ਸਿਹਤ ਮੰਤਰੀ ਨੇ ਸ਼ੂਗਰ ਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਕੋਰੋਨਾ ਰੋਕਥਾਮ ਉਪਾਅ ਲਈ ਲਿਖਿਆ ਪੱਤਰ

Wednesday, Oct 28, 2020 - 06:03 PM (IST)

ਸਿਹਤ ਮੰਤਰੀ ਨੇ ਸ਼ੂਗਰ ਤੇ ਹਾਈਪਰਟੈਨਸ਼ਨ ਮਰੀਜ਼ਾਂ ਨੂੰ ਕੋਰੋਨਾ ਰੋਕਥਾਮ ਉਪਾਅ ਲਈ ਲਿਖਿਆ ਪੱਤਰ

ਚੰਡੀਗੜ੍ਹ : ਪੰਜਾਬ ਦੇ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਮਰੀਜ਼ਾਂ ਵਿਚ ਰੋਕਥਾਮ ਉਪਾਅ ਅਪਣਾਉਣ, ਖੁਰਾਕ ਅਤੇ ਕਸਰਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਮਰੀਜ਼ਾਂ ਨੂੰ ਪੱਤਰ ਲਿਖੇ ਹਨ। ਇਸ ਸਬੰਧੀ ਇਕ ਪ੍ਰੈਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਇਸ ਗੱਲ ਨੂੰ ਵਿਚਾਰਦਿਆਂ ਕਿ ਸਿਰਫ਼ ਜਾਗਰੂਕਤਾ ਤੇ ਰੋਕਥਾਮ ਹੀ ਕੋਰੋਨਾ ਦਾ ਇਲਾਜ ਹੈ, ਜਿਸ ਲਈ ਉਨ੍ਹਾਂ ਨੇ ਪੱਤਰ ਭੇਜ ਕੇ ਮਰੀਜ਼ਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਇਸ ਪੱਤਰ ਵਿਚ ਰੋਕਥਾਮ ਉਪਾਵਾਂ ਸਮੇਤ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਲੱਛਣਾਂ ਤੋਂ ਇਲਾਵਾ, ਸਿਹਤਮੰਦ ਅਤੇ ਬਿਮਾਰੀ-ਰਹਿਤ ਜ਼ਿੰਦਗੀ ਜਿਉਣ ਲਈ ਸਾਰੀ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਵਿਸ਼ੇਸ਼ ਤੌਰ 'ਤੇ ਸਹਿ-ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਜਾਗਰੂਕ ਕਰਨ ਲਈ 'ਪੰਜਾਬ ਹੈਲਥ ਰਿਸਪਾਂਸ ਟੂ ਕੋਵਿਡ -19: ਐਪਰੋਪ੍ਰੀਏਟ ਬਿਹੇਵੀਅਰ' ਸਿਰਲੇਖ ਹੇਠ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ-ਸੰਚਾਰਿਤ ਰੋਗਾਂ ਦੀ ਜਾਂਚ ਲਈ ਸਕ੍ਰੀਨਿੰਗ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ ਜਿਸ ਤਹਿਤ 20 ਲੱਖ ਵਿਅਕਤੀਆਂ ਦੀ ਹਾਈਪਰਟੈਨਸ਼ਨ ਅਤੇ 11.5 ਲੱਖ ਦੀ ਸ਼ੂਗਰ ਰੋਗ ਲਈ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ 17 ਲੱਖ ਵਿਅਕਤੀਆਂ ਦੀ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸਬੰਧੀ ਜਾਂਚ ਕੀਤੀ ਗਈ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਘਟਣ ਦੇ ਬਾਵਜੂਦ ਵੀ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਪਹਿਨਣ, ਜਨਤਕ ਥਾਵਾਂ 'ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਅਤੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਹੱਥਾਂ ਦੀ ਸਫਾਈ ਰੱਖਣ ਵਰਗੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਪੱਤਰ ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ 15 ਦਿਨਾਂ ਦੇ ਅੰਦਰ ਸਾਰੇ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।

ਕੋਵਿਡ -19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 93.8 ਫ਼ੀਸਦੀ ਰਿਕਵਰੀ ਨਾਲ ਪੰਜਾਬ ਮੋਹਰੀ ਸੂਬਿਆਂ ਵਿਚੋਂ ਹੈ। ਪਿਛਲੇ ਹਫ਼ਤੇ ਕੋਵਿਡ ਟੈਸਟ ਲਈ ਲਏ ਗਏ 161086 ਨਮੂਨਿਆਂ ਵਿਚੋਂ ਸਿਰਫ਼ 3186 ਕੇਸ ਹੀ ਪਾਜ਼ੇਟਿਵ ਆਏ ਕਿਉਂਜੋ ਪੰਜਾਬ 'ਚ ਪਾਜ਼ੇਟਿਵ ਪਾਏ ਜਾਣ ਦੀ ਦਰ ਸਿਰਫ਼ 2 ਫ਼ੀਸਦੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਨੂੰ ਸੈਂਪਲਿੰਗ/ਟੈਸਟਿੰਗ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

 


author

Gurminder Singh

Content Editor

Related News