ਹੁਣ ਲੋਕ ਦੁੱਧ ਦੇ ਨਾਲ ਪਾਣੀ ਦੀ ਸ਼ੁੱਧਤਾ ਵੀ ਕਰਵਾ ਸਕਣਗੇ ਚੈੱਕ

Friday, Nov 24, 2017 - 03:16 PM (IST)

ਹੁਣ ਲੋਕ ਦੁੱਧ ਦੇ ਨਾਲ ਪਾਣੀ ਦੀ ਸ਼ੁੱਧਤਾ ਵੀ ਕਰਵਾ ਸਕਣਗੇ ਚੈੱਕ

ਚੰਡੀਗੜ੍ਹ (ਪਾਲ) : ਪਿਛਲੇ ਸਾਲ ਹੈਲਥ ਵਿਭਾਗ ਵਲੋਂ ਲਾਂਚ ਕੀਤੀ ਗਈ ਮੋਬਾਇਲ ਫੂਡ ਟੈਸਟਿੰਗ ਵੈਨ 'ਚ ਹੁਣ ਤਕ ਲੋਕ ਦੁੱਧ ਤੋਂ ਲੈ ਕੇ ਮਸਾਲਿਆਂ ਤਕ ਦੀ ਜਾਂਚ ਕਰਵਾ ਰਹੇ ਸਨ ਪਰ ਹੁਣ ਜਲਦ ਹੀ ਸ਼ਹਿਰ ਦੇ ਲੋਕ ਪਾਣੀ ਦੀ ਸ਼ੁੱਧਤਾ ਤੇ ਕਿਸੇ ਵੀ ਤਰ੍ਹਾਂ ਦੇ ਤਰਲ ਪਦਾਰਥ 'ਚ ਸ਼ੂਗਰ ਦੀ ਜਾਂਚ ਵੀ ਕਰਵਾ ਸਕਣਗੇ। ਹੈਲਥ ਵਿਭਾਗ ਜਲਦ ਹੀ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਹੋਰ ਮੋਬਾਈਲ ਫੂਡ ਟੈਸਟਿੰਗ ਵੈਨ ਲਾਂਚ ਕਰਨ ਵਾਲਾ ਹੈ। ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਨੂੰ ਰੋਕਣ ਲਈ ਵਿਭਾਗ ਨੇ ਪਿਛਲੇ ਸਾਲ ਮੋਬਾਇਲ ਫੂਡ ਟੈਸਟਿੰਗ ਵੈਨ ਸ਼ੁਰੂ ਕੀਤੀ ਸੀ। ਇਹ ਸਹੂਲਤ ਸ਼ੁਰੂ ਕਰਨ ਵਾਲਾ ਚੰਡੀਗੜ੍ਹ ਪਹਿਲਾ ਸੂਬਾ ਸੀ। ਇਸ ਦੀ ਕਾਮਯਾਬੀ ਨੂੰ ਵੇਖਦੇ ਹੋਏ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਸਾਰੇ ਸੂਬਿਆਂ 'ਚ ਇਹ ਵੈਨ ਲਾਂਚ ਕੀਤੀ ਸੀ। ਵਿਭਾਗ ਕੋਲ ਫਿਲਹਾਲ ਇਕ ਵੈਨ ਹੈ, ਜੋ ਹਫਤੇ ਵਿਚ ਪੰਜ ਦਿਨ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਖੜ੍ਹੀ ਹੁੰਦੀ ਹੈ। ਨਵੀਂ ਮੋਬਾਇਲ ਫੂਡ ਟੈਸਟਿੰਗ ਵੈਨ 'ਚ ਪਾਣੀ ਦੀ ਸ਼ੁੱਧਤਾ (ਪੀ. ਐੱਚ.) ਮਾਪਣ ਲਈ ਵੀ ਸਹੂਲਤ ਹੋਵੇਗੀ। ਇਸਦੇ ਨਾਲ ਹੀ ਜੂਸ ਜਾਂ ਕਿਸੇ ਤਰਲ ਪਦਾਰਥ, ਜਿਸ 'ਚ ਸ਼ੂਗਰ ਮਿਲੀ ਹੁੰਦੀ ਹੈ, ਨੂੰ ਵੀ ਜਾਂਚਿਆ ਜਾਵੇਗਾ।
ਫੂਡ ਐਂਡ ਸੇਫਟੀ ਵਿਭਾਗ ਦੇ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਕ ਅਪ੍ਰੈਲ 2016 ਨੂੰ ਮੋਬਾਇਲ ਫੂਡ ਟੈਸਟਿੰਗ ਵੈਨ ਲਾਂਚ ਕੀਤੀ ਗਈ ਸੀ। ਵੈਨ ਵਿਚ ਸਭ ਤੋਂ ਵੱਧ ਦੁੱਧ ਦੀ ਸ਼ੁੱਧਤਾ ਜਾਂਚਣ ਦੇ ਸੈਂਪਲ ਆਉਂਦੇ ਹਨ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਦੁੱਧ ਦੇ 1388 ਸੈਂਪਲ ਦਰਜ ਕੀਤੇ ਜਾ ਚੁੱਕੇ ਹਨ। ਰੋਜ਼ਾਨਾ ਉਨ੍ਹਾਂ ਕੋਲ 20-22 ਲੋਕ ਫੂਡ ਟੈਸਟ ਲਈ ਆ ਰਹੇ ਹਨ ਪਰ ਇਨ੍ਹਾਂ ਵਿਚੋਂ 15 ਤੋਂ 18 ਲੋਕ ਸਿਰਫ ਦੁੱਧ ਦੀ ਜਾਂਚ ਲਈ ਆ ਰਹੇ ਹਨ ਅਤੇ ਦੁੱਧ ਦੇ ਸੈਂਪਲਾਂ ਵਿਚ ਪਾਣੀ ਦੀ ਮਿਲਾਵਟ ਪਾਈ ਜਾਂਦੀ ਹੈ। ਟੈਸਟਿੰਗ ਵੈਨ ਵਿਚ ਜਿਥੇ ਦੋਧੀ ਦੇ ਦੁੱਧ ਵਿਚ ਪਾਣੀ ਦੀ ਮਿਲਾਵਟ ਪਾਈ ਜਾ ਰਹੀ ਹੈ, ਉਥੇ ਹੀ ਮਾਰਕੀਟ ਵਿਚ ਵਿਕ ਰਹੇ ਦੁੱਧ ਵਿਚ ਮਿਲਾਵਟ ਨਹੀਂ ਪਾਈ ਜਾ ਰਹੀ ਹੈ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਚੰਗੀ ਗੱਲ ਲੋਕ ਖਾਣ-ਪੀਣ ਦੀਆਂ ਚੀਜ਼ਾਂ ਸਬੰਧੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁੱਧ ਦੇ ਸੈਂਪਲਾਂ ਵਿਚ ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਮਿਲਾਵਟ ਨਹੀਂ ਪਾਈ ਜਾ ਰਹੀ ਹੈ।


Related News