ਮਿਸ ਵਰਲਡ ਪੰਜਾਬਣ 2017 ਦੇ ਟਰਾਇਲ ਮੌਕੇ ਪੰਜਾਬੀ ਮੁਟਿਆਰਾਂ ਨੇ ਪਾਈਆਂ ਧਮਾਲਾਂ

09/24/2017 7:25:03 AM

ਚੰਡੀਗੜ੍ਹ - ਇਸ ਵਰ੍ਹੇ ਸੱਭਿਆਚਾਰਕ ਸੱਥ ਪੰਜਾਬ ਵਲੋਂ ਸੁੱਖੀ ਨਿੱਝਰ, ਸੀ. ਈ. ਓ. ਵਤਨੋਂ ਦੂਰ ਨੈੱਟਵਰਕ, ਕੈਨੇਡਾ ਦੇ ਸਹਿਯੋਗ ਨਾਲ ਪਹਿਲੀ ਵਾਰ ਇਹ ਮਿਸ ਵਰਲਡ ਪੰਜਾਬਣ ਮੁਕਾਬਲਾ 11 ਨਵੰਬਰ, 2017 ਨੂੰ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੇ ਬਾਨੀ ਸ. ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਪਟਿਆਲਾ, ਮੋਹਾਲੀ, ਰੋਪੜ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਰੀਬ 3 ਦਰਜਨ ਮੁਟਿਆਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਮਸ਼ਹੂਰ ਪੰਜਾਬੀ ਗਾਇਕਾਂ ਦੇ ਗਾਏ ਗੀਤਾਂ 'ਤੇ ਖੂਬਸੂਰਤ ਲੋਕ ਨਾਚ ਪੇਸ਼ ਕੀਤੇ। ਟੇਲੈਂਟ ਰਾਊਂਡ ਵਿਚ ਗਾਇਕੀ, ਮੋਨੋ ਐਕਟਿੰਗ, ਮਿਮਿਕਾਰੀ ਆਦਿ ਪੇਸ਼ ਕੀਤੀ ਗਈ। ਪ੍ਰਤੀਯੋਗੀਆਂ ਨੇ ਇਸ ਮੌਕੇ ਚੋਣ  ਜਿਊਰੀ ਵਲੋਂ ਦਿੱਤੇ ਸਵਾਲਾਂ ਦਾ ਲਿਖਤੀ ਟੈਸਟ ਵੀ ਦਿੱਤਾ। ਇਸ ਉਪਰੰਤ ਪ੍ਰਤੀਯੋਗੀਆਂ ਦਾ ਗਰੁੱਪ ਡਾਂਸ ਵੀ ਕਰਵਾਇਆ ਗਿਆ ਅਤੇ ਚੋਣਵੇਂ ਪ੍ਰਤੀਯੋਗੀਆਂ ਪਾਸੋਂ ਸੱਭਿਆਚਾਰ ਤੇ ਵਿਰਸੇ ਨਾਲ ਸੰਬੰਧਤ ਸਵਾਲ ਵੀ ਪੁੱਛੇ ਗਏ।
ਜੇਤੂ ਰਹੀਆਂ ਮੁਟਿਆਰਾਂ ਵਿਚੋਂ ਮਿਸ ਅੰਮ੍ਰਿਤਸਰ ਮਨਪ੍ਰੀਤ ਕੌਰ ਜਵੰਦਾ, ਰਨਰ ਅੱਪ ਗੁਰਵੀਨ ਕੌਰ, ਮਿਸ ਗੁਰਦਾਸਪੁਰ ਸਿਮਰਨਜੀਤ ਕੌਰ, ਰਨਰ ਅੱਪ ਅਪਿੰਦਰ ਕੌਰ, ਮਿਸ ਜਲੰਧਰ ਪ੍ਰਦੀਪ ਕੌਰ, ਰਨਰ ਅੱਪ ਬਰੁਨ ਕੌਰ ਮਾਨ ਤੇ ਮਿਲਨਦੀਪ ਕੌਰ, ਦੂਜੀ ਰਨਰ ਅਪ ਬਿਮਲਪ੍ਰੀਤ ਕੌਰ, ਮਿਸ ਹੁਸ਼ਿਆਰਪੁਰ ਗੁਰਪ੍ਰੀਤ ਕੌਰ ਅਤੇ ਮਿਸ ਕਪੂਰਥਲਾ ਹਰਮਨਪ੍ਰੀਤ ਕੌਰ, ਰਨਰ ਅੱਪ ਗੁਰਸਿਮਰਨਪ੍ਰੀਤ ਕੌਰ ਨੇ ਹਾਸਿਲ ਕੀਤਾ। ਅੱਜ ਇਥੇ ਹੋਏ ਮੁਕਾਬਲਿਆਂ ਵਿਚ ਜੇਤੂ ਰਹੀਆਂ ਮੁਟਿਆਰਾਂ ਸਟੇਟ ਤੇ ਵਿਸ਼ਵ ਪੰਜਾਬਣ ਮੁਕਾਬਲੇ ਤੇ ਸੈਮੀ ਫਾਈਨਲ ਮੁਕਾਬਲੇ ਵਿਚ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚੋਂ ਜਿੱਤ ਕੇ ਆਈਆਂ ਮੁਟਿਆਰਾਂ ਨਾਲ ਸ਼ਿਰਕਤ ਕਰਨਗੀਆਂ।
ਇਨ੍ਹਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਮੈਡਮ ਮਿਸੇਜ਼ ਪੰਜਾਬ 2017  ਗੁਰਪ੍ਰੀਤ ਕੌਰ, ਗੁਰਪਾਲ ਕੌਰ, ਮੈਡਮ ਹਰਦੀਪ ਕੌਰ ਕਲਸੀ ਅਤੇ ਹਰਪ੍ਰੀਤ ਜੌਹਲ (ਸਾਬਕਾ ਮਿਸ ਵਰਲਡ ਪੰਜਾਬਣ) ਨੇ ਨਿਭਾਈ। ਜੇਤੂ ਪੰਜਾਬਣਾਂ ਨੂੰ ਇਨਾਮ ਦੇਣ ਦੀ ਰਸਮ ਪ੍ਰਿੰਸੀਪਲ ਪ੍ਰੋ. ਡਾ. ਆਤਿਮਾ ਸ਼ਰਮਾ ਦਿਵੇਦੀ, ਸੱਭਿਆਚਾਰਕ ਸੱਥ ਪੰਜਾਬ ਦੇ ਸਰਪ੍ਰਸਤ ਅਤੇ ਸਾਬਕਾ ਐੱਸ. ਪੀ. ਸ. ਭਗਵੰਤ ਸਿੰਘ ਪੰਧੇਰ ਨੇ ਅਦਾ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕੰਨਿਆ ਮਹਾ-ਵਿਦਿਆਲਿਆ ਦੀ ਪ੍ਰਿੰਸੀਪਲ ਪ੍ਰੋ. ਡਾ. ਆਤਿਮਾ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਨਾਲ ਕੀਤੀ ਤੇ ਕਿਹਾ ਕਿ ਮੁਟਿਆਰਾਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਸੱਭਿਆਚਾਰਕ ਸੱਥ ਦਾ ਇਹ ਉੱਦਮ ਬਹੁਤ ਸ਼ਲਾਘਾਯੋਗ ਹੈ। ਕੰਨਿਆ ਮਹਾਵਿਦਿਆਲਿਆ ਤੋਂ ਪ੍ਰੋਗਰਾਮ ਦੇ ਕੋ-ਆਰਡੀਨੇਟਰ ਬੀਬਾ ਜਸਨੀਤ ਕੌਰ ਮਠਾੜੂ ਉਚੇਚੇ ਤੌਰ 'ਤੇ ਹਾਜ਼ਰ ਹੋਏ। ਉਨ੍ਹਾਂ ਨੇ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਕਿਹਾ, ਜਦੋਂ ਕਿ ਪ੍ਰੋਗਰਾਮ ਦੇ ਆਖਿਰ ਵਿਚ ਸੱਥ ਦੇ ਜਨਰਲ ਸਕੱਤਰ ਸ. ਕਰਮਜੀਤ ਸਿੰਘ ਨੇ ਦਰਸ਼ਕਾਂ, ਪ੍ਰਤੀਯੋਗੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਕੰਨਿਆ ਮਹਾਵਿਦਿਆਲਿਆ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।


Related News