ਧੂੜਕੋਟ ਕਲਾਂ ਦੀ ਐਕਵਾਇਰ ਸ਼ਾਮਲਾਟ ਜ਼ਮੀਨ ''ਚ ਲੱਖਾਂ ਦਾ ਘਪਲਾ ਬੇਪਰਦ

Monday, Aug 21, 2017 - 03:38 AM (IST)

ਧੂੜਕੋਟ ਕਲਾਂ ਦੀ ਐਕਵਾਇਰ ਸ਼ਾਮਲਾਟ ਜ਼ਮੀਨ ''ਚ ਲੱਖਾਂ ਦਾ ਘਪਲਾ ਬੇਪਰਦ

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ)-   ਜਲੰਧਰ ਤੋਂ ਵਾਇਆ ਮੋਗਾ ਰਾਹੀਂ ਬਰਨਾਲਾ ਨੂੰ ਜਾਂਦੇ ਕੌਮੀ ਸ਼ਾਹ ਮਾਰਗ-71 ਨੂੰ ਚਾਰ-ਮਾਰਗੀ ਕਰਨ ਦੇ ਪ੍ਰਾਜੈਕਟ ਤਹਿਤ ਜ਼ਿਲੇ ਦੇ ਪਿੰਡ ਧੂੜਕੋਟ ਕਲਾਂ ਦੀ ਐਕਵਾਇਰ ਕੀਤੀ ਸ਼ਾਮਲਾਟ ਜ਼ਮੀਨ 'ਚ ਕਥਿਤ ਤੌਰ 'ਤੇ 58.55 ਲੱਖ ਰੁਪਏ ਦੇ ਘਪਲੇ ਦੀ ਆਖਿਰਕਾਰ ਪੁਸ਼ਟੀ ਹੋ ਗਈ ਹੈ, ਜਿਸ ਤਹਿਤ ਸਰਕਾਰ ਨੇ ਬੀ. ਡੀ. ਪੀ. ਓ., ਪੰਚਾਇਤ ਸੈਕਟਰੀ ਅਤੇ ਪਿੰਡ ਦੀ ਮਹਿਲਾ ਸਰਪੰਚ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ ਅਤੇ ਜ਼ਿਲਾ ਅਧਿਕਾਰੀਆਂ ਨੂੰ ਮਾਮਲੇ 'ਚ ਮੁਕੱਦਮਾ ਦਰਜ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ। ਜ਼ਿਲਾ ਪੰਚਾਇਤ ਅਫਸਰ ਲਖਵਿੰਦਰ ਸਿੰਘ ਰੰਧਾਵਾ ਨੇ ਤਤਕਾਲੀ ਬਲਾਕ ਪੰਚਾਇਤ ਅਫਸਰ ਮੋਗਾ-1 ਤੋਂ ਇਲਾਵਾ ਪਿੰਡ ਧੂੜਕੋਟ ਕਲਾਂ ਦੀ ਮਹਿਲਾ ਸਰਪੰਚ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਸ ਘੁਟਾਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਜਾਵੇਗਾ। 
ਇੱਥੇ ਦੱਸਣਾ ਬਣਦਾ ਹੈ ਕਿ ਪਿੰਡ ਦੀ ਪੰਚਾਇਤ ਨੂੰ ਨੈਸ਼ਨਲ ਹਾਈਵੇ ਮਾਰਗ ਦੀ ਐਕਵਾਇਰ ਸ਼ਾਮਲਾਟ ਜ਼ਮੀਨ 'ਚੋਂ ਮਿਲੇ ਲੱਖਾਂ ਰੁਪਏ ਦੀ ਦੁਰਵਰਤੋਂ ਹੋਣ ਦੀ ਪਿੰਡ ਵਾਸੀ ਤਰਸੇਮ ਸਿੰਘ ਤੇ ਹੋਰਨਾਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਮਗਰੋਂ ਮਾਮਲੇ ਦੀ ਪੜਤਾਲ ਡੀ. ਡੀ. ਪੀ. ਓ. ਮੋਗਾ ਵੱਲੋਂ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਮਾਮਲੇ ਦੀ ਮੁੱਢਲੀ ਜਾਂਚ ਹੀ ਪੰਚਾਇਤ ਅਫਸਰ ਜਸਪ੍ਰੀਤ ਸਿੰਘ, ਪੰਚਾਇਤ ਸਕੱਤਰ ਕਰਮ ਸਿੰਘ ਅਤੇ ਮਹਿਲਾ ਸਰਪੰਚ ਸਰਬਜੀਤ ਕੌਰ ਨੂੰ ਮਾਮਲੇ 'ਚ ਜ਼ਿੰਮੇਵਾਰ ਠਹਿਰਾਉਂਦਿਆਂ ਰਿਪੋਰਟ ਸਰਕਾਰ ਨੂੰ ਭੇਜੀ ਗਈ ਸੀ। 
ਦੂਜੇ ਪਾਸੇ ਮਾਮਲੇ ਦੀ ਜਾਂਚ ਦੇ ਸਮੇਂ ਤੋਂ ਹੀ ਪਿੰਡ ਦੇ ਸਰਪੰਚ ਸਰਬਜੀਤ ਕੌਰ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਤੋਂ ਇਲਾਵਾ ਹੋਰ ਵਿਕਾਸ ਕਾਰਜ ਵੀ ਕਰਵਾਏ ਹਨ, ਜਿਸ ਦਾ ਪੂਰਾ ਹਿਸਾਬ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾਯ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਇਸ ਮਾਮਲੇ 'ਚ ਫਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਸੀ ਪਰ ਇਸ ਜਾਂਚ ਤੋਂ ਪਹਿਲਾਂ ਹੀ ਹੋਈ ਜਾਂਚ ਦੇ ਆਧਾਰ 'ਤੇ ਸੂਬਾ ਸਰਕਾਰ ਨੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। 


Related News