ਮਾਈਨਿੰਗ ਮਾਫੀਆ ਨੇ ਰਾਵੀ ਦਰਿਆ ''ਚ ਫਿਰ ਬਣਾਇਆ ਨਾਜਾਇਜ਼ ਪੁਲ
Thursday, Feb 01, 2018 - 10:41 AM (IST)
ਪਠਾਨਕੋਟ/ਬਮਿਆਲ (ਸ਼ਾਰਦਾ, ਰਾਕੇਸ਼) - ਰਾਵੀ ਦਰਿਆ 'ਚ ਮਾਈਨਿੰਗ ਮਾਫੀਆ ਵੱਲੋਂ ਇਕ ਵਾਰ ਫਿਰ ਜ਼ਿਲੇ ਦੀ ਸੁਰੱਖਿਆ ਨੂੰ ਦਾਅ 'ਤੇ ਲਾ ਦਿੱਤਾ ਗਿਆ ਹੈ ਤੇ ਜ਼ਿਲਾ ਪ੍ਰਸ਼ਾਸਨ ਨੂੰ ਚੁਣੌਤੀ ਦਿੰਦੇ ਹੋਏ ਇਕ ਵਾਰ ਫਿਰ ਰਾਵੀ ਦਰਿਆ ਵਿਚ ਨਾਜਾਇਜ਼ ਪੁਲ ਬਣਾ ਕੇ ਆਪਣੇ ਨਿੱਜੀ ਵਾਹਨਾਂ ਲਈ ਰਸਤਾ ਬਣਾ ਦਿੱਤਾ ਗਿਆ ਹੈ।ਪੰਜਾਬ 'ਚ ਕਾਂਗਰਸ ਸਰਕਾਰ ਆਉਣ ਤੋਂ ਕੁਝ ਸਮੇਂ ਬਾਅਦ ਹੀ ਸਰਕਾਰ ਵੱਲੋਂ ਮਾਈਨਿੰਗ ਮਾਫ਼ੀਆ ਖਿਲਾਫ਼ ਕੀਤੀ ਗਈ ਸਰਜੀਕਲ ਸਟ੍ਰਾਈਕ ਤਹਿਤ ਨਰੋਟ ਜੈਮਲ ਸਿੰਘ ਦੇ ਇਸ ਸਰਹੱਦੀ ਖੇਤਰ 'ਚ ਵਗਦੇ ਰਾਵੀ 'ਤੇ ਮਾਈਨਿੰਗ ਮਾਫੀਆ ਵੱਲੋਂ ਨਾਜਾਇਜ਼ ਤੌਰ 'ਤੇ ਬਣਾਏ ਗਏ ਪੁਲਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਉਠਾਇਆ ਗਿਆ ਇਹ ਕਦਮ ਮਾਈਨਿੰਗ ਮਾਫੀਆ 'ਤੇ ਨਕੇਲ ਕੱਸਣ ਦੇ ਨਾਲ-ਨਾਲ ਜ਼ਿਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਚੁੱਕਿਆ ਗਿਆ ਸੀ ਕਿਉਂਕਿ ਇਨ੍ਹਾਂ ਚੋਰ ਰਸਤਿਆਂ ਜ਼ਰੀਏ ਗੈਰ-ਸਮਾਜਿਕ ਅਨਸਰ ਬੜੀ ਆਸਾਨੀ ਨਾਲ ਜ਼ਿਲੇ 'ਚ ਦਾਖਲ ਹੋ ਸਕਦੇ ਹਨ।
ਜਦੋਂ ਇਸ ਸੰਬੰਧ 'ਚ ਐੱਸ. ਪੀ. ਆਪ੍ਰੇਸ਼ਨ ਹੇਮ ਪੁਸ਼ਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਨਾਜਾਇਜ਼ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਮਾਮਲੇ ਦੀ ਜਾਣਕਾਰੀ ਹਾਸਲ ਕਰ ਕੇ ਅਗਲੀ ਕਾਰਵਾਈ ਕਰਨਗੇ।