ਜਲੰਧਰ 'ਚ FBI ਦਾ ਮੋਸਟ ਵਾਂਟੇਡ ਭਗੌੜਾ ਗ੍ਰਿਫ਼ਤਾਰ! SNAP ਸਕੀਮ 'ਚ ਕੀਤਾ ਕਰੋੜਾਂ ਦਾ ਘੁਟਾਲਾ
Friday, Sep 04, 2026 - 05:17 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ 'ਚ ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧਾਂ ਅਤੇ ਭਗੌੜਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਾਲੰਧਰ ਕਮਿਸ਼ਨਰੇਟ ਪੁਲਸ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਸ ਨੇ ਅਮਰੀਕਾ ਦੇ ਬਹੁਚਰਚਿਤ 'ਸਨੈਪ' (SNAP-ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ) ਫਰਾਡ ਕੇਸ 'ਚ ਲੋੜੀਂਦੇ ਅਤੇ FBI ਦੇ ਮੋਸਟ ਵਾਂਟੇਡ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਮਰੀਕਾ 'ਚ ਕਰੋੜਾਂ ਰੁਪਏ ਦੇ ਘੁਟਾਲੇ ਨੂੰ ਅੰਜਾਮ ਦੇਣ ਤੋਂ ਬਾਅਨ ਕਾਨੂੰਨ ਤੋਂ ਬਚਣ ਲਈ ਅਪ੍ਰੈਲ 2026 'ਚ ਕੈਨੇਡਾ ਦੇ ਰਸਤੇ ਭੱਜ ਕੇ ਭਾਰਤ ਆ ਗਿਆ ਸੀ। ਇਸ ਦੀ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ ਦਰਦਨਾਕ ਮੌਤ
ਕੌਣ ਹੈ ਮਨਜੀਤ ਸਿੰਘ ਬੇਦੀ ਅਤੇ ਕੀ ਹਨ ਦੋਸ਼?
ਮਨਜੀਤ ਸਿੰਘ ਬੇਦੀ ਅਮਰੀਕਾ ਦੀ ਬਹੁਚਰਚਿਤ ਸਰਕਾਰੀ ਸਹਾਇਤਾ ਯੋਜਨਾ 'ਸਨੈਪ' (SNAP) ਵਿੱਚ ਕਰੋੜਾਂ ਡਾਲਰ ਦੇ ਵਿੱਤੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਅਮਰੀਕਾ 'ਚ ਇਸ ਯੋਜਨਾ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸੰਬਧੀ ਸਹਾਇਤਾ ਦਿੱਤੀ ਜਾਂਦੀ ਹੈ। ਬੇਦੀ 'ਤੇ ਇਸ ਯੋਜਨਾ 'ਚ ਵੱਡੇ ਪੱਧਰ 'ਤੇ ਜਾਲ੍ਹਸਾਜ਼ੀ ਅਤੇ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਹਨ, ਜਿਸ ਕਾਰਨ ਅਮਰੀਕੀ ਜਾਂਚ ਏਜੰਸੀਆਂ ਨੇ ਉਸ ਨੂੰ ਆਪਣੀ 'ਮੋਸਟ ਵਾਂਟੇਡ ਫਰਾਡਸਟਰਜ਼' (ਸਭ ਤੋਂ ਵੱਧ ਲੋੜੀਂਦੇ ਧੋਖੇਬਾਜ਼ਾਂ) ਦੀ ਸੂਚੀ 'ਚ ਸ਼ਾਮਲ ਕੀਤਾ ਹੋਇਆ ਸੀ।

ਪੰਜਾਬ 'ਚ ਪਛਾਣ ਛੁਪਾ ਕੇ ਰਹਿ ਰਿਹਾ ਸੀ
ਅਮਰੀਕੀ ਜਾਂਚ ਏਜੰਸੀਆਂ ਦੀ ਸਖ਼ਤੀ ਤੋਂ ਬਾਅਦ ਬੇਦੀ ਚਲਾਕੀ ਨਾਲ ਅਮਰੀਕਾ ਤੋਂ ਕੈਨੇਡਾ ਪਹੁੰਚਿਆ ਅਤੇ ਉੱਥੋਂ ਅਪ੍ਰੈਲ 2026 'ਚ ਫਰਜ਼ੀਵਾੜਾ ਕਰਕੇ ਭਾਰਤ ਭੱਜ ਆਇਆ ਸੀ। ਉਹ ਪੰਜਾਬ 'ਚ ਆਪਣੀ ਅਸਲ ਪਛਾਣ ਛੁਪਾ ਕੇ ਰਹਿ ਰਿਹਾ ਸੀ। ਹਾਲਾਂਕਿ ਪੰਜਾਬ ਪੁਲਸ ਦੀਆਂ ਖ਼ੁਫ਼ੀਆ ਟੀਮਾਂ ਨੇ ਉਸ ਦੇ ਨੈੱਟਵਰਕ ਨੂੰ ਟ੍ਰੇਸ ਕਰ ਲਿਆ ਅਤੇ ਜਲੰਧਰ ਕਮਿਸ਼ਨਰੇਟ ਪੁਲਸ ਨੇ ਇਕ ਸਟੀਕ ਆਪ੍ਰੇਸ਼ਨ ਚਲਾ ਕੇ ਉਸ ਨੂੰ ਧਰ ਦਬੋਚਿਆ।
ਇਹ ਵੀ ਪੜ੍ਹੋ: ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
ਅਗਲੀ ਕਾਰਵਾਈ ਅਤੇ ਹਵਾਲਗੀ ਦੀ ਤਿਆਰੀ
ਪੰਜਾਬ ਪੁਲਸ ਹੁਣ ਅਮਰੀਕੀ ਏਜੰਸੀਆਂ ਅਤੇ ਸਬੰਧਤ ਵਿਭਾਗਾਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਅਗਲੀ ਕਾਨੂੰਨੀ ਕਾਰਵਾਈ ਅਤੇ ਹਵਾਲਗੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਪੰਜਾਬ ਪੁਲਸ ਦੀ ਇਸ ਕਾਰਵਾਈ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਰਹੱਦਾਂ ਪਾਰ ਕਰਕੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
