ਚੋਰਾਂ ਨੇ ਦਿਨ-ਦਿਹਾੜੇ ਘਰ ''ਚੋਂ ਉਡਾਏ ਲੱਖਾਂ ਦੇ ਗਹਿਣੇ

Friday, Aug 23, 2019 - 08:41 PM (IST)

ਚੋਰਾਂ ਨੇ ਦਿਨ-ਦਿਹਾੜੇ ਘਰ ''ਚੋਂ ਉਡਾਏ ਲੱਖਾਂ ਦੇ ਗਹਿਣੇ

ਸਮਰਾਲਾ (ਗਰਗ, ਗੁਰਪ੍ਰੀਤ)-ਇੱਥੋਂ ਨਜ਼ਦੀਕੀ ਪਿੰਡ ਕੋਟਲਾ ਸਮਸ਼ਪੁਰ ਵਿਖੇ ਦਿਨ-ਦਿਹਾੜੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚ ਪਈ 50 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਰੀਬ 5 ਲੱਖ ਰੁਪਏ ਕੀਮਤ ਦੇ 14 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਚੋਰਾਂ ਵੱਲੋਂ ਕੀਤੇ ਨੁਕਸਾਨ ਦੇ ਸਦਮੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਸ ਘਰ ਦੀ 58 ਸਾਲਾ ਇਕ ਬਜ਼ੁਰਗ ਔਰਤ ਨੇ ਵੀ ਸਦਮਾ ਨਾ ਬਰਦਾਸ਼ਤ ਕਰਦੇ ਹੋਏ ਦਮ ਤੋੜ ਦਿੱਤਾ। ਜਿਸ ਸਮੇਂ ਚੋਰੀ ਦੀ ਇਹ ਵਾਰਦਾਤ ਹੋਈ, ਉਸ ਵੇਲੇ ਸਾਰਾ ਪਰਿਵਾਰ ਨਵਜੰਮੀ ਧੀ ਦੀ ਪੰਜੀਰੀ ਲੈ ਕੇ ਗਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਫ਼ੌਜੀ ਵਾਸੀ ਕੋਟਲਾ ਸਮਸ਼ਪੁਰ ਨੇ ਦੱਸਿਆ ਕਿ ਉਸ ਦੇ ਘਰ ਬੇਟੀ ਹੋਈ ਸੀ ਅਤੇ ਬੀਤੇ ਦਿਨ ਉਹ ਆਪਣੇ ਪੂਰੇ ਪਰਿਵਾਰ ਸਮੇਤ ਆਪਣੇ ਸਹੁਰੇ ਘਰ ਪਿੰਡ ਬਿਦੋਸ਼ੀ ਕਲਾਂ ਵਿਖੇ ਪੰਜੀਰੀ ਲੈ ਕੇ ਗਏ ਹੋਏ ਸਨ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10:30 ਵਜੇ ਆਪਣੇ ਘਰ ਨੂੰ ਤਾਲੇ ਲਗਾ ਕੇ ਗਏ ਅਤੇ ਜਦੋਂ ਸ਼ਾਮ ਨੂੰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ। ਅੰਦਰ ਅਲਮਾਰੀ ਤੋੜ ਕੇ ਚੋਰਾਂ ਵੱਲੋਂ ਉਸ ਅੰਦਰ ਪਏ ਕਰੀਬ 14 ਤੋਲੇ ਸੋਨੇ ਦੇ ਗਹਿਣੇ, 50 ਹਜ਼ਾਰ ਦੀ ਨਕਦੀ ਅਤੇ ਹੋਰ ਵੀ ਕਾਫ਼ੀ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਨੇ ਉਸੇ ਵੇਲੇ ਪੁਲਸ ਨੂੰ ਇਤਲਾਹ ਦਿੱਤੀ ਅਤੇ ਮੌਕੇ 'ਤੇ ਆਈ ਪੁਲਸ ਵੱਲੋਂ ਪੜਤਾਲ ਵੀ ਕੀਤੀ ਗਈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਅਤੇ ਚੋਰਾਂ ਵੱਲੋਂ ਕੱਖ ਵੀ ਨਹੀਂ ਛੱਡਿਆ ਗਿਆ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਐਨੇ ਭਾਰੀ ਨੁਕਸਾਨ ਨੂੰ ਉਨ੍ਹਾਂ ਦੀ ਮਾਤਾ ਚਰਨਜੀਤ ਕੌਰ (58) ਸਹਾਰ ਨਹੀਂ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਪੁਲਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਪਰ ਪੁਲਸ ਨੇ ਚੋਰਾਂ ਦੀ ਭਾਲ ਲਈ ਕੋਈ ਬਹੁਤੀ ਸਰਗਰਮੀ ਨਹੀਂ ਵਿਖਾਈ।

ਇੱਥੇ ਜ਼ਿਕਰਯੋਗ ਹੈ ਕਿ ਸਮਰਾਲਾ ਇਲਾਕੇ 'ਚ ਚੋਰਾਂ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਕਾਬੂ ਪਾਉਣ ਵਿਚ ਸਥਾਨਕ ਪੁਲਸ ਪੂਰੀ ਤਰ੍ਹਾਂ ਨਾਲ ਅਫ਼ਸਲ ਸਿੱਧ ਹੋ ਰਹੀ ਹੈ। ਇਲਾਕੇ 'ਚ ਘੁੰਮ ਰਿਹਾ ਚੋਰ ਗਿਰੋਹ ਦਿਨ-ਦਿਹਾੜੇ ਸੁੰਨ੍ਹੇ ਪਏ ਘਰਾਂ 'ਚ ਇਕ ਤੋਂ ਬਾਅਦ ਇਕ ਚੋਰੀ ਦੀਆਂ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹੋਏ ਪੁਲਸ ਨੂੰ ਖੁੱਲ੍ਹੀ ਚੁਣੌਤੀ ਦੇ ਰਿਹਾ ਹੈ। ਪਿਛਲੇ ਇਕ ਹਫ਼ਤੇ 'ਚ ਪੰਜ ਤੋਂ ਵੱਧ ਚੋਰੀਆਂ ਸੁੰਨ੍ਹੇ ਪਏ ਘਰਾਂ ਵਿਚ ਹੋ ਚੁੱਕੀਆਂ ਹਨ। ਇਨ੍ਹਾਂ ਚੋਰਾਂ ਨੇ ਦੇਸ਼ ਦੀ ਸੁਰੱਖਿਆ ਲਈ ਡਿਊਟੀ ਦੇ ਰਹੇ ਪਿੰਡ ਰੁਪਾਲੋਂ ਦੇ ਫ਼ੌਜੀ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਅਤੇ ਹੁਣ ਇਕ ਵਾਰ ਫ਼ਿਰ ਸਾਬਕਾ ਫ਼ੌਜੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਕੰਗਾਲ ਕਰ ਦਿੱਤਾ।


author

Karan Kumar

Content Editor

Related News