79 ਕਾਰਡਾਂ ਤੋਂ ਲੱਖਾਂ ਰੁਪਏ ਕਢਵਾ ਚੁੱਕਾ ਸੀ ਮਾਸਟਰ ਮਾਈਂਡ ਮੁਕਲ ਗਰਗ!
Friday, Aug 11, 2017 - 04:35 AM (IST)

ਲੁਧਿਆਣਾ, (ਪੰਕਜ)- ਏ. ਟੀ. ਐੱਮ. ਫਰਾਡ ਕੇਸਾਂ ਦੀ ਜਾਂਚ 'ਚ ਜੁਟੀ ਦੁੱਗਰੀ ਪੁਲਸ ਅਤੇ ਸਾਈਬਰ ਸੈੱਲ ਨੇ ਆਖਿਰਕਾਰ ਸ਼ਹਿਰ ਦੇ ਲੋਕਾਂ ਦੇ ਏ. ਟੀ. ਐੱਮ. ਕਾਰਡਾਂ ਦੇ ਕਲੋਨ ਤਿਆਰ ਕਰ ਕੇ ਲੱਖਾਂ ਰੁਪਏ ਨਕਦ ਅਤੇ ਸ਼ਾਪਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਮੁੱਖ ਦੋਸ਼ੀ ਮੁਕਲ ਗਰਗ ਤੋਂ ਇਲਾਵਾ ਚਾਰ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮਹਾਨਗਰ ਵਿਚ ਚੱਲ ਰਹੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਕੰਮ
ਕਰਦੇ ਸਨ। ਇਨ੍ਹਾਂ ਦੀ ਮਦਦ ਨਾਲ ਏ. ਟੀ. ਐੱਮ. ਲੁੱਟ ਕਾਂਡ ਨੇ ਸ਼ਹਿਰ ਵਿਚ ਹਾਹਾਕਾਰ ਮਚਾਈ ਹੋਈ ਸੀ।
ਇਸ ਸਬੰਧੀ ਕਰਵਾਏ ਪੱਤਰਕਾਰ ਸਮਾਗਮ ਵਿਚ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. (ਸਾਈਬਰ ਸੈੱਲ) ਰੁਪਿੰਦਰ ਕੌਰ ਭੱਟੀ ਅਤੇ ਏ. ਸੀ. ਪੀ. ਨਵੀਨ ਸ਼ਰਮਾ ਨੇ ਦੱਸਿਆ ਕਿ ਭਾਈ ਹਿੰਮਤ ਸਿੰਘ ਨਗਰ ਨਿਵਾਸੀ ਮਦਨ ਲਾਲ ਛਿੱਬੜ ਨੇ ਦੁੱਗਰੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸ ਦੇ ਏ. ਟੀ. ਐੱਮ. ਕਾਰਡ ਤੋਂ ਕਿਸੇ ਨੇ ਹਜ਼ਾਰਾਂ ਰੁਪਏ ਦੀ ਨਕਦੀ ਕਢਵਾ ਲਈ ਜਿਸ 'ਤੇ ਥਾਣਾ ਮੁਖੀ ਦਲਬੀਰ ਸਿੰਘ ਦੀ ਪੁਲਸ ਪਾਰਟੀ ਨੇ ਮਾਮਲੇ ਦੀ ਜਾਂਚ ਦੌਰਾਨ ਅਰਬਨ ਅਸਟੇਟ ਦੁੱਗਰੀ ਨਿਵਾਸੀ ਮੁਕਲ ਗਰਗ ਪੁੱਤਰ ਭਾਰਤ ਭੂਸ਼ਣ ਗਰਗ ਅਤੇ ਉਸ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਰਮਨਦੀਪ ਕੌਰ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮਹਾਨਗਰ ਵਿਚ ਦੋਵਾਂ ਦੀ ਅਗਵਾਈ ਵਿਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਕਿ ਧੋਖੇ ਨਾਲ ਲੋਕਾਂ ਦੇ ਏ. ਟੀ. ਐੱਮ. ਕਾਰਡਾਂ ਦਾ ਕਲੋਨ ਤਿਆਰ ਕਰ ਕੇ ਸਾਰੀ ਖੇਡ ਚਲਾ ਰਿਹਾ ਹੈ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਕਿ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਤੇਲ ਪਾਉਣ ਦਾ ਕੰਮ ਕਰਦੇ ਸਨ।