰਟਮ ਦੇ ਬਾਅਦ ਹੀ ਸਾਹਮਣੇ ਆਉਣਗੇ। ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਨੂੰ ਰੂਪਨਗਰ ਦੇ ਮੁਰਦਾ ਘਰ ਵਿਖੇ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਬੱਚੀਆਂ ਦੀਆਂ ਲਾਸ਼ਾਂ ਘਰ ਦੇ ਨਾਲ ਖੜ੍ਹੀ ਕਾਰ 'ਚੋਂ ਮਿਲਣਾ, ਕਾਰ ਦਾ ਦਰਵਾਜ਼ਾ ਖੁੱਲ੍ਹਾ ਹੋਣਾ ਮੌਤ ਦੇ ਕਾਰਨ ਅਤੇ ਕਈ ਸੁਆਲ ਖੜ੍ਹੇ ਕਰ ਰਹੇ ਹਨ। ਲੜਕੀਆਂ ਦੀ ਮੌਤ ਜੇਕਰ ਕਾਰ 'ਚ ਦਮ ਘੁੱਟਣ ਕਾਰਨ ਹੋਈ ਹੈ ਤਾਂ ਦਰਵਾਜ਼ਾ ਖੁੱਲ੍ਹਾ ਹੋਣ ਦੇ ਬਾਵਜੂਦ ਉਹ ਬਾਹਰ ਕਿਉਂ ਨਹੀਂ ਨਿਕਲੀਆਂ ਇਹ ਕਈ ਵੱਡੇ ਸਵਾਲ ਕਤਲ ਵੱਲ ਇਸ਼ਾਰਾ ਕਰਦੇ ਹਨ।
ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣ ਤੱਕ ਲੜਕੀਆਂ ਦੀ ਮੌਤ ਦਾ ਕਾਰਨ ਰਹੱਸਮਈ ਬਣਿਆ ਹੋਇਆ ਹੈ। ਹੁਣ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਬਾਅਦ ਹੀ ਸਾਫ ਹੋਵੇਗਾ ਕਿ ਲੜਕੀਆਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ ਜਾਂ ਲੜਕੀਆਂ ਦਾ ਕਤਲ ਕੀਤਾ ਗਿਆ ਹੈ।