ਮਿਲਕਫੈੱਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਦੁਬਈ ''ਚ ਫੂਡ ਐਗਜ਼ੀਬਿਸ਼ਨ ''ਚ ਹੋਏ ਸ਼ਾਮਲ

02/20/2020 1:35:26 PM

ਜਲੰਧਰ (ਚੋਪੜਾ)— ਦੁਬਈ 'ਚ ਗਲਫੂਡ ਵਿਚ ਲੱਗੀ ਫੂਡ ਐਗਜ਼ੀਬਿਸ਼ਨ ਵਿਚ ਮਿਲਕਫੈੱਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਮਿਲਕਫੈੱਡ ਵੱਲੋਂ ਬੂਥ ਲਾ ਕੇ ਵੇਰਕਾ ਬ੍ਰਾਂਡ ਦੇ ਉਤਪਾਦ ਦੀ ਪ੍ਰਦਰਸ਼ਨੀ ਕੀਤੀ ਗਈ। ਐਗਜ਼ੀਬਿਸ਼ਨ 'ਚ ਸ਼ਾਮਲ ਲੋਕਾਂ ਨੇ ਵੇਰਕਾ ਉਤਪਾਦਾਂ 'ਚ ਕਾਫੀ ਰੁਚੀ ਦਿਖਾਈ। ਇਸ ਦੌਰਾਨ ਕੈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਵੱਲੋਂ ਤਿਆਰ ਕੀਤੇ ਜਾ ਰਹੇ ਖੁਰਾਕ ਉਤਪਾਦਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਉਨ੍ਹਾਂ ਨੇ ਵਿਸ਼ਵ ਭਰ ਤੋਂ ਆਏ ਦੁੱਧ ਉਤਪਾਦਕਾਂ ਨਾਲ ਗੱਲਬਾਤ ਕੀਤੀ ਅਤੇ ਦੁੱਧ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਨੂੰ ਬਾਰੀਕੀ ਨਾਲ ਸਮਝਿਆ ਹੈ ਤਾਂ ਕਿ ਉਕਤ ਤਕਨੀਕਾਂ ਨੂੰ ਵੇਰਕਾ ਦੇ ਪਲਾਂਟ ਅਪਣਾਉਂਦੇ ਹੋਏ ਇਨ੍ਹਾਂ ਤੋਂ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਕਿ ਮਿਲਕਫੈੱਡ ਲੋਕਾਂ ਦੀ ਪਹਿਲਾਂ ਤੋਂ ਵੀ ਜ਼ਿਆਦਾ ਗੁਣਵੱਤਾ ਨਾਲ ਭਰਪੂਰ ਖੁਰਾਕੀ ਸਮੱਗਰੀ ਮੁਹੱਈਆ ਕਰਵਾਏ ਅਤੇ ਕਿਸਾਨਾਂ ਦੀ ਆਮਦਨ ਵਧਾ ਕੇ ਉਨ੍ਹਾਂ ਨੂੰ ਖੁਸ਼ਹਾਲ ਜੀਵਨ ਜਿਊਣ ਦੇ ਸਮਰੱਥ ਬਣਾਇਆ ਜਾ ਸਕੇ। 

ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਚੇਅਰਮੈਨ ਦੇ ਨਾਲ ਇਕ ਬਿਜ਼ਨੈੱਸਮੈਨ ਹੋਣ ਦੇ ਨਾਤੇ ਉਨ੍ਹਾਂ ਐਗਜ਼ੀਬਿਸ਼ਨ 'ਚ ਸ਼ਾਮਲ ਹੋਏ ਵੱਡੇ ਵਪਾਰੀਆਂ ਨੂੰ ਵੇਰਕਾ ਨਾਲ ਜੋੜਿਆ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਵੇਰਕਾ ਦੀ ਮਾਰਕੀਟ ਨੂੰ ਬੜ੍ਹਾਵਾ ਦੇਣ ਨੂੰ ਵਿਭਾਗ ਹਰੇਕ ਸਹਿਯੋਗ ਦੇਵੇਗਾ। ਇਸ ਦੌਰਾਨ ਮੁੱਖ ਸਲਾਹਕਾਰ ਦੇ ਓ. ਐੱਸ. ਡੀ. ਕਰਣਵੀਰ ਸਿੰਘ, ਮਿਲਕਫੈੱਡ ਦੇ ਜੀ. ਐੱਮ. ਰੂਪਇੰਦਰ ਸੇਖੋਂ, ਨਿਤੇਸ਼ ਸਾਂਗਵਾਨ, ਪੰਜਾਬ ਐਗਰੋ ਤੋਂ ਭਵਾਂਦੀਪ ਸਿੰਘ ਸਿੱਧੂ, ਮਾਰਕਫੈੱਡ ਦੇ ਡਿਪਟੀ ਚੀਫ ਮੈਨੇਜਰ ਸੰਜੀਵ ਮਨਕਤਲਾ, ਜੀ. ਐੱਮ. ਰਮਨਦੀਪ ਮਿਨਹਾਸ ਤੇ ਹੋਰ ਵੀ ਮੌਜੂਦ ਸਨ।


shivani attri

Content Editor

Related News