ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਪਿਓ-ਪੁੱਤ ਨੂੰ ਅਦਾਲਤ ਨੇ ਸੁਣਾਈ ਸਜ਼ਾ
Saturday, Feb 15, 2025 - 01:55 PM (IST)

ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ 16 ਸਾਲਾ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ 2 ਸਾਲ ਪਹਿਲਾਂ ਥਾਣਾ ਅਜੀਤਵਾਲ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਪਿਤਾ ਅਤੇ ਪੁੱਤਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਜਬਰ-ਜ਼ਨਾਹ ਦੇ ਜ਼ਿੰਮੇਵਾਰ ਪੁੱਤਰ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਇਸ ਗਲਤ ਕੰਮ ਵਿਚ ਉਸਦੀ ਮਦਦ ਕਰਨ ਵਾਲੇ ਉਸਦੇ ਪਿਤਾ ਨੂੰ ਵੀ 5 ਸਾਲ ਦੀ ਸਜ਼ਾ ਸੁਣਾਈ ਹੈ।
ਮਾਣਯੋਗ ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ ਨਿਰਧਾਰਤ ਕੀਤਾ ਗਿਆ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਮਾਮਲੇ ਵਿਚ ਪੀੜਤ ਪੱਖ ਵੱਲੋਂ ਆਪਣੇ ਵਕੀਲ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਬਰਾੜ ਰਾਹੀਂ ਅਦਾਲਤ ਵਿਚ ਆਪਣਾ ਪੱਖ ਪੇਸ਼ ਕੀਤਾ ਸੀ। ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਨਾਲ-ਨਾਲ ਪੀੜਤ ਪੱਖ ਦੇ ਵਕੀਲ ਐਡਵੋਕੇਟ ਗਗਨਦੀਪ ਸਿੰਘ ਬਰਾੜ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਆਪਣਾ ਫੈਸਲਾ ਸੁਣਾਇਆ ਹੈ।