ਲੱਖਾਂ ਰੁਪਏ ਦੀਆਂ ਫਾਈਲਾਂ ਹੋਈਆਂ ਪਾਸ, ਗੱਡੀਆਂ ਫਿਰ ਵੀ ਕੰਡਮ, ਕਿੱਥੇ ਗਏ ਪੈਸੇ
Monday, Aug 14, 2017 - 05:20 AM (IST)
ਅੰਮ੍ਰਿਤਸਰ, (ਰਮਨ)- ਨਗਰ ਨਿਗਮ ਆਟੋ ਵਰਕਸ਼ਾਪ ਹਮੇਸ਼ਾ ਯੂਨੀਅਨਾਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਉਸ ਕੋਲ ਗੱਡੀਆਂ ਠੀਕ ਕਰਨ ਲਈ ਮਕੈਨਿਕ ਤਾਂ ਹਨ ਪਰ ਗੱਡੀਆਂ ਠੀਕ ਕਰਨ ਲਈ ਵਰਕਸ਼ਾਪ ਵਿਚ ਸਾਮਾਨ ਨਹੀਂ ਹੈ। ਵਰਕਸ਼ਾਪ ਵਿਚ ਮਕੈਨਿਕਾਂ ਨੂੰ ਹਜ਼ਾਰਾਂ ਰੁਪਏ ਤਨਖਾਹ ਦਿੱਤੀ ਜਾਂਦੀ ਹੈ ਪਰ ਸਾਮਾਨ ਨਾ ਉਪਲਬਧ ਹੋਣ 'ਤੇ ਉਹ ਵੀ ਮਾਯੂਸ ਰਹਿੰਦੇ ਹਨ ਅਤੇ ਨਿਗਮ ਦੇ ਸਰਕਾਰੀ ਡਰਾਈਵਰ ਵੀ ਕਈ ਵਾਰ ਆਪ ਹੀ ਸਾਮਾਨ, ਫਿਲਟਰ ਅਤੇ ਤੇਲ ਲੈ ਕੇ ਗੱਡੀ ਠੀਕ ਕਰਵਾਉਂਦੇ ਹਨ ਕਿ ਕਿਤੇ ਇਹ ਗੱਡੀਆਂ ਰੁਕ ਨਾ ਜਾਣ ਪਰ ਅਧਿਕਾਰੀ ਆਊਟ-ਸੋਰਸਿੰਗ ਵੱਲੋਂ ਹੀ ਕੰਮ ਕਰਵਾਉਣ ਨੂੰ ਤਿਆਰ ਹੁੰਦੇ ਹਨ।
ਇਸ ਨੂੰ ਲੈ ਕੇ ਅੰਮ੍ਰਿਤਸਰ ਯੂਥ ਐਸੋਸੀਏਸ਼ਨ ਦੇ ਆਰ. ਟੀ. ਆਈ. ਐਕਟੀਵਿਸਟ ਰਾਜਿੰਦਰ ਸ਼ਰਮਾ ਰਾਜੂ, ਰਵਿੰਦਰ ਸੁਲਤਾਨਵਿੰਡ, ਜੈ ਗੋਪਾਲ ਲਾਲੀ, ਰਜਨੀਸ਼ ਸ਼ਰਮਾ, ਸੋਨੂੰ ਬਾਬਾ, ਰਾਜੇਸ਼ ਵਿਜ, ਪਰਵਿੰਦਰ ਸਿੰਘ, ਅਮਰੀਕ ਸ਼ਿੰਦਾ, ਅਨਿਲ ਡੋਗਰਾ, ਸਤਪਾਲ ਸਿੰਘ ਆਦਿ ਨੇ ਦੱਸਿਆ ਕਿ ਆਰ. ਟੀ. ਆਈ. ਵੱਲੋਂ ਨਿਗਮ ਕੋਲੋਂ ਬਿਓਰਾ ਮੰਗਿਆ ਜਾਵੇਗਾ ਕਿ 5 ਸਾਲਾਂ ਵਿਚ ਕਿੰਨੀਆਂ 50 ਹਜ਼ਾਰ ਰੁਪਏ ਦੀਆਂ ਫਾਈਲਾਂ 'ਚ ਗੱਡੀਆਂ ਠੀਕ ਕਰਵਾਉਣ ਲਈ ਪਾਸ ਕਰਵਾਈਆਂ ਹਨ ਅਤੇ ਆਟੋ ਵਰਕਸ਼ਾਪ 'ਚ ਮਕੈਨਿਕ ਹੁੰਦੇ ਹੋਏ ਵੀ ਕੀ ਅਜਿਹਾ ਹੋਇਆ ਕਿ ਆਊਟ-ਸੋਰਸਿੰਗ ਨਾਲ ਗੱਡੀਆਂ ਠੀਕ ਕਰਵਾਈਆਂ ਹਨ। ਰਾਜੂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਨਗਰ ਨਿਗਮ 'ਚ ਹਨੇਰ ਨਗਰੀ ਅਤੇ ਚੌਪਟ ਰਾਜਾ ਵਾਲਾ ਹਿਸਾਬ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਆਪਣੇ ਨਿੱਜੀ ਫਾਇਦਿਆਂ ਲਈ ਫਾਈਲਾਂ ਪਾਸ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਨਿਗਮ 'ਚ ਇਕ ਵੱਡੀ ਗੜਬੜੀ ਬਣ ਕੇ ਸਾਹਮਣੇ ਆਵੇਗੀ, ਜਿਸ ਦਾ ਉਹ ਪਰਦਾਫਾਸ਼ ਕਰਨਗੇ। ਨਿਗਮ ਵਿਚ ਕਿਸੇ ਵੀ ਅਧਿਕਾਰੀ ਖਿਲਾਫ ਜੇਕਰ ਜਾਂਚ ਬੈਠਦੀ ਹੈ ਤਾਂ ਉਸ ਨੂੰ ਲੈ ਕੇ ਗੱਲ ਨੂੰ ਦਬਾਅ ਦਿੱਤਾ ਜਾਂਦਾ ਹੈ ਤਾਂ ਕਿ ਗੱਲ ਬਾਹਰ ਨਾ ਨਿਕਲੇ। ਇਸ ਸਭ ਨੂੰ ਲੈ ਕੇ ਉਹ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਮੋਰਚਾ ਖੋਲ੍ਹਣ ਲਈ ਤਿਆਰ ਹਨ। ਜੇਕਰ ਲੱਖਾਂ ਰੁਪਏ ਦੀਆਂ ਫਾਈਲਾਂ ਪਾਸ ਹੋਈਆਂ ਹਨ ਅਤੇ ਕੰਮ ਹੋਏ ਹਨ ਤਾਂ ਗੱਡੀਆਂ ਕੰਡਮ ਅਤੇ ਕਬਾੜ ਦਾ ਰੂਪ ਕਿਉਂ ਧਾਰਨ ਕਰ ਰਹੀਆਂ ਹਨ।
ਸਿੱਧੂ ਪਹਿਲਾਂ ਆਪਣੇ ਇਨ੍ਹਾਂ ਵਿਭਾਗਾਂ ਨੂੰ ਕਰਨ ਚੈੱਕ : ਸ਼ਰਮਾ : ਸ਼ਰਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਥੇ ਕੇਬਲ ਦੇ ਪਿੱਛੇ ਪਏ ਹਨ, ਉਥੇ ਹੀ ਆਪਣੇ ਇਨ੍ਹਾਂ ਵਿਭਾਗਾਂ ਵਿਚ ਹੋਈ ਧਾਂਦਲੀ ਬਾਰੇ ਵੀ ਚੈਕਿੰਗ ਕਰਵਾਉਣ ਕਿ ਪਿਛਲੇ ਸਮੇਂ ਵਿਚ ਨਿਗਮ ਦੇ ਵਿੱਤੀ ਹਾਲਾਤ ਕਿਉਂ ਖ਼ਰਾਬ ਹੋਏ। ਅਖੀਰ ਫੰਡਾਂ ਦੇ ਪੈਸੇ ਕਿਥੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਆਟੋ ਵਰਕਸ਼ਾਪ ਦੇ ਪਿਛਲੇ 5 ਸਾਲਾਂ ਵਿਚ ਹੋਈਆਂ ਗੱਡੀਆਂ ਦੀ ਮੁਰੰਮਤ ਨੂੰ ਲੈ ਕੇ ਪਾਸ ਹੋਈਆਂ ਫਾਈਲਾਂ ਬਾਰੇ ਜਾਂਚ ਕਰਵਾਉਣ, ਆਪਣੇ-ਆਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਨਾਮੋ-ਨਿਸ਼ਾਨ ਮਿਟਣ ਦੀ ਤਿਆਰੀ 'ਚ ਨਿਗਮ ਆਟੋ ਵਰਕਸ਼ਾਪ : ਨਿਗਮ ਦੇ ਕਰਮਚਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਆਟੋ ਵਰਕਸ਼ਾਪ ਵਿਚ ਹਰ ਕੰਮ ਹੁੰਦਾ ਸੀ। ਹਰ ਛੋਟੀ-ਵੱਡੀ ਗੱਡੀ ਇਥੇ ਹੀ ਠੀਕ ਅਤੇ ਰਿਪੇਅਰ ਹੁੰਦੀ ਸੀ ਪਰ ਨਿੱਤ ਦਿਨ ਅਧਿਕਾਰੀਆਂ ਦੀ ਵਜ੍ਹਾ ਨਾਲ ਹੀ ਅੱਜ ਆਟੋ ਵਰਕਸ਼ਾਪ ਦਾ ਨਾਮੋ-ਨਿਸ਼ਾਨ ਮਿਟਣ ਦਾ ਸਮਾਂ ਆ ਗਿਆ ਹੈ। ਜੇਕਰ ਅਜੋਕੇ ਸਮੇਂ ਵਿਚ ਪਿਛਲੇ ਸਾਲਾਂ ਦਾ ਰਿਵਿਊ ਕੀਤਾ ਜਾਵੇ ਤਾਂ ਆਪਣੇ-ਆਪ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਸਾਹਮਣੇ ਆ ਜਾਵੇਗੀ। ਅਧਿਕਾਰੀ ਆਊਟ-ਸੋਰਸਿੰਗ ਨਾਲ ਕੰਮ ਕਰਵਾਉਣਾ ਪਸੰਦ ਕਰਦੇ ਹਨ ਤਾਂ ਕਿ ਬਾਹਰ ਤੋਂ ਕਮੀਸ਼ਨਾਂ ਆ ਸਕਣ, ਬਲਕਿ ਨਿਗਮ ਵਿਚ 3 ਮਕੈਨਿਕ ਤੇ 11 ਹੈਲਪਰ ਮੌਜੂਦ ਹਨ ਪਰ ਉਨ੍ਹਾਂ ਤੋਂ ਕੰਮ ਨਹੀਂ ਲਿਆ ਜਾਂਦਾ।
ਵਰਕਸ਼ਾਪ ਵਿਚ ਪੈਂਚਰ ਲਾਉਣ ਵਾਲੀ ਮੋਟਰ ਨਹੀਂ ਹੈ, ਨਟ-ਬੋਲਟ, ਵੈਲਡਿੰਗ ਰਾਡ, ਫਿਲਟਰ, ਬੈਅਰਿੰਗ ਤੇ ਟਾਇਰ-ਟਿਊਬ ਨਹੀਂ ਹੈ। ਨਿਗਮ ਵਿਚ ਵੈਲਡਰ ਹੈ ਪਰ ਵੈਲਡਿੰਗ ਕਰਨ ਦਾ ਸਾਮਾਨ ਨਹੀਂ ਹੈ। ਖਰਾਦ ਦੀਆਂ ਮਸ਼ੀਨਾਂ, ਟਾਇਰਾਂ 'ਚ ਹਵਾ ਭਰਨ ਵਾਲੀਆਂ ਮਸ਼ੀਨਾਂ ਕਬਾੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਅਧਿਕਾਰੀ ਆਟੋ ਵਰਕਸ਼ਾਪ ਦੀ ਸੁੱਧ ਨਹੀਂ ਲੈਂਦੇ, ਜਿਸ ਨਾਲ ਅੱਜ ਹਾਲਾਤ ਇਹ ਹਨ ਕਿ ਵਰਕਸ਼ਾਪ ਦੀ ਛੱਤ ਕਦੇ ਵੀ ਡਿੱਗ ਸਕਦੀ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਸ ਨੂੰ ਲੈ ਕੇ ਵੀ ਯੂਨੀਅਨਾਂ ਵੱਲੋਂ ਲਿਖਤੀ ਦਿੱਤਾ ਗਿਆ ਪਰ ਸਿਵਲ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਐਕਸੀਅਨ ਤਿਲਕ ਰਾਜ ਜੱਸੜ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
