ਗੁਰੀ ਚਹਿਲ ਮਾਮਲੇ ’ਚ ਪੀੜਤਾ ਨੇ ਪੁਲਸ ਵੱਲੋਂ ਪੇਸ਼ ਕੈਂਸਲੇਸ਼ਨ ਰਿਪੋਰਟ ਦਾ ਕੀਤਾ ਵਿਰੋਧ
Saturday, Sep 05, 2026 - 02:25 PM (IST)
ਮੋਹਾਲੀ (ਜੱਸੀ) : ਗੁਰੀ ਚਹਿਲ ਨਾਲ ਜੁੜੇ ਬਹੁ-ਚਰਚਿਤ ਜਬਰ-ਜ਼ਿਨਾਹ ਕੇਸ 'ਚ ਮੋਹਾਲੀ ਪੁਲਸ ਵੱਲੋਂ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਨੂੰ ਲੈ ਕੇ ਪੀੜਤ ਔਰਤ ਆਪਣੇ ਐਡਵੋਕੇਟ ਐੱਚ. ਐੱਸ. ਧਨੋਆ ਅਤੇ ਗੁਰਅਮਾਨਤ ਕੌਰ ਸਮੇਤ ਅੱਜ ਮੋਹਾਲੀ ਅਦਾਲਤ 'ਚ ਪੇਸ਼ ਹੋਈ। ਪੀੜਤ ਪੱਖ ਵੱਲੋਂ ਪੁਲਸ ਦੀ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਕਰਦਿਆਂ ਅਦਾਲਤ ਅੱਗੇ ਆਪਣਾ ਪੱਖ ਰੱਖਿਆ ਗਿਆ। ਪੀੜਤ ਪੱਖ ਦਾ ਦੋਸ਼ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਉਸ ਨੂੰ ਯੋਗ ਤਰੀਕੇ ਨਾਲ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਅਤੇ ਪੁਲਸ ਵੱਲੋਂ ਮਾਮਲੇ ਨੂੰ ਰੱਦ ਕਰਨ ਸਬੰਧੀ ਕਰੀਬ ਦੋ ਮਹੀਨਿਆਂ ਦੇ ਅੰਦਰ ਹੀ ਕੈਂਸਲੇਸ਼ਨ ਰਿਪੋਰਟ ਅਦਾਲਤ 'ਚ ਪੇਸ਼ ਕਰ ਦਿੱਤੀ ਗਈ। ਇਸ ਨੂੰ ਲੈ ਕੇ ਪੀੜਤ ਨੇ ਆਪਣੇ ਵਕੀਲ ਰਾਹੀਂ ਕੈਂਸਲੇਸ਼ਨ ਰਿਪੋਰਟ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸਵੀਕਾਰ ਨਾ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਪੀੜਤ ਪੱਖ ਵੱਲੋਂ ਆਪਣੇ ਤੱਥ ਅਤੇ ਦਲੀਲਾਂ ਅਦਾਲਤ ਦੇ ਸਾਹਮਣੇ ਰੱਖੀਆਂ ਗਈਆਂ। ਹੁਣ ਮਾਮਲੇ ਵਿੱਚ ਅਦਾਲਤ ਵੱਲੋਂ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਅਤੇ ਪੀੜਤ ਪੱਖ ਦੇ ਇਤਰਾਜ਼ਾਂ ’ਤੇ ਵਿਚਾਰ ਕੀਤਾ ਜਾਵੇਗਾ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 19 ਸਤੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਪੀੜਤ ਪੱਖ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ਼ ਦੀ ਉਮੀਦ ਹੈ ਅਤੇ ਉਹ ਮਾਮਲੇ ਦੀ ਨਿਰਪੱਖ ਜਾਂਚ ਦੀ ਲਗਾਤਾਰ ਮੰਗ ਕਰ ਰਹੀ ਹੈ।
