ਕੌਂਸਲ ਦੀ ਲਾਪ੍ਰਵਾਹੀ ਕਾਰਨ ਲੱਖਾਂ ਦੀ ਮਸ਼ੀਨਰੀ ਬਣੀ ਕਬਾੜ
Wednesday, Nov 01, 2017 - 06:04 AM (IST)

ਰੂਪਨਗਰ, (ਵਿਜੇ)- ਨਗਰ ਕੌਂਸਲ ਰੂਪਨਗਰ ਦੇ ਕੁਝ ਵਾਹਨ ਅਤੇ ਮਸ਼ੀਨਰੀ ਵਾਟਰ ਵਰਕਸ 'ਤੇ ਕਬਾੜ ਬਣਦੀ ਜਾ ਰਹੀ ਹੈ, ਜਿਸ ਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈ। ਨਗਰ ਕੌਂਸਲ ਦਾ ਇਕ ਖਰਾਬ ਟਰੈਕਟਰ, ਇਕ ਕਾਰ, ਇਕ ਟੈਂਪੂ, 2 ਜਨਰੇਟਰ ਅਤੇ ਹੋਰ ਸਾਮਾਨ ਖੁੱਲ੍ਹੇ ਆਸਮਾਨ ਹੇਠ ਗਲ਼ ਰਿਹਾ ਹੈ ਅਤੇ ਕਬਾੜ ਬਣ ਰਿਹਾ ਹੈ। ਨਗਰ ਕੌਂਸਲ ਨੂੰ ਚਾਹੀਦਾ ਸੀ ਕਿ ਜਾਂ ਤਾਂ ਇਸ ਮਸ਼ੀਨਰੀ ਦੀ ਰਿਪੇਅਰ ਕਰਵਾ ਕੇ ਇਸ ਨੂੰ ਇਸਤੇਮਾਲ 'ਚ ਲਿਆਂਦਾ ਜਾ ਸਕਦਾ ਸੀ ਜਾਂ ਫਿਰ ਇਸ ਖਰਾਬ ਸਾਮਾਨ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਿਆ ਜਾ ਸਕਦਾ ਸੀ, ਜਿਸ ਨਾਲ ਨਗਰ ਕੌਂਸਲ ਨੂੰ ਆਮਦਨ ਹੋ ਸਕਦੀ ਪਰ ਹੁਣ ਇਹ ਮਸ਼ੀਨਰੀ ਕਬਾੜ ਬਣ ਗਈ ਹੈ ਅਤੇ ਇਸ ਦੀ ਕੀਮਤ ਕਾਫੀ ਘੱਟ ਹੋ ਗਈ ਹੈ। ਇਸ ਕਾਰਨ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਗਿਆ ਹੈ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਅਸ਼ੋਕ ਕੁਮਾਰ ਵਾਹੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਾਮਾਨ ਨੂੰ ਸਮੇਂ 'ਤੇ ਰਿਪੇਅਰ ਕਿਉਂ ਨਹੀਂ ਕਰਵਾਇਆ ਗਿਆ ਅਤੇ ਇਸ ਨੂੰ ਸਮੇਂ ਸਿਰ ਕਿਉਂ ਨਹੀਂ ਵੇਚਿਆ ਗਿਆ, ਜਿਸ ਕਾਰਨ ਕੌਂਸਲ ਨੂੰ ਲੱਖਾਂ ਰੁਪਏ ਚੂਨਾ ਲੱਗਿਆ ਹੈ। ਇਸ ਕੰਮ 'ਚ ਜ਼ਿੰਮੇਵਾਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਜੋ ਮਸ਼ੀਨਰੀ ਰਿਪੇਅਰ ਕਰਵਾਈ ਜਾ ਸਕਦੀ ਹੈ ਉਸ ਦੀ ਰਿਪੇਅਰ ਕਰਵਾਈ ਜਾਵੇਗੀ ਅਤੇ ਬਾਕੀ ਸਾਮਾਨ ਨੂੰ ਕਬਾੜ 'ਚ ਵੇਚ ਦਿੱਤਾ ਜਾਵੇਗਾ।