ਨਾਬਾਲਗ ਮੁੰਡੇ ਨਾਲ ਬਦਫ਼ੈਲੀ ਕਰਨ ’ਤੇ 20 ਸਾਲ ਦੀ ਕੈਦ
Friday, Nov 11, 2022 - 01:25 PM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਪਿੰਡ ਖਾਨਪੁਰ ਲੁਧਿਆਣਾ ਨਿਵਾਸੀ ਹਰਪਾਲ ਸਿੰਘ ਨੂੰ 9 ਸਾਲ ਦੀ ਉਮਰ ਦੇ ਨਾਬਾਲਗ ਮੁੰਡੇ ਨਾਲ ਬਦਫ਼ੈਲੀ ਕਰਨ ਦੇ ਦੋਸ਼ ’ਚ ਮੁਲਜ਼ਮ ਠਹਿਰਾਇਆ ਹੈ। ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਮੁਲਜ਼ਮ ਨੂੰ ਇਸ ਤਰ੍ਹਾਂ ਦਾ ਅਪਰਾਧ ਕਰਨ ’ਤੇ 1,10000 ਰੁਪਏ ਦਾ ਜੁਰਮਾਨਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। ਬਰਾਮਦ ਜੁਰਮਾਨੇ ਦੀ ਰਾਸ਼ੀ ’ਚੋਂ ਪੀੜਤ ਨੂੰ ਮੁਆਵਜ਼ੇ ਦੇ ਰੂਪ ’ਚ ਇਕ ਲੱਖ ਦਾ ਭੁਗਤਾਨ ਕੀਤਾ ਜਾਵੇਗਾ। ਜ਼ਿਲ੍ਹਾ ਅਟਾਰਨੀ ਪੁਨੀਤ ਜੱਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਮੁੰਡੇ ਦੀ ਮਾਂ ਦੇ ਬਿਆਨ ਤੋਂ ਬਾਅਦ 4 ਜੂਨ 2021 ਨੂੰ ਡੇਹਲੋਂ ਥਾਣੇ ’ਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਘਰ ਦੇ ਕੰਮਾਂ ’ਚ ਰੁੱਝੇ ਹੋਏ ਸਨ। ਉਸ ਦਾ ਪੁੱਤਰ ਇਕ ਕਮਰੇ ਵਿਚ ਸੀ। ਕਾਫੀ ਦੇਰ ਤੱਕ ਜਦ ਉਸ ਦਾ ਪੁੱਤਰ ਕਮਰੇ ’ਚੋਂ ਬਾਹਰ ਨਾ ਆਇਆ ਤਾਂ ਉਸ ਨੇ ਉਸ ਨੂੰ ਤੇਜ਼ ਆਵਾਜ਼ ’ਚ ਬੁਲਾਇਆ। ਪੁੱਤਰ ਕਮਰੇ ’ਚੋਂ ਬਾਹਰ ਆਇਆ ਅਤੇ ਬਹੁਤ ਡਰਿਆ ਹੋਇਆ ਸੀ। ਪੁੱਛਣ ’ਤੇ ਉਸ ਨੇ ਮੁਲਜ਼ਮ ਵੱਲੋਂ ਕੀਤੇ ਗਏ ਅਪਰਾਧ ਦਾ ਖ਼ੁਲਾਸਾ ਕੀਤਾ, ਜੋ ਉੱਥੇ ਮੌਜੂਦ ਸੀ। ਉਸ ਨੂੰ ਦੇਖਦੇ ਹੀ ਮੁਲਜ਼ਮ ਫ਼ਰਾਰ ਹੋ ਗਿਆ। ਪੀੜਤ ਮੁੰਡੇ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।