ਮੰਤਰੀ ਕਟਾਰੂਚੱਕ ਨੇ ਮੰਡੀਆਂ ਦਾ ਕੀਤਾ ਦੌਰਾ, ਕਿਹਾ-"ਸੂਬੇ 'ਚ ਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਚੱਲ ਰਹੀ"

Wednesday, Oct 12, 2022 - 06:47 PM (IST)

ਮੰਤਰੀ ਕਟਾਰੂਚੱਕ ਨੇ ਮੰਡੀਆਂ ਦਾ ਕੀਤਾ ਦੌਰਾ, ਕਿਹਾ-"ਸੂਬੇ 'ਚ ਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਚੱਲ ਰਹੀ"

ਗੋਰਾਇਆ /ਫਿਲੌਰ (ਮੁਨੀਸ਼ ਬਾਵਾ) : ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਅਨਾਜ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਕਟਾਰੂਚੱਕ ਨੇ ਕਿਹਾ ਕਿ ਸੂਬੇ 'ਚ ਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਝੋਨਾ ਖ਼ਰੀਦ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਅਦਾਇਗੀਆਂ ਉਨ੍ਹਾਂ ਦੇ ਖਾਤਿਆਂ 'ਚ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 13.25 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਮੰਡੀਆਂ 'ਚ ਹੋ ਚੁੱਕੀ ਹੈ, ਜਿਸ 'ਚੋਂ 12.50 ਲੱਖ ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ 1325 ਕਰੋੜ ਰੁਪਏ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ 'ਚ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਬੱਗਾ ਅਤੇ ਵਿਸ਼ਵਾਸ ਖ਼ਿਲਾਫ਼ ਦਰਜ FIR ਰੱਦ ਕਰਨ 'ਤੇ CM ਮਾਨ ਤੇ ਕੇਜਰੀਵਾਲ 'ਤੇ ਵਰ੍ਹੇ ਪ੍ਰਤਾਪ ਬਾਜਵਾ

ਸਥਾਨਕ ਅਨਾਜ ਮੰਡੀ 'ਚ ਪਿੰਡ ਤੇਹਿੰਗ ਦੇ ਕਿਸਾਨ ਗੁਰਦੇਵ ਸਿੰਘ ਅਤੇ ਪਿੰਡ ਮੋਤੀਪੁਰ ਦੇ ਕਿਸਾਨ ਮਨਿੰਦਰ ਸਿੰਘ ਦੀਆਂ ਢੇਰੀਆਂ ਦੀ ਖ਼ਰੀਦ ਕਰਵਾਉਂਦਿਆਂ ਖੁਰਾਕ ਸਪਲਾਈਜ਼ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਫ਼ਸਲਾਂ ਦੀ ਖ਼ਰੀਦ ਨੂੰ ਪੂਰੀ ਤਵਜੋਂ ਦੇ ਕੇ ਕਿਸਾਨਾਂ ਦੀ ਫ਼ਸਲ ਨਾਲੋਂ ਨਾਲ ਖ਼ਰੀਦ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਿਸਾਨਾਂ ਨੂੰ ਫ਼ਸਲ ਵੇਚਣ ਅਤੇ ਅਦਾਇਗੀਆਂ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫ਼ਸਲ ਖ਼ਰੀਦ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਅਦਾਇਗੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ, ਜਿਹੜਾ ਕਿ ਪੰਜਾਬ 'ਚ ਪਹਿਲੀ ਵਾਰ ਹੋਇਆ ਹੈ। ਕਟਾਰੂਚੱਕ ਨੇ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਨਿਜੀ ਤੌਰ ’ਤੇ ਗੱਲਬਾਤ ਕਰਕੇ ਕਿਸੇ ਕਿਸਮ ਦੀ ਦਰਪੇਸ਼ ਮੁਸ਼ਕਲ ਬਾਰੇ ਪੁੱਛਿਆ, ਜਿਸ ’ਤੇ ਦੋਵਾਂ ਧਿਰਾਂ ਵੱਲੋਂ ਪ੍ਰਬੰਧਾਂ ਅਤੇ ਖ਼ਰੀਦ ਨੂੰ ਲੈ ਕੇ ਪੂਰਨ ਤਸੱਲੀ ਪ੍ਰਗਟਾਈ ਗਈ। ਉਨ੍ਹਾਂ ਨੇ ਵੱਖ-ਵੱਖ ਕਿਸਾਨਾਂ ਦੀਆਂ ਢੇਰੀਆਂ ਦਾ ਨਿਰੀਖਣ ਕਰਦਿਆਂ ਨਮੀ ਦੀ ਮਾਤਰਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। 

PunjabKesari

ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਗਿਰਦਾਵਰੀ ਦੀਆਂ ਰਿਪੋਰਟਾਂ ਮੁਕੰਮਲ ਹੋ ਜਾਣਗੀਆਂ, ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।  ਇਕ ਹੋਰ ਸਵਾਲ ਦੇ ਜਵਾਬ ਵਿੱਚ ਖੁਰਾਕ ਸਪਲਾਈ ਮੰਤਰੀ ਨੇ ਕਿਹਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਕਥਿਤ ਘੋਟਾਲੇ ਵਿੱਚ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਘੋਟਾਲੇ 'ਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਸਲ ਵਿੱਚ ‘ਜ਼ੀਰੋ ਟੋਲਰੈਂਸ’ ਦੀ ਨੀਤੀ ਤਹਿਤ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੰਨੇ ਦੀ ਫ਼ਸਲ ਖਰੀਦ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿੱਲਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਗੰਨਾ ਕਾਸ਼ਤਕਾਰਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਕੰਪਿਊਟਰ ਬੰਦ ਤੇ ਕਲਮ ਛੋੜ ਹੜਤਾਲ ਜਾਰੀ, ਠੱਪ ਰਿਹਾ ਦਫ਼ਤਰੀ ਕੰਮ-ਕਾਜ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੀ ਗੱਲ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ 'ਚ 18 ਹਜ਼ਾਰ ਨੌਕਰੀਆਂ ਦੇਣ ਦੇ ਨਾਲ-ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਾਰਵਾਈ ਉਲੀਕੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 8700 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 600 ਯੂਨਿਟ ਬਿਜਲੀ ਮੁਆਫੀ ਦਾ ਆਮ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਕਰੀਬ 47 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ। 


author

Mandeep Singh

Content Editor

Related News