ਵਿਦਿਆਰਥੀਆਂ ਦੇ 2 ਗੁੱਟਾਂ ''ਚ ਖੂਨੀ ਸੰਘਰਸ਼, 2 ਜ਼ਖਮੀ

Sunday, Aug 20, 2017 - 03:39 AM (IST)

ਵਿਦਿਆਰਥੀਆਂ ਦੇ 2 ਗੁੱਟਾਂ ''ਚ ਖੂਨੀ ਸੰਘਰਸ਼, 2 ਜ਼ਖਮੀ

ਬਠਿੰਡਾ,   (ਵਰਮਾ)-  ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਦਿਆਰਥੀਆਂ ਦੇ 2 ਗੁੱਟਾਂ 'ਚ ਖੂਨੀ ਝੜਪ ਹੋ ਗਈ, ਜਿਸ 'ਚ 2 ਜਣੇ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 
ਜਾਣਕਾਰੀ ਅਨੁਸਾਰ ਸਵੇਰੇ ਲਗਭਗ 11 ਵਜੇ ਪਾਵਰ ਹਾਊਸ ਰੋਡ ਸਥਿਤ 2 ਨੌਜਵਾਨ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਦੂਜੇ ਗਰੁੱਪ ਦੇ ਲਗਭਗ ਡੇਢ ਦਰਜਨ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਹਸਪਤਾਲ 'ਚ ਜ਼ੇਰੇ ਇਲਾਜ ਮਨਪ੍ਰੀਤ ਸਿੰਘ ਪੁੱਤਰ ਨਿਰੰਜਤਨ ਸਿੰਘ ਤੇ ਵਿੱਕੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਜਸਵਿੰਦਰ ਸਿੰਘ ਉਰਫ ਮੋਟਾ ਤੇ ਰਣਜੀਤ ਸਿੰਘ ਨਾਲ ਮਾਮੂਲੀ ਤਕਰਾਰ ਹੋਈ ਸੀ। ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਅੱਜ ਉਹ ਆਪਣੇ ਕੰਮ 'ਤੇ ਜਾ ਰਹੇ ਸਨ ਕਿ ਅਚਾਨਕ ਵਿਰੋਧੀ ਗੁੱਟ ਦੇ ਲਗਭਗ ਡੇਢ ਦਰਜਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਕੁੱਟਮਾਰ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਕੇ ਆਪਣੇ ਇਕ ਸਾਥੀ ਪੰਕਜ ਦੇ ਘਰ ਲੈ ਗਏ, ਜਿਥੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਦ ਉਨ੍ਹਾਂ ਨੇ ਸ਼ੋਰ ਮਚਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। 
ਇਸ ਘਟਨਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਥਾਣਾ ਕੈਂਟ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਪੁਲਸ ਜਾਂਚ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ 'ਚ ਕੁੱਟਮਾਰ ਹੋਈ, ਜਦਕਿ 2 ਲੋਕ ਜ਼ਖਮੀ ਹੋਏ, ਜਿਨ੍ਹਾਂ ਦਾ ਬਿਆਨ ਲਿਖਣਾ ਬਾਕੀ ਹੈ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਮੋਟਾ ਤੇ ਵਿੱਕੀ ਦੋਵਾਂ ਦੇ ਅਲੱਗ-ਅਲੱਗ ਗੁੱਟ ਹਨ, ਜਿਨ੍ਹਾਂ ਦਾ ਪਹਿਲਾਂ ਵੀ ਝਗੜਾ ਹੋਇਆ ਹੈ। ਜਸਵਿੰਦਰ ਮੋਟਾ ਦੇ ਗੁੱਟ 'ਚ ਪੰਕਜ ਕੁਮਾਰ, ਫਰੀਦੀ, ਰਾਜੂ ਮੋਟਾ, ਭੋਲੂ ਤੇ ਕੁਝ ਅਣਪਛਾਤੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਦੂਜੇ ਗੁੱਟ ਦੇ ਵਿੱਕੀ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


Related News