15 ਸਾਲਾ ਲਾਪਤਾ ਬੱਚੇ ਦੀ ਮਿਲੀ ਲਾਸ਼
Friday, Aug 30, 2019 - 06:07 PM (IST)
ਗਿੱਦਡ਼ਬਾਹਾ (ਸੰਧਿਆ ਜਿੰਦਲ)– ਭਾਰੂ ਰੋਡ ’ਤੇ ਸਥਿਤ ਦਾਣਾ ਮੰਡੀ ਵਿਚ ਰਹਿੰਦੇ ਬਿਹਾਰ ਤੋਂ ਆਏ ਪਰਵਾਸੀ ਮਜਦੂਰ ਦਾ ਬੇਟਾ 29 ਅਗਸਤ ਦੀ ਸ਼ਾਮ ਕਰੀਬ 7 ਵਜੇ ਗਾਇਬ ਹੋਇਆ ਅਤੇ ਰਾਤ ਦੇ ਕਰੀਬ 11.15 ਵਜੇ ਉਸਦੀ ਲਾਸ਼ ਮਿਲਣ ਨਾਲ ਜਿੱਥੇ ਖੇਤਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਉਥੇ ਹੀ ਉਕਤ ਬੱਚੇ ਦੇ ਗਾਇਬ ਹੋਣ ਅਤੇ ਮ੍ਰਿਤ ਪਾਏ ਜਾਣਾ ਇਕ ਪਹੇਲੀ ਬਣ ਕੇ ਰਹਿ ਗਿਆ ਹੈ। ਮ੍ਰਿਤਕ ਗੁਰਚਰਨ ਕੁਮਾਰ (15) ਪੁੱਤਰ ਸ਼ਿਵ ਨਾਰਾਇਣ ਦੇ ਪਿਤਾ ਨੇ ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 29 ਅਗਸਤ ਦੀ ਸ਼ਾਮ ਨੂੰ ਦਾਣਾ ਮੰਡੀ ਵਿਚ ਦੋ ਕਾਰਾਂ ਸ਼ੈਡ ਹੇਠਾਂ ਖਡ਼ੀਆਂ ਸਨ, ਉਸਦਾ ਬੇਟਾ 7 ਵਜੇ ਸ਼ਾਮ ਨੂੰ ਖੇਡਦਾ ਖੇਡਦਾ ਉਕਤ ਕਾਰ ਵਾਲੇ ਪਾਸੇ ਉਨ੍ਹਾਂ ਨੇ ਜਾਂਦਾ ਵੇਖਿਆ ਪਰ ਧਿਆਨ ਨਹੀਂ ਦਿੱਤਾ। ਕਾਰ ਚਾਲਕ ਵੀ ਕਾਰ ਲੈ ਕੇ ਚਲੇ ਗਏ ਸਨ। 9 ਵਜੇ ਰਾਤ ਤੱਕ ਬੇਟੇ ਦਾ ਪਤਾ ਨਾ ਲੱਗਣ ਤੇ ਉਹਨਾਂ ਨੇ ਪਾਸ ਹੀ ਸਥਿਤ ਗੁਰਦੁਆਰਾ ਸਾਹਿਬ ਤੋਂ ਹੋਕਾ ਦੁਵਾ ਦਿੱਤਾ ਤਾਂ ਸਾਰੇ ਪਾਸੇ ਭਾਲ ਕੀਤੀ ਗਈ। ਚੱਪਾ-ਚੱਪਾ ਦਾਣਾ ਮੰਡੀ ਦਾ ਛਾਣ ਮਾਰਿਆ ਗਿਆ। ਅੰਤ ਸਮਾਜ ਸੇਵੀ ਪਵਨ ਬਾਂਸਲ ਨਾਲ ਗੱਲ ਕਰਨ ਤੇ ਉਹਨਾਂ ਨੇ ਪੁਲਸ ਸਟੇਸ਼ਨ ਲਾਪਤਾ ਬੇਟੇ ਦੀ ਸ਼ਿਕਾਇਤ ਦਰਜ ਕਰਵਾਈ। ਪੀ.ਸੀ.ਆਰ ਦੇ ਪੁਲਸ ਮੁਲਾਜ਼ਮਾਂ ਨੇ ਹਰਕਤ ’ਚ ਆਉਂਦਿਆਂ ਜਦੋਂ ਦਾਣਾ ਮੰਡੀ ’ਚ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਬੇਟਾ ਮ੍ਰਿਤਕ ਅਵਸਥਾ ’ਚ ਪਿਆ ਮਿਲਿਆ।
ਕੀ ਕਹਿੰਦੇ ਡਾ. ਅੰਕੁਸ਼
ਐਮਰਜੈਂਸੀ ’ਚ ਮੌਜੂਦ ਮੈਡੀਕਲ ਅਫਸਰ ਡਾ. ਅੰਕੁਸ਼ ਅਤੇ ਡਾ. ਦੀਪਕ ਰਾਇ ਨੇ ਮ੍ਰਿਤਕ ਬੱਚੇ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਦੱਸਿਆ ਕਿ ਗੁਰਚਰਨ ਕੁਮਾਰ ਦੇ ਵਿਸਰਾ ਦੀ ਜਾਂਚ ਲਈ ਭੇਜ ਰਹੇ ਹਨ, ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣਾਂ ਦਾ ਪਤਾ ਲੱਗੇਗਾ।
ਕੀ ਕਿਹਾ ਏ.ਐਸ.ਆਈ ਇਕਬਾਲ ਸਿੰਘ ਨੇ
ਏ.ਐਸ.ਆਈ ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ।