ਆਪਣੇ ਮੰਤਰੀ ਦਾ ਘਪਲਾ ਲੁਕਾਉਣ ਲਈ ਮਾਮਲੇ ਨੂੰ ਝੂਠਾ ਤੇ ਨਵਾਂ ਮੋੜ ਦੇਣ ਦੀ ਕੋਸ਼ਿਸ਼ ਨਾ ਕਰਨ ਕੈਪਟਨ: ਬਾਜਵਾ

08/30/2020 9:41:50 PM

ਗੁਰਦਾਸਪੁਰ,(ਹਰਮਨ)- ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕੋਲੋਂ ਮੰਗੇ ਅਸਤੀਫੇ ਦੇ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਪਿਛਲੀ ਕੈਪਟਨ ਸਰਕਾਰ ਮੌਕੇ ਹੋਏ ਲੁੱਕ ਘੁਟਾਲੇ ਦਾ ਹਵਾਲਾ ਦੇ ਕੇ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਉਲਟ ਬਾਜਵਾ ਨੇ ਕੈਪਟਨ ਦੀ ਇਸ ਕੋਸ਼ਿਸ਼ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਇਹ ਦੋਵੇਂ ਮਾਮਲੇ ਬਿਲਕੁੱਲ ਵੱਖਰੇ ਹਨ, ਜਿਨ੍ਹਾਂ ਦੀ ਤੁਲਨਾ ਕਰਨਾ ਅਤੇ ਉਦਾਹਰਨ ਦੇਣ ਦੀ ਕੋਈ ਤੁੱਕ ਹੀ ਨਹੀਂ ਬਣਦੀ।
ਬਾਜਵਾ ਨੇ ਕਿਹਾ ਕਿ ਕੈਪਟਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਧੂ ਸਿੰਘ ਧਰਮਸੋਤ ਖਿਲਾਫ ਲਗਾਏ ਜਾ ਰਹੇ ਦੋਸ਼ ਕਿਸੇ ਸਿਆਸੀ ਆਗੂ ਜਾਂ ਹੋਰ ਵਿਅਕਤੀ ਨੇ ਨਹੀਂ ਲਗਾਏ ਸਗੋਂ ਇਹ ਅਜਿਹੇ ਗੰਭੀਰ ਦੋਸ਼ ਹਨ ਜੋ ਇਸ ਕੈਬਨਿਟ ਮੰਤਰੀ ਦੇ ਆਪਣੇ ਵਿਭਾਗ ਨਾਲ ਸਬੰਧਤ ਅਤੇ ਸਰਕਾਰ ਦੇ ਆਪਣੇ ਆਈ ਏ ਐੱਸ ਅਧਿਕਾਰੀ ਦੀ ਉੱਚ ਪੱਧਰੀ ਜਾਂਚ ਅਤੇ ਤੱਥਾਂ ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਆਏ ਕਰੋੜਾਂ ਰੁਪਏ ਦਾ ਸੂਬੇ ਦੇ ਕਾਲਜਾਂ ਵਿੱਚੋਂ ਕੋਈ ਹਿਸਾਬ ਨਾ ਮਿਲਣਾ ਆਪਣੇ ਆਪ ਵਿੱਚ ਇੱਕ ਵੱਡਾ ਘਪਲਾ ਹੈ। ਇਸ ਲਈ ਉਹ ਇਹ ਮੰਗ ਕਰ ਰਹੇ ਹਨ ਕੇ ਜਿੰਨੀ ਦੇਰ ਇਸ ਘਪਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੇ ਅਹੁਦੇ 'ਤੇ ਰਹਿਣਗੇ, ਉਨੀ ਦੇਰ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ।ਇਸੇ ਕਾਰਨ ਉਨ੍ਹਾਂ ਨੇ ਸਾਰੀ ਸਚਾਈ ਸਾਹਮਣੇ ਲਿਆਉਣ ਲਈ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਸੀ।
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹੀ ਕੈਬਨਿਟ ਮੰਤਰੀ ਹੈ ਜਿਸ ਨੇ ਉਸ ਡਿਪਟੀ ਡਾਇਰੈਕਟਰ ਨੂੰ ਇਸ ਯੋਜਨਾ ਦਾ ਇੰਚਾਰਜ਼ ਨਿਯੁਕਤ ਕੀਤਾ ਸੀ ਜਿਸ ਨੂੰ ਕੁਝ ਪਹਿਲਾਂ ਸਾਬਕਾ ਮੁੱਖ ਸਕੱਤਰ ਨੇ ਮੁਅੱਤਲ  ਕਰ ਦਿੱਤਾ ਸੀ। ਬਾਜਵਾ ਨੇ ਕਿਹਾ ਕਿ ਇਸ ਵੱਡੇ ਘਪਲੇ ਵਿਚ ਹੋਰ ਵੀ ਅਜਿਹਾ ਬਹੁਤ ਕੁਝ ਹੈ ਜੋ ਲੋਕਾਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ।
ਪਰ ਕੈਪਟਨ ਅਮਰਿੰਦਰ ਸਿੰਘ ਅਜਿਹਾ ਕਰਨ ਦੀ ਬਜਾਏ ਇਸ ਨੂੰ 16 ਸਾਲ ਪਹਿਲਾਂ ਦੇ ਲੁੱਕ ਘੁਟਾਲੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਹ ਭੁੱਲ ਗਏ ਹਨ ਕਿ ਉਹ ਘੁਟਾਲਾ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵਿੱਚ 1997 ਤੋਂ 2002 ਦੌਰਾਨ ਹੋਇਆ ਸੀ ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਸੀ ਤਾਂ ਉਸ ਮੌਕੇ 2004 ਦੌਰਾਨ ਵਿਜੀਲੈਂਸ ਨੇ ਉਕਤ ਲੁੱਕ ਘੁਟਾਲੇ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਸੀ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਿਉਂ ਭੁੱਲ ਗਏ ਹਨ ਕਿ ਉਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹੋਣ ਦੇ ਨਾਤੇ ਪ੍ਰਤਾਪ ਸਿੰਘ ਬਾਜਵਾ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਘੁਟਾਲੇ ਦੀ ਜਾਂਚ ਵਿੱਚ ਕੋਈ ਨਾਮ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮਾਮਲਾ ਲੰਮਾ ਸਮਾਂ ਜਾਂਚ ਦਾ ਵਿਸ਼ਾ ਰਿਹਾ ਸੀ ਅਤੇ ਅਖੀਰ ਪਿਛਲੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਮੌਕੇ 2014 ਦੌਰਾਨ ਵਿਜੀਲੈਂਸ ਨੇ ਅਦਾਲਤ ਵਿੱਚ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ਸੌਂਪ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰਕੇ ਬੰਦ ਵੀ ਕਰ ਦਿੱਤਾ ਸੀ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗਲਤੀ ਅਤੇ ਆਪਣੇ ਕੈਬਨਿਟ ਮੰਤਰੀ ਦਾ ਘਪਲਾ ਛੁਪਾਉਣ ਲਈ ਇਸ ਮਾਮਲੇ ਨੂੰ ਇੱਕ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਜਵਾ ਨੇ ਕੈਪਟਨ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਆਗੂ ਜਾਂ ਕਿਸੇ ਬਾਹਰਲੀ ਪਾਰਟੀ ਦਾ ਕੋਈ ਵਿਅਕਤੀ ਕਾਂਗਰਸ ਦੀ ਸਾਖ ਨੂੰ ਨੁਕਸਾਨ ਪਹੁੰਚਾਵੇ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਮੁੱਦੇ ਚੁੱਕ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ ਅਤੇ ਕਿਸੇ ਵੀ ਹਾਲਤ ਵਿੱਚ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਗੇ।


Bharat Thapa

Content Editor

Related News