ਪਿਓ ਨੇ ਨਾਬਾਲਿਗ ਧੀ ਦਾ ਕੀਤਾ ਕਤਲ, ਛੱਪੜ ''ਚ ਸੁੱਟੀ ਲਾਸ਼

Tuesday, Sep 01, 2020 - 10:56 PM (IST)

ਪਿਓ ਨੇ ਨਾਬਾਲਿਗ ਧੀ ਦਾ ਕੀਤਾ ਕਤਲ, ਛੱਪੜ ''ਚ ਸੁੱਟੀ ਲਾਸ਼

ਮੋਗਾ,(ਗੋਪੀ,ਅਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਵਿਖੇ ਆਪਣੀ ਨਾਬਾਲਿਗ ਧੀ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਣ ਪਿਓ ਨੇ ਆਪਣੀ ਧੀ ਦਾ ਕਤਲ ਕਰ ਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਪਿੰਡ ਦੇ ਛੱਪੜ 'ਚ ਸੁੱਟ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਅਜੀਤਵਾਲ ਦੇ ਮੁੱਖ ਅਫਸਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਛੱਪੜ ਵਿਚ ਇਕ ਕੁੜੀ ਦੀ ਲਾਸ਼ ਤੈਰ ਰਹੀ ਹੈ, ਜਿਸ ਦੌਰਾਨ ਉਹ ਅਤੇ ਸਹਾਇਕ ਥਾਣੇਦਾਰ ਧਰਮਪਾਲ ਸਿੰਘ ਮੌਕੇ 'ਤੇ ਪੁੱਜੇ।

ਮੌਕੇ 'ਤੇ ਪੁੱਜ ਕੇ ਉਨ੍ਹਾਂ ਦੇਖਿਆ ਕਿ ਉਥੇ ਲੋਕਾਂ ਦਾ ਭਾਰੀ ਇਕੱਠ ਸੀ। ਕੁੜੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕਾ ਅਮਨਦੀਪ ਕੌਰ (17) ਜੋ ਵਿਦਿਆਰਥਣ ਸੀ, ਉਸ ਦਾ ਕਤਲ ਉਸ ਦੇ ਪਿਤਾ ਸਰਬਣ ਸਿੰਘ ਵਲੋਂ ਬੀਤੀ ਰਾਤ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਛੱਪੜ ਵਿਚ ਸੁੱਟ ਦਿੱਤਾ ਗਿਆ। ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਕਿਹਾ ਕਿ ਉਸ ਦੀ ਧੀ ਬੀਤੀ ਰਾਤ ਤੋਂ ਹੀ ਘਰੋਂ ਗਾਇਬ ਸੀ, ਜਿਸ 'ਤੇ ਪੁਲਸ ਨੂੰ ਸ਼ੱਕ ਹੋਇਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਕਤਲ ਪਿਓ ਨੇ ਹੀ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਦੇ ਪਿਓ ਸਰਬਣ ਸਿੰਘ ਖਿਲਾਫ ਕਤਲ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਦੀ ਲਾਸ਼ ਦਾ ਅੱਜ ਡਾਕਟਰ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਜੋ ਕਤਲ ਦੇ ਕਾਰਣਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪੁਲਸ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਕਤਲ ਮਾਮਲੇ ਵਿਚ ਕੌਣ-ਕੌਣ ਸ਼ਾਮਲ ਹਨ ਅਤੇ ਕੁੜੀ ਦੇ ਕਿਸ ਦੇ ਨਾਲ ਕਥਿਤ ਨਾਜਾਇਜ਼ ਸਬੰਧ ਸਨ।


author

Deepak Kumar

Content Editor

Related News