ਮਾਮੂਲੀ ਤਕਰਾਰ ਤੋਂ ਬਾਅਦ ਸਾਬਕਾ ਫੌਜੀ ਨੇ ਚਲਾਈ ਗੋਲੀ, 1 ਜ਼ਖ਼ਮੀ
Thursday, Aug 02, 2018 - 04:34 AM (IST)

ਬਟਾਲਾ, (ਸੈਂਡੀ)- ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਸਰਵਾਲੀ ਵਿਖੇ ਜਿਮ ਦੇ ਸਾਮਾਨ ਬਾਰੇ ਦੋ ਧਿਰਾਂ ਵਿਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਇਕ ਸਾਬਕਾ ਫੌਜੀ ਵੱਲੋਂ ਆਪਣੀ ਰਾਈਫਲ ਨਾਲ ਫਾੲਿਰਿੰਗ ਕੀਤੀ ਗਈ, ਜਿਸ ਨਾਲ ਇਕ ਵਿਅਕਤੀ ਨੂੰ ਗੋਲੀ ਦੇ ਛਰੇ ਲੱਗਣ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਸਿਵਲ ਹਸਪਤਾਲ ਜ਼ਖ਼ਮੀ ਗੁਰਵੰਤ ਸਿੰਘ ਦੇ ਪਿਤਾ ਇੰਦਰ ਸਿੰਘ ਨੇ ਪਿੰਡ ਵਾਸੀ ਹਰਵੰਤ ਸਿੰਘ, ਸੁਖਜੀਤ ਸਿੰਘ, ਗੁਰਜੀਤ ਸਿੰਘ, ਅਜੇਪਾਲ ਸਿੰਘ, ਮੁਖਵੰਤ ਸਿੰਘ, ਗੁਰਦੀਸ਼ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਸ਼ਰਨਜੀਤ ਕੌਰ ਆਦਿ ਦੀ ਹਾਜ਼ਰੀ ’ਚ ਕਥਿਤ ਤੌਰ ਤੇ ਦੱਸਿਆ ਕਿ ਪਿੰਡ ਦੇ ਜਿਮ ਦੇ ਸਾਮਾਨ ਬਾਰੇ ਪਿੰਡ ਦੇ ਹੀ ਸਾਬਕਾ ਫੌਜੀ ਗੁਰਵਿੰਦਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ ਤੇ ਬੀਤੇ ਮੰਗਲਵਾਰ ਦੇਰ ਸ਼ਾਮ ਨੂੰ ਗੁਰਵਿੰਦਰ ਸਿੰਘ ਤੇ ਉਸ ਨਾਲ 15-20 ਹੋਰ ਅਣਪਛਾਤੇ ਵਿਅਕਤੀ, ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ ਨੇ ਸਾਡੀ ਗਲੀ ’ਚ ਆ ਕੇ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤਾ ਅਤੇ ਲਲਕਾਰੇ ਮਾਰਨ ਲੱਗਾ ਤੇ ਫਿਰ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਰਾਈਫਲ ਨਾਲ ਫਾਇਰ ਕਰ ਦਿੱਤੇ, ਜਿਸ ਦੇ ਖੋਲ ਵੀ ਸਾਡੇ ਕੋਲ ਮੌਜੂਦ ਹਨ ਤੇ ਇਕ ਗੋਲੀ ਦੇ ਛਰ੍ਹੇ ਮੇਰੇ ਲਡ਼ਕੇ ਗੁਰਵੰਤ ਸਿੰਘ ਦੀ ਲੱਤ ’ਤੇ ਲੱਗੇ, ਜਿਸ ’ਤੇ ਉਹ ਜ਼ਖ਼ਮੀ ਹੋ ਗਿਆ। ਗੋਲੀ ਚਲਾਉਣ ਤੋਂ ਬਾਅਦ ਉਕਤ ਵਿਅਕਤੀ ਦੇ ਸਾਥੀਆਂ ਵੱਲੋਂ ਇੱਟਾਂ ਰੋਡ਼ੇ ਵੀ ਚਲਾਏ ਗਏ, ਜੋ ਕਈ ਲੋਕਾਂ ਨੂੰ ਲੱਗੇ।
ਉਸ ਨੇ ਦੱਸਿਆ ਕਿ ਅਸੀਂ ਤੁਰੰਤ ਆਪਣੇ ਲਡ਼ਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੂੰ ਸੂਚਿਤ ਕੀਤਾ।
ਸਾਬਕਾ ਫੌਜੀ ਨੇ ਲਾਏ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧੀ ਜਦ ਸਾਬਕਾ ਫੌਜੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਪਿੰਡ ਵਿਚ ਸਰਕਾਰੀ ਜਿਮ ਦਾ ਸਾਮਾਨ ਇੰਦਰ ਸਿੰਘ ਦੀ ਜਗ੍ਹਾ ’ਚ ਪਿਆ ਸੀ, ਜਿਸ ਨੂੰ ਉਹ ਕਿਸੇ ਸਾਂਝੀ ਜਗ੍ਹਾ ’ਤੇ ਰੱਖਣ ਲਈ ਕਹਿੰਦੇ-ਰਹਿੰਦੇ ਸਨ ਤੇ ਜਿਸ ਸਬੰਧੀ ਉਨ੍ਹਾਂ ਵਲੋਂ ਇਕ ਦਿਨ ਪਹਿਲਾਂ ਥਾਣਾ ਕਿਲਾ ਲਾਲ ਸਿੰਘ ਵਿਖੇ ਵੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਰੰਜਿਸ਼ ਨੂੰ ਲੈ ਕੇ ਕਲ ਸ਼ਾਮ ਜਦ ਉਹ ਆਪਣੇ ਕੁਝ ਸਾਥੀਆਂ ਨਾਲ ਪਿੰਡ ਵਿਚ ਸਨ ਤਾਂ ਗੁਰਵੰਤ ਸਿੰਘ ਤੇ ਹਰ ਸਾਥੀਆਂ ਵਲੋਂ ਸਾਡੇ ਤੇ ਇੱਟਾਂ ਨਾਲ ਹਮਲਾ ਕੀਤਾ ਗਿਆ, ਜਿਸ ਤੇ ਮੇਰੇ ਸਿਰ ’ਤੇ ਕਾਫ਼ੀ ਸੱਟ ਵੀ ਲੱਗੀ। ਉਨ੍ਹਾਂ ਗੋਲੀ ਚਲਾਉਣ ਦੀ ਘਟਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਮੈਂ ਕੋਈ ਗੋਲੀ ਨਹੀਂ ਚਲਾਈ, ਦੂਸਰੀ ਧਿਰ ਮੇਰੇ ’ਤੇ ਗਲਤ ਇਲਜ਼ਾਮ ਲਾ ਰਹੀ ਹੈ।
ਅਸੀਂ ਮਾਮਲੇ ਦੀ ਛਾਣਬੀਣ ਕਰ ਰਹੇ ਹਾਂ : ਥਾਣਾ ਮੁਖੀ
ਥਾਣਾ ਮੁਖੀ ਅਮੋਲਕਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਕਤ ਮਾਮਲੇ ਦੀ ਸੂਚਨਾ ਮਿਲਣ ’ਤੇ ਅਸੀਂ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਉਥੇ ਸਾਨੂੰ ਗੋਲੀ ਚੱਲਣ ’ਤੇ ਕੋਈ ਨਿਸ਼ਾਨ ਨਹੀਂ ਮਿਲੇ ਪਰ ਜ਼ਖ਼ਮੀ ਗੁਰਵੰਤ ਦੇ ਪਰਿਵਾਰਕ ਮੈਂਬਰਾਂ ਨੇ ਗੋਲੀ ਚੱਲਣ ਦੇ ਖੋਲ ਸਾਨੂੰ ਦਿਖਾਏ ਹਨ ਪਰ ਫਿਰ ਅਸੀਂ ਸਾਰੇ ਮਾਮਲੇ ਦੀ ਛਾਣਬੀਣ ਕਰ ਰਹੇ ਹਾਂ, ਜੋ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।