ਨਾਬਾਲਗਾ ਨਾਲ ਵਿਆਹ ਦੀ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦਾ ਦੋਸ਼, ਮਾਮਲਾ ਦਰਜ
Wednesday, Mar 16, 2022 - 05:27 PM (IST)
 
            
            ਮੋਗਾ (ਆਜ਼ਾਦ) : ਮੋਗਾ ਨਿਵਾਸੀ ਇਕ 16 ਸਾਲਾ ਲੜਕੀ ਨੇ ਇਕ ਲੜਕੇ ’ਤੇ ਉਸ ਨੂੰ ਵਰਗਲਾ ਕੇ ਲੈ ਜਾਣ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਮੋਗਾ ਪੁਲਸ ਵੱਲੋਂ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਜਸਵੰਤ ਰਾਏ ਉਰਫ ਜੱਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਅੰਗਰੇਜ਼ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਦੀ ਮਾਂ ਨੇ ਕਿਹਾ ਕਿ ਬੀਤੀ 9 ਮਾਰਚ ਨੂੰ ਉਸਦੀ ਬੇਟੀ ਘਰੋਂ ਬਿਊਟੀ ਪਾਰਲਰ ’ਤੇ ਗਈ ਸੀ, ਵਾਪਸ ਨਹੀਂ ਆਈ। ਅਸੀਂ ਉਸਦੀ ਤਲਾਸ਼ ਕਰਦੇ ਰਹੇ।
ਬੀਤੀ 11 ਮਾਰਚ ਨੂੰ ਮੇਰੀ ਬੇਟੀ ਕਰੀਬ 2 ਵਜੇ ਘਰ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਸੇ ਅਣਦੱਸੀ ਜਗ੍ਹਾ ’ਤੇ ਲੈ ਗਿਆ ਅਤੇ ਉਸਦੀ ਮਰਜ਼ੀ ਦੇ ਬਿਨਾਂ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਦਾ ਰਿਹਾ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤ ਲੜਕੀ ਦਾ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਉਸ ਦੇ ਅਦਾਲਤ ਵਿਚ ਬਿਆਨ ਦਰਜ ਕਰਵਾਏ ਜਾਣਗੇ। ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            