ਡੇਰਾ ਬਾਬਾ ਨਾਨਕ ਤੋਂ ਰੇਲਵੇ ਸ਼ਟੇਸ਼ਨ ਦੀ 18 ਫੁੱਟੀ ਸੜਕ ਦਾ ਮੰਤਰੀ ਰੰਧਾਵਾ ਨੇ ਰੱਖਿਆ ਨੀਂਹ ਪੱਥਰ
Sunday, Mar 21, 2021 - 12:00 AM (IST)

ਡੇਰਾ ਬਾਬਾ ਨਾਨਕ, (ਵਤਨ)- ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਡੇਰਾ ਬਾਬਾ ਨਾਨਕ ਤੋਂ ਵਾਇਆ ਪਿੰਡ ਖਾਸਾਂਵਾਲਾ, ਵੈਰੋਕੇ ਹੁੰਦੀ ਹੋਈ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ 1.5 ਕਿਲੋਮੀਟਰ ਲੰਬੀ ਸੜਕ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਿਉਂਕਿ ਹੁਣ ਪਿੰਡ ਖਾਸਾਂਵਾਲਾ ਵਿਖੇ ਸੀਵਰੇਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਸੜਕ ਦਾ ਬਕਾਇਦਾ ਤੌਰ ਤੇ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖਾਸਾਂਵਾਲਾ ਵਿਖੇ ਮੁਕੰਮਲ ਸੀਵਰੇਜ ਲਾਈਟਾਂ ਅਤੇ ਨਵੀਆਂ ਗਲੀਆਂ ਨਾਲੀਆਂ ਤੇ ਸਾਢੇ ਤਿੰਨ ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ 15 ਅਪ੍ਰੈਲ ਨੂੰ ਬਾਕੀ ਰਹਿੰਦੇ ਵਿਕਾਸ ਕਾਰਜਾਂ ਦਾ ਰਸਮੀ ਤੌਰ ਤੇ ਉਦਘਾਟਨ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿੰਡ ਖਾਸਾਂਵਾਲਾ ਵਿਖੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਕਾਫੀ ਦਹਾਕਿਆਂ ਤੋਂ ਸੀ ਪਰ ਹੁਣ ਸੀਵਰੇਜ਼ ਪੈਣ ਨਾਲ ਇਸ ਪਿੰਡ ਦੀ ਇਹ ਮੁਸ਼ਕਲ ਸਦਾ ਲਈ ਹੱਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਆਸ ਪਾਸ ਦੇ ਸਾਰੇ ਹੀ ਇਲਾਕਿਆਂ ਦੇ ਸੁੰਦਰੀ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੱਕ ਇਨ੍ਹਾਂ ਸਾਰੇ ਹੀ ਨਿਰਮਾਣ ਕਾਰਜਾਂ ਦੀ ਸਮੀਖਿਆ ਹੋਵੇਗੀ ਅਤੇ ਜੇਕਰ ਕਿਸੇ ਹੋਰ ਕੰਮ ਦੀ ਲੋੜ ਪਈ ਤਾਂ ਉਸ ਦੀ ਰਣਨੀਤੀ ਵੀ ਤਿਆਰ ਕਰ ਲਈ ਜਾਵੇਗੀ। ਇਸ ਮੌਕੇ ਐਸ ਐਚ ਅਨਿਲ ਪਵਾਰ, ਸਾਬਕਾ ਸਰਪੰਚ ਜਗਦੀਪ ਸਿੰਘ, ਇੰਜੀਨੀਅਰ ਐਕਸੀਅਨ ਅਨੂਪ ਸਿੰਘ ਮਾਂਗਟ, ਕੈਪਟਨ ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਮੋਹਤਬਰ ਹਾਜ਼ਰ ਸਨ।