ਦਾਈ ਦੀ ਲਾਪ੍ਰਵਾਹੀ ਕਾਰਨ ਗਰਭਵਤੀ ਦੀ ਮੌਤ

08/17/2018 3:42:56 AM

 ਮੰਡੀ ਗੋਬਿੰਦਗਡ਼੍ਹ,   (ਮੱਗੋ)-  ਸਥਾਨਕ ਇੰਦਰ ਲੋਕ ਕਾਲੋਨੀ ਨੇਡ਼ੇ ਚੌਡ਼ਾ ਬਾਜ਼ਾਰ ਸਥਿਤ ਇਕ ਨਰਸਿੰਗ ਹੋਮ ਦੀ ਦਾਈ (ਡਾਕਟਰ) ਦੀ ਕਥਿਤ ਲਾਪ੍ਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਮੌਤ ਹੋ ਜਾਣ ਦੀ ਖਬਰ ਹੈ। 
ਇਸ  ਸਬੰਧੀ ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੇ ਮ੍ਰਿਤਕਾ ਸਭਿਆ ਖਾਤੂਨ ਦੇ ਪਿਤਾ ਫੂਲਮਾਨ ਅੰਸਾਰੀ ਪੁੱਤਰ ਭਿਖਾਰੀ ਮੀਆਂ ਵਾਸੀ ਕੱਚਾ ਦਲੀਪ ਨਗਰ ਮੰਡੀ ਗੋਬਿੰਦਗਡ਼੍ਹ ਦੇ ਬਿਆਨਾਂ ਤਹਿਤ ਨਰਸਿੰਗ ਹੋਮ ਦੀ ਦਾਈ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 304ਏ, 15 ਇੰਡੀਅਨ ਮੈਡੀਕਲ ਕੌਂਸਲ ਐਕਟ 1956 ਅਧੀਨ ਮੁਕੱਦਮਾ ਨੰਬਰ 143 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਫੂਲਮਾਨ ਅੰਸਾਰੀ ਨੇ ਦੱਸਿਆ ਕਿ 9 ਅਗਸਤ ਨੂੰ ਜਦੋਂ ਸਭਿਆ ਖਾਤੂਨ  ਨੂੰ ਦਰਦਾਂ ਸ਼ੁਰੂ ਹੋਈਆਂ ਤਾਂ ਉਹ ਆਪਣੀ ਲਡ਼ਕੀ ਨੂੰ ਸਥਾਨਕ ਚੌਡ਼ਾ ਬਾਜ਼ਾਰ ਸਥਿਤ ਇਕ ਨਰਸਿੰਗ ਹੋਮ ਵਿਚ ਲੈ ਗਏੇ ਜਿਥੇ ਦਾਈ ਨੇ  ਖਾਤੂਨ ਨੂੰ ਆਪਣੇ ਨਰਸਿੰਗ ਹੋਮ ਵਿਚ ਦਾਖਲ ਕਰ ਲਿਆ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।  ਉਨ੍ਹਾਂ ਨੂੰ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਆਖਿਆ ਅਤੇ ਉਨ੍ਹਾਂ 3 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ।  ਥੋੜ੍ਹੀ ਦੇਰ ਬਾਅਦ ਉਕਤ ਕਲੀਨਿਕ ’ਚੋਂ ਉਸ ਦੀ ਪਤਨੀ ਸੋਹਲੂਨਾ ਖਾਤੂਨ ਦਾ ਫੋਨ ਆਇਆ ਕਿ ਸਭਿਆ ਖਾਤੂਨ ਦੀ ਹਾਲਤ ਵਿਗਡ਼ ਗਈ ਹੈ। ਜਦੋਂ ਉਹ ਕਲੀਨਿਕ ਪੁੱਜਾ ਤਾਂ ਉਸ ਤੋਂ ਪਹਿਲਾਂ ਹੀ ਦਾਈ  ਦਾ ਪਤੀ ਉਸ ਦੀ ਗਰਭਵਤੀ ਲਡ਼ਕੀ ਸਭਿਆ ਖਾਤੂਨ ਨੂੰ ਸਮੇਤ ਪਤਨੀ ਆਪਣੀ ਕਾਰ ਵਿਚ ਖੰਨਾ ਵਿਖੇ ਕਿਸੇ ਹਸਪਤਾਲ ’ਚ ਲੈ ਗਿਆ ਜਿਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਸ਼ਿਕਾਇਤਕਰਤਾ ਅੰਸਾਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਡਾਕਟਰਾਂ ਨੇ ਸਭਿਆ ਖਾਤੂਨ ਦਾ ਅਾਪਰੇਸ਼ਨ ਕਰ ਕੇ ਇਕ ਬੱਚੀ ਨੂੰ ਜਨਮ ਦਿਵਾਇਆ। ਇਸ ਪਿੱਛੋਂ ਸਭਿਆ  ਦੀ ਹਾਲਤ ਹੋਰ ਵੀ ਵਿਗਡ਼ ਗਈ ਅਤੇ ਇਲਾਜ ਦੌਰਾਨ ਹੀ ਉਸ ਨੇ ਦਮ ਤੋਡ਼ ਦਿੱਤਾ ਜਦਕਿ ਦਾਈ ਵਲੋਂ ਦਿੱਤੀ ਗਈ ਗਲਤ ਦਵਾਈ ਕਾਰਨ ਨਵ-ਜਨਮੀ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਇਲਾਜ ਲਈ ਦਿੱਲੀ ਦੇ ਅੰਬੇਡਕਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਅੰਸਾਰੀ ਨੇ ਦੋਸ਼ ਲਗਾਇਆ ਕਿ  ਦਾਈ ਦੀ ਕਥਿਤ ਲਾਪ੍ਰਵਾਹੀ ਕਾਰਨ  ਉਸ ਦੀ ਲਡ਼ਕੀ ਦੀ ਮੌਤ ਹੋਈ ਹੈ।  
ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੇ  ਅੰਸਾਰੀ ਦੇ ਬਿਆਨਾਂ ’ਤੇ ਦਾਈ ਰਾਜਿੰਦਰ ਕੌਰ ਦੇ ਖਿਲਾਫ  ਮੁਕੱਦਮਾ  ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕੌਮੀ ਏਕਤਾ ਵੈੱਲਫੇਅਰ ਮਿਸ਼ਨ ਪੰਜਾਬ ਦੇ ਚੇਅਰਮੈਨ ਨਵਾਬ ਅਲੀ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਅਜਿਹੇ ਕਲੀਨਿਕਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।


Related News