'ਆਪ' ਸੁਪਰੀਮੋ ਨੂੰ ਤਲਬ 'ਤੇ ਵਿਰੋਧ, ਮੰਤਰੀ ਧਾਲੀਵਾਲ ਬੋਲੇ- ਕੇਜਰੀਵਾਲ ਦੇ ਵਧਦੇ ਕੱਦ ਤੋਂ ਭਾਜਪਾ ਬੌਖਲਾਈ
Monday, Apr 17, 2023 - 11:19 AM (IST)
ਅੰਮ੍ਰਿਤਸਰ (ਜ. ਬ., ਇੰਦਰਜਤ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਦੇ ਮਾਮਲੇ ਵਿਚ ਸੀ. ਬੀ. ਆਈ. ਵੱਲੋਂ ਤਲਬ ਕਰਨ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਧਾਲੀਵਾਲ ਤੇ ਵਿਧਾਇਕ ਡਾ. ਅਜੈ ਗੁਪਤਾ ਨੇ ਕੇਜਰੀਵਾਲ ਦੇ ਸਮਰੱਥਨ ਵਿਚ ਭੰਡਾਰੀ ਪੁਲ ’ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਸੀ. ਬੀ. ਆਈ. ਵੱਲੋਂ ਆਮ ਆਦਮੀ ਪਾਰਟੀ ਦੇ ਸਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕਰਨ ਦੇ ਰੋਸ ਵਜੋਂ ‘ਆਪ’ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸੀ. ਬੀ. ਆਈ. ਅਤੇ ਈ. ਡੀ. ਦਾ ਡਰ ਦਿਖਾ ਕੇ ਕੇਜਰੀਵਾਲ ਨੂੰ ਦਬਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਭੰਡਾਰੀ ਪੁਲ ’ਤੇ ‘ਆਪ’ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਵੱਡੀ ਗਿਣਤੀ ਵਿਚ ਵਲੰਟੀਅਰਾਂ ਨਾਲ ਧਰਨੇ ’ਤੇ ਬੈਠੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਧਦੇ ਕੱਦ ਤੋਂ ਦੇਖ ਕੇ ਭਾਜਪਾ ਬੌਖਲਾ ਗਈ ਹੈ। ਇਸ ਲਈ ਭਾਜਪਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫ਼ਸਾਉਣ ਲਈ ਸੀ. ਬੀ. ਆਈ. ਤੋਂ ਤਲਬ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਦੀ ਸਾਡੀ ਸਮੁੱਚੀ ਲੀਡਰਸ਼ਿਪ ਅਤੇ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਤੋਂ ਆਏ ਆਗੂ, ਅਹੁਦੇਦਾਰ ਅਤੇ ਵਰਕਰ ਭਾਜਪਾ ਸਰਕਾਰ ਦੇ ਖ਼ਿਲਾਫ਼ ਇੱਥੇ ਇਕੱਠਾ ਹੋਏ ਹਨ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਚਾਹੇ ਆਪਣੀਆਂ ਏਜੰਸੀਆਂ ਦਾ ਕਿੰਨਾ ਵੀ ਗ਼ਲਤ ਇਸਤੇਮਾਲ ਕਰ ਲਵੇ ਆਮ ਆਦਮੀ ਪਾਰਟੀ ਹੁਣ ਦੱਬਣ ਅਤੇ ਰੁਕਣ ਵਾਲੀ ਨਹੀਂ ਹੈ।
ਮੰਤਰੀ ਨੇ ਕਿਹਾ ਕਿ ਅਸੀਂ ਤਦ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਜਰੀਵਾਲ ਤੋਂ ਡਰਦੇ ਹਨ। ਮੋਦੀ ਨੂੰ ਪਤਾ ਹੈ ਕਿ 2024 ਵਿਚ ਕੇਜਰੀਵਾਲ ਹੀ ਉਨ੍ਹਾਂ ਨੂੰ ਟੱਕਰ ਦੇ ਸਕਦੇ ਹਨ। ਇਸ ਲਈ ਉਹ ਵਾਰ-ਵਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਅੰਦੋਲਨ ਹੈ ਤੇ ਇਹ ਅੰਦੋਲਨ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਦੇਸ਼ ਵਿਚ ਬਦਲਾਅ ਨਹੀਂ ਆ ਜਾਂਦਾ। ਇਸ ਮੌਕੇ 'ਤੇ ਮੰਤਰੀ ਕੁਲਦੀਪ ਧਾਲੀਵਾਲ ਦੇ ਨਾਲ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੁਚਕ, ਵਿਧਾਇਕ ਡਾ. ਅਜੈ ਗੁਪਤਾ ਸਣੇ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ਵੇਵ’ ਰੈੱਡ ਅਲਰਟ ਜਾਰੀ
ਭਾਜਪਾ ਨੇ ਇਕ ਈਮਾਨਦਾਰ ਨੇਤਾ ਦੇ ਗਿਰੇਬਾਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ : ਡਾ. ਅਜੇ ਗੁਪਤਾ
ਆਮ ਆਦਮੀ ਪਾਰਟੀ ਨੇ ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬੁਲੰਦੀ ਭਾਰਤੀ ਜਨਤਾ ਪਾਰਟੀ ਤੋਂ ਦੇਖੀ ਨਹੀਂ ਜਾਂਦੀ ਅਤੇ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਸਮਝ ਚੁੱਕੇ ਹਨ। ਅਸਲ ਵਿਚ ਹੁਣ ਭਾਜਪਾ ਨੇ ਇਕ ਈਮਾਨਦਾਰ ਰਾਸ਼ਟਰੀ ਨੇਤਾ ਦੇ ਗਿਰਬਾਨ ਨੂੰ ਹੱਥ ਪਾਇਆ ਹੈ ਅਤੇ ਇਹ ਮੋਦੀ ਸਰਕਾਰ ਨੂੰ ਭਾਰੀ ਪਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।