ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ

Sunday, Jun 11, 2023 - 05:43 PM (IST)

ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ

ਮਾਨਸਾ : ਬੀਤੇ ਦਿਨ ਮਾਨਸਾ ਜ਼ਿਲ੍ਹੇ 'ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜ਼ਿਲ੍ਹੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਕਾਰਾਂ ਨੂੰ ਵੱਡੇ ਸਵਾਲ ਕਰਦਿਆਂ ਘੇਰਿਆ। ਉਨ੍ਹਾਂ ਆਖਿਆ ਕਿ ਲੋਕ 'ਆਪ' ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਨ ਪਰ ਵਿਰੋਧੀਆਂ ਨੂੰ ਇਸ ਤੋਂ ਪਰੇਸ਼ਾਨੀ ਹੋ ਰਹੀ ਹੈ ਕਿ ਉਹ ਪਹਿਲਾਂ ਮਹਿਲਾਂ 'ਚ ਰਹਿੰਦੇ ਸਨ ਤੇ ਹੁਣ ਸਾਡੇ ਵਰਗੇ ਛੋਟੇ ਘਰਾਂ ਦੇ ਛੋਟੇ-ਮੋਟੇ ਲੋਕ ਵਿਧਾਨ ਸਭਾ 'ਚ ਬੈਠ ਗਏ ਹਨ, ਲੋਕਾਂ ਦੀਆਂ ਸੁਣੀ ਜਾਂਦੇ ਹਨ ਤੇ ਆਮ ਲੋਕਾਂ 'ਚ ਵਿਚਰਦੇ ਹਨ। ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਾਨੂੰ ਤੇ ਸਾਡੇ ਇਕ ਨੌਜਵਾਨ ਵਿਧਾਇਕ ਨੂੰ ਵੰਗਾਰਿਆ ਕਿ ਉਹ ਮੋਬਾਇਲ ਰਿਪੇਅਰ ਕਰਦੇ ਸਨ। ਮਾਨ ਨੇ ਕਿਹਾ ਮੌਜੂਦਾ ਸਰਕਾਰ 'ਚ ਗਰੀਬ ਘਰਾਂ ਦੇ ਬੱਚੇ ਹਨ, ਜਿਸ ਵਿੱਚ ਸਕੂਲ 'ਚ ਝਾੜੂ ਮਾਰਨ ਵਾਲੀ ਮਾਂ ਦਾ ਪੁੱਤ ਲਾਭ ਸਿੰਘ ਉਗੋਕੇ ਵਿਧਾਇਕ ਹੈ, ਮੀਡਲ ਕਲਾਸ ਬੱਚੇ ਵੀ ਹਨ ਤੇ ਸਾਡੇ ਮੁੱਖ ਮੰਤਰੀ ਸਾਹਿਬ ਮਾਸਟਰ ਦੇ ਬੇਟੇ ਹਨ। ਇਹ ਗੱਲਾਂ ਵਿਰੋਧੀਆਂ ਨੂੰ ਬਹੁਤ ਚੁੱਬਦੀਆਂ ਹਨ ਕਿ ਅਸੀਂ ਆਮ ਘਰਾਂ 'ਚੋਂ ਨਿਕਲ ਕੇ ਆਏ ਹਾਂ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ DGP ਦੀ ਨਿਯੁਕਤੀ ਲਈ ਪੁਲਸ ਐਕਟ ਵਿੱਚ ਸੋਧ ਕਰਨ ਦੀ ਬਣਾ ਰਹੀ ਯੋਜਨਾ

ਮਾਨ ਨੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਰੋਧੀ ਧਿਰ ਕਹਿੰਦੇ ਹਨ ਕਿ ਉਨ੍ਹਾਂ 'ਚ ਬਹੁਤ ਤਹਿਜ਼ੀਬ ਹੈ। ਜਿਸ 'ਤੇ ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਤੁਹਾਡੀ ਤਹਿਜ਼ੀਬ ਨਾਲ ਲੋਕਾਂ ਨੂੰ ਕੀ ਫਾਇਦਾ ਹੋਇਆ? ਨੌਜਵਾਨ ਬਾਹਰ ਕਿਉਂ ਚੱਲ ਗਏ? ਤੁਹਾਡੇ ਵੇਲੇ ਨੌਜਵਾਨ ਪੰਜਾਬ 'ਚ ਕਿਉਂ ਨਹੀਂ ਰਹੇ? ਕਿਉਂ ਸਾਰਾ ਪੰਜਾਬ ਚਿੱਟੇ 'ਤੇ ਲੱਗਾ 'ਤਾ ਤੁਸੀਂ? ਕਿਉਂ ਸਾਨੂੰ ਨੌਜਵਾਨਾਂ ਨੂੰ ਸਰਕਾਰਾਂ 'ਚ ਆਉਣਾ ਪਿਆ ਹੈ? ਮੰਤਰੀ ਨੇ ਆਖਿਆ ਕਿ ਕਦੇ ਵਿਰੋਧੀ ਕਹਿਣ ਲੱਗ ਜਾਣਗੇ ਇਹ ਤਾਂ ਵਿਆਹ ਕਰਵਾਈ ਜਾ ਰਹੇ ਨੇ ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਕਿ ਤੁਸੀਂ ਬਜ਼ੁਰਗ ਲੋਕ ਹੋ। ਜਦੋਂ ਤੁਹਾਨੂੰ ਮੰਤਰੀ ਬਣਾਇਆ ਜਾਂਦਾ ਹੈ, ਉਸ ਵੇਲੇ ਜਿਵੇਂ ਤੁਹਾਨੂੰ ਟਿਕਟਾਂ ਮਿਲਦੀਆਂ ਹਨ, ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਇਸ ਲਈ ਹੌਕੇ ਨਾ ਲਓ, ਦੇਖੋ ਬੈਠਕੇ ਅਸੀਂ ਕੰਮ ਕਰ ਰਹੇ ਹਾਂ। 

ਇਹ ਵੀ ਪੜ੍ਹੋ- ਪਹਿਲਾਂ ਦੋਸਤ ਨੂੰ ਫੋਨ ਕਰ ਖ਼ੁਦਕੁਸ਼ੀ ਕਰਨ ਦੀ ਕਹੀ ਗੱਲ, ਫਿਰ ਉਸ ਦੇ ਸਾਹਮਣੇ ਇੰਝ ਲਾਇਆ ਮੌਤ ਨੂੰ ਗਲੇ

ਮੰਤਰੀ ਮਾਨ ਨੇ ਵਿਰੋਧੀਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਵੰਗਾਰਿਆ ਹੈ ਤੇ ਅਸੀਂ ਆਮ ਘਰਾਂ ਦੇ ਬੱਚੇ ਤੁਹਾਨੂੰ ਕੰਮ ਕਰ ਕੇ ਦਿਖਾਵਾਂਗੇ। ਸਾਡੇ ਘਰ ਨਹੀਂ ਵੱਡੇ ਪਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਦਿਲ ਬਹੁਤ ਵੱਡਾ ਹੈ ਤੇ ਨਾ ਹੀ ਤੁਸੀਂ ਸੱਤ ਜਨਮ ਲੈ ਕੇ ਉਨ੍ਹਾਂ ਦੀ ਰੀਸ ਕਰ ਸਕਦੇ ਹੋ ਤੇ ਨਾ ਹੀ ਹੋਣੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਮੁੱਖ ਮੰਤਰੀ ਭਗੰਵਤ ਮਾਨ ਦੀ ਅਗਵਾਈ 'ਚ ਕੰਮ ਕਰਦੇ ਹਾਂ। ਅਸੀਂ ਜ਼ਮੀਨੀ ਪੱਧਰ 'ਤੇ ਰੋਜ਼ਾਨਾ ਪਹੁੰਚਦੇ ਹਾਂ ਪਰ ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਿਆ ਸੀ ਕਦੇ? ਤੇ ਸੁਖਬੀਰ ਬਾਦਲ ਵਪਾਰ ਕਰਨ ਤੋਂ ਬਿਨਾਂ ਬਾਹਰ ਨਹੀਂ ਨਿਕਲਦੇ ਸੀ। ਬਾਕੀ ਸਭ ਨੂੰ ਪਤਾ ਹੈ ਕਿ ਬੱਚਿਆਂ ਨੂੰ ਚਿੱਟੇ 'ਤੇ ਕਿਸ ਨੇ ਤੇ ਇਹ ਇਲਜ਼ਾਮ ਤੁਸੀਂ ਸਾਡੇ 'ਤੇ ਸਵਾਲ ਚੁੱਕ ਰਹੇ ਹੋ। ਮੈਡੀਕਲ ਨਸ਼ੇ ਦੀ ਵਿਕਰੀ ਦੇ ਸਵਾਲ 'ਤੇ ਮੰਤਰੀ ਮਾਨ ਨੇ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੈਡੀਕਲ ਦੀਆਂ ਬਹੁਤ ਦੁਕਾਨਾਂ 'ਤੇ ਚੈਕਿੰਗ ਕਰ ਉਨ੍ਹਾਂ ਦੀਆਂ ਦੁਕਾਨਾਂ ਜ਼ਬਤ ਕੀਤੀਆਂ ਹਨ ਤੇ ਸਰਕਾਰ ਇਸ ਮੁੱਦੇ ਲਈ ਬਹੁਤ ਗੰਭੀਰ ਹੈ। ਕੋਈ ਵੀ ਬੰਦਾ ਕਿਸੇ ਵੀ ਤਰੀਕੇ ਇਸ ਕੰਮ 'ਚ ਮਿਲਿਆ ਤਾਂ ਉਸ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News