ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ 100ਵੀਂ ਟਰੇਨ ਰਵਾਨਾ
Thursday, May 21, 2020 - 11:22 AM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਵੱਡੀ ਗਿਣਤੀ 'ਚ ਪਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਹੁਣ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਉਹ ਆਪੋ-ਆਪਣੇ ਸੂਬਿਆਂ ਵੱਲ ਪਲਾਇਨ ਕਰ ਰਹੇ ਹਨ। ਇਸੇ ਦੇ ਤਹਿਤ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਰਵਾਸੀ ਲੋਕਾਂ ਨੂੰ ਭੇਜਣ ਲਈ ਟਰੇਨਾਂ ਚਲਾਈਆਂ ਜਾ ਰਹੀਆਂ ਸਨ ਅਤੇ ਰੇਲਵੇ ਵਿਭਾਗ ਨਾਲ ਸੰਪਰਕ ਕਰਕੇ ਵਿਸ਼ੇਸ਼ ਤੌਰ 'ਤੇ ਟਰੇਨਾਂ ਮੰਗਵਾਈਆਂ ਗਈਆਂ ਸਨ। ਇਸ ਦੇ ਤਹਿਤ ਲੁਧਿਆਣਾ ਤੋਂ ਵੀਰਵਾਰ ਨੂੰ 100ਵੀਂ ਟਰੇਨ ਰਵਾਨਾ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ ਹੁਣ ਤੱਕ ਡੇਢ ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੂੰ ਹੁਣ ਤੱਕ ਲੁਧਿਆਣਾ ਤੋਂ ਰਵਾਨਾ ਕੀਤਾ ਜਾ ਚੁੱਕਾ ਹੈ। 100ਵੀਂ ਟਰੇਨ ਨੂੰ ਰਵਾਨਾ ਕਰਨ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਹੋਰ ਵੀ ਸੀਨੀਅਰ, ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਪਰਦੀਪ ਅੱਗਰਵਾਲ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਪਰਵਾਸੀ ਮਜ਼ਦੂਰਾਂ ਨਾਲ ਸੰਬੰਧਿਤ ਲੁਧਿਆਣਾ ਤੋਂ ਅੱਜ 100ਵੀਂ ਟਰੇਨ ਰਵਾਨਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪਰਵਾਸੀ ਮਜ਼ਦੂਰ ਆਪੋ-ਆਪਣੇ ਸੂਬਿਆਂ ਨੂੰ ਜਾਣ ਲਈ ਕਾਹਲੇ ਹਨ। ਦੂਜੇ ਪਾਸੇ ਸੂਬਾ ਸਰਕਾਰ ਆਉਣ ਵਾਲੇ ਝੋਨੇ ਦੀ ਸੀਜ਼ਨ ਲਈ ਵੀ ਚਿੰਤਤ ਹਨ ਕਿਉਂਕਿ ਇਸ ਦੌਰਾਨ ਕਿਸਾਨਾਂ ਨੂੰ ਲੇਬਰ ਦੀ ਵੱਡੀ ਘਾਟ ਆ ਸਕਦੀ ਹੈ।