ਦਿਨ ''ਚ 3 ਵਾਰ ਹੋ ਰਹੇ ਨੇ ਮਾਸੂਮ ਗਰਭਵਤੀ ਦੇ ਅਲਟਰਾ ਸਾਊਂਡ, ਇਲਾਜ ਤੋਂ ਮਨ੍ਹਾ ਕਰਨ ਵਾਲੀ ਡਾਕਟਰ ਵੀ ਫਸੀ
Monday, Aug 14, 2017 - 11:20 AM (IST)
ਚੰਡੀਗੜ੍ਹ : ਇੱਥੇ ਕਲਯੁਗੀ ਮਾਮੇ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਾਅਦ ਗਰਭਵਤੀ ਹੋਈ 10 ਸਾਲਾ ਮਾਸੂਮ ਬੱਚੀ ਦੀ ਸੁਰੱਖਿਅਤ ਡਲਿਵਰੀ ਕਰਾਉਣ ਲਈ ਡਾਕਟਰਾਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਡੀ. ਐੱਮ. ਸੀ. ਐੱਚ. ਦੇ ਡਾਕਟਰਾਂ ਦਾ ਮੰਨਣਾ ਹੈ ਕਿ ਬੱਚੀ ਦੀ ਡਲਿਵਰੀ ਕਦੇ ਵੀ ਕਰਵਾਈ ਜਾ ਸਕਦੀ ਹੈ। ਐਤਵਾਰ ਨੂੰ ਪੀ. ਜੀ. ਆਈ. ਦੇ ਡਾਕਟਰਾਂ ਨੇ ਬੱਚੀ ਦਾ ਚੈੱਕਅਪ ਕੀਤਾ। ਬੱਚੀ ਦੀ ਡਲਿਵਰੀ ਕਰਵਾਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ 'ਤੇ ਸੀਜੇਰੀਅਨ ਨਹੀਂ ਕੀਤਾ ਜਾਵੇਗਾ। ਸਾਰੇ ਡਾਕਟਰ ਇਸ ਗੱਲ 'ਤੇ ਸਹਿਮਤ ਹਨ ਕਿ ਸੀਜੇਰੀਅਨ ਸਿਰਫ ਉਸ ਸਮੇਂ ਕੀਤਾ ਜਾਵੇਗਾ, ਜਦੋਂ ਬੱਚੀ ਦੀ ਸਿਹਤ ਪੂਰੀ ਤਰ੍ਹਾਂ ਨਾਲ ਸੀਜੇਰੀਅਨ ਲਈ ਸਹੀ ਹੋਵੇਗੀ। ਬੱਚੀ ਦੀ ਕੰਡੀਸ਼ਨ ਦਾ ਪਤਾ ਲਾਉਣ ਲਈ ਬਲੱਡ ਪ੍ਰੈਸ਼ਰ, ਹਾਰਟ ਬੀਟ ਤੋਂ ਲੈ ਕੇ ਗਰਭ 'ਚ ਪਲ ਰਹੇ ਬੱਚੇ ਦੀ ਮੂਵਮੈਂਟ ਅਤੇ ਉਸ ਦੀ ਹਾਰਟ ਬੀਟ ਵੀ ਚੈੱਕ ਕੀਤੀ ਜਾ ਰਹੀ ਹੈ। ਐਤਵਾਰ ਨੂੰ ਜੀ. ਐੱਮ. ਸੀ. ਐੱਚ. ਦੇ ਪੈਨਲ ਦੇ ਡਾਕਟਰਾਂ ਨੇ 4 ਵਾਰ ਬੱਚੀ ਦਾ ਚੈੱਕਅਪ ਕੀਤਾ। ਬੱਚੀ ਦੇ ਰੋਜ਼ਾਨਾ 3 ਵਾਰ ਅਲਟਰਾ ਸਾਊਂਡ ਵੀ ਕੀਤੇ ਜਾ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੀ ਲਗਾਤਾਰ ਹਸਪਤਾਲ ਤੋਂ ਬੱਚੀ ਦੀ ਸਿਹਤ ਦੀ ਜਾਣਕਾਰੀ ਲੈ ਰਿਹਾ ਹੈ। ਦੂਜੇ ਪਾਸੇ ਇਸ ਬੱਚੀ ਦੀ ਸਿਹਤ ਦੀ ਜਾਂਚ ਲਈ ਬਣੀ 11 ਡਾਕਟਰਾਂ ਦੀ ਕਮੇਟੀ ਨੂੰ ਛੱਡਣ ਵਾਲੀ ਡਾ. ਅਲਕਾ ਤੋਂ ਵੀ ਜਵਾਬ ਮੰਗਿਆ ਗਿਆ ਹੈ।
