ਵਧਦੀਆਂ ਕੀਮਤਾਂ ਨੇ ਮਿਡਲ ਕਲਾਸ ਪਰਿਵਾਰਾਂ ਦੀ ਤੋੜੀ ਕਮਰ, ਗਰੀਬ ਦੀ ਖੋਹੀ ਥਾਲੀ

Thursday, Apr 05, 2018 - 03:13 AM (IST)

ਵਧਦੀਆਂ ਕੀਮਤਾਂ ਨੇ ਮਿਡਲ ਕਲਾਸ ਪਰਿਵਾਰਾਂ ਦੀ ਤੋੜੀ ਕਮਰ, ਗਰੀਬ ਦੀ ਖੋਹੀ ਥਾਲੀ

ਬਠਿੰਡਾ(ਅਜ਼ਾਦ)-ਦੇਸ਼ 'ਚ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਨਾਲ ਆਮ ਜਨਤਾ ਬੇਹਾਲ ਹੈ, ਵਧਦੀਆਂ ਕੀਮਤਾਂ ਨੇ ਮਿਡਲ ਕਲਾਸ ਪਰਿਵਾਰਾਂ ਦੀ ਕਮਰ ਹੀ ਤੋੜ ਦਿੱਤੀ ਹੈ ਜਦਕਿ ਗਰੀਬ ਦੀ ਥਾਲੀ ਵੀ ਖੋਹ ਲਈ। ਮਹਿੰਗਾਈ ਨੇ ਸਿਰਫ਼ ਗਰੀਬਾਂ ਦਾ ਹੀ ਨਹੀਂ ਮਿਡਲ ਕਲਾਸ ਵਰਗ ਦੇ ਬਜਟ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ, ਜਿਸ ਤੇਜ਼ੀ ਨਾਲ ਮਹਿੰਗਾਈ ਵਧ ਰਹੀ ਹੈ, ਉਸ ਅਨੁਪਾਤ ਵਿਚ ਲੋਕਾਂ ਦੀ ਆਮਦਨੀ ਵਿਚ ਵਾਧਾ ਨਹੀਂ ਹੋ ਰਿਹਾ। ਇਸ ਕਾਰਨ ਅੱਜ-ਕੱਲ ਹਰ ਆਦਮੀ ਦੇ ਮੂੰਹੋਂ ਇਕ ਹੀ ਸ਼ਬਦ ਸੁਣਨ ਨੂੰ ਮਿਲਦਾ ਹੈ ਕਿ ਇਸ ਮਹਿੰਗਾਈ ਨੇ ਤਾਂ ਜਿਊਂਦੇ ਜੀਅ ਹੀ ਮਾਰ ਦਿੱਤਾ ਹੈ। ਪਿਛਲੇ ਚਾਰ ਸਾਲਾਂ 'ਚ ਸਾਮਾਨ ਦੀਆਂ ਕੀਮਤਾਂ ਚਾਰ ਗੁਣਾ ਵਧ ਗਈਆਂ ਹਨ ਤੇ ਲੋਕ ਪ੍ਰੇਸ਼ਾਨ ਹਨ ਕਿਉਂਕਿ ਇਨ੍ਹਾਂ ਚਾਰ ਸਾਲਾਂ 'ਚ ਲੋਕਾਂ ਦੀ ਆਮਦਨੀ ਵਧਣ ਦੀ ਬਜਾਏ ਘਟੀ ਹੈ। ਪਿਛਲੇ ਦੋ ਸਾਲਾਂ ਤੋਂ ਆਰਥਿਕ ਜਗਤ ਵਿਚ ਬਹੁਤ ਉਥਲ-ਪੁਥਲ ਵੇਖਣ ਨੂੰ ਮਿਲੀ ਹੈ। ਪਹਿਲਾਂ ਨੋਟਬੰਦੀ ਨੇ ਪ੍ਰੇਸ਼ਾਨ ਕੀਤਾ, ਇਸ ਤੋਂ ਬਾਅਦ ਜੀ. ਐੱਸ. ਟੀ. ਲੱਗਣ ਕਾਰਨ ਸਿੱਧਾ ਅਸਰ ਲੋਕਾਂ ਦੀ ਆਮਦਨੀ 'ਤੇ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਚਾਰੋਂ ਪਾਸੇ ਮਹਿੰਗਾਈ ਦਾ ਰੋਣਾ ਲੋਕ ਰੋ ਰਹੇ ਹਨ ਕਿਉਂਕਿ ਘਰ 'ਚ ਇਸਤੇਮਾਲ ਦਾ ਹਰ ਸਾਮਾਨ ਮਹਿੰਗਾ ਹੋ ਗਿਆ ਹੈ। 
ਬਾਜ਼ਾਰਾਂ 'ਚ ਮਹਿੰਗਾਈ ਇਸ ਕਦਰ ਵਧ ਗਈ ਹੈ ਕਿ ਆਮ ਲੋਕਾਂ ਨੂੰ ਘਰ ਚਲਾਉਣਾ ਮੁਸ਼ਕਲ ਹੋਣ ਲੱਗਾ ਹੈ। ਇਸ ਮਹਿੰਗਾਈ ਦੀ ਮਾਰ ਸਮਾਜ ਦੇ ਮੱਧ ਵਰਗ ਅਤੇ ਗਰੀਬ ਤਬਕੇ ਨੂੰ ਪੈਣ ਲੱਗੀ ਹੈ ਕਿਉਂਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗੜ ਕਰਨਾ ਮੁਸ਼ਕਲ ਹੋ ਗਿਆ ਹੈ। ਹਰ ਸਾਲ ਠੰਡ ਦੇ ਮੌਸਮ ਵਿਚ ਸਬਜ਼ੀ ਦੇ ਰੇਟ 40 ਫੀਸਦੀ ਤੱਕ ਡਾਊਨ ਹੋ ਜਾਂਦੇ ਸਨ ਪਰ ਇਸ ਸਾਲ ਸਬਜ਼ੀ ਦੇ ਰੇਟ ਠੰਡ ਦੇ ਸੀਜ਼ਨ 'ਚ ਵੀ ਡਾਊਨ ਨਹੀਂ ਹੋਏ। ਉਥੇ ਹੀ ਦੂਸਰੇ ਪਾਸੇ ਸਬਜ਼ੀਆਂ ਦੇ ਰੇਟਾਂ ਵਿਚ ਵੀ ਭਾਰੀ ਵਾਧੇ ਤੋਂ ਬਾਅਦ ਹੁਣ ਆਮ ਆਦਮੀ ਨੂੰ ਸਵੇਰੇ-ਸ਼ਾਮ ਦੇ ਖਾਣੇ ਦੀ ਚਿੰਤਾ ਸਤਾਅ ਰਹੀ ਹੈ।
ਬਾਜ਼ਾਰ ਵਿਚ ਜ਼ਿਆਦਾਤਰ ਦਾਲਾਂ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉਪਰ ਚੜ੍ਹ ਗਈ ਹੈ। ਰਾਜਮਾਂਹ ਨੇ ਤਾਂ 120 ਰੁਪਏ ਦਾ ਆਂਕੜਾ ਵੀ ਪਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਾਜ਼ਾਰਾਂ ਵਿਚ ਕੋਈ ਵੀ ਦਾਲ 80 ਰੁਪਏ ਤੋਂ ਘੱਟ ਨਹੀਂ ਮਿਲ ਰਹੀ। ਰਸੋਈ ਦੇ ਲਈ ਦਾਲਾਂ ਦੀ ਖਰੀਦਦਾਰੀ ਕਰਦੇ ਸਮੇਂ ਦਾਲਾਂ ਦੇ ਭਾਅ ਸੁਣਦੇ ਹੀ ਲੋਕ ਸਵਾਦ ਭੁੱਲਣ ਨੂੰ ਮਜਬੂਰ ਹੋ ਜਾਂਦੇ ਹਨ।
ਦੇਖਿਆ ਜਾਵੇ ਤਾਂ ਆਮ ਜਨਤਾ ਮਹਿੰਗਾਈ ਨੇ ਪੂਰੀ ਤਰ੍ਹਾਂ ਸਤਾਈ ਹੋਈ ਹੈ ਪਰ ਸਰਕਾਰ ਮਹਿੰਗਾਈ ਘੱਟ ਕਰਨ ਦੀ ਬਜਾਏ ਕੀਮਤ ਵਧਾਉਣ ਦੇ ਰੋਜ਼ ਨਵੇਂ-ਨਵੇਂ ਤਰਕ ਲੱਭਣ ਵਿਚ ਲੱਗੀ ਹੋਈ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਅੱਜ ਸਾਮਾਨ ਦੀਆਂ ਵਧਦੀਆਂ ਕੀਮਤਾਂ ਦੀ ਵਜ੍ਹਾ ਕਾਰਨ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕਦੀ ਪਿਆਜ਼ ਦਾ ਰੇਟ ਵਧ ਜਾਂਦਾ ਹੈ ਤਾਂ ਕਦੀ ਦਾਲ ਦਾ ਰੇਟ ਆਸਮਾਨ ਛੂਹਣ ਲੱਗਦਾ ਹੈ। ਅਜਿਹੇ ਹਾਲਾਤ ਵਿਚ ਜਿਨ੍ਹਾਂ ਦੀ ਰੋਜ਼ ਦੀ ਦਿਹਾੜੀ 100 ਰੁਪਏ ਤੋਂ ਵੀ ਘੱਟ ਹੈ ਉਨ੍ਹਾਂ ਗਰੀਬ ਮਜ਼ਦੂਰਾਂ ਦੇ ਪੂਰੇ ਪਰਿਵਾਰ ਦਾ ਗੁਜ਼ਾਰਾ ਅਸੰਭਵ ਹੈ। ਲੋਕਾਂ ਨੂੰ ਦਿਨ-ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਘਰ ਚਲਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਖਾਸ ਕਰ ਕੇ ਸੁਆਣੀਆਂ ਨੂੰ ਮਹਿੰਗਾਈ ਦੀ ਮਾਰ ਜ਼ਿਆਦਾ ਝੱਲਣੀ ਪੈ ਰਹੀ ਹੈ। 
ਮਿਡਲ ਕਲਾਸ ਦਾ ਜਿਊਣਾ ਹੋਇਆ ਮੁਸ਼ਕਲ
ਮਹਿੰਗਾਈ ਇਕ ਅਜਿਹੀ ਸਮੱਸਿਆ ਹੈ ਜਿਸ ਨੇ ਹਰ ਵਰਗ ਦੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ ਪਰ ਮਿਡਲ ਵਰਗ ਮਹਿੰਗਾਈ ਦੀ ਮਾਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਸਾਮਾਨ ਦੀਆਂ ਕੀਮਤਾਂ ਵਧਣ ਨਾਲ ਲੋਕ ਆਪਣੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ 'ਚ ਕਟੌਤੀ ਕਰਨ ਲੱਗੇ ਹਨ। ਦੁੱਧ ਦੀਆਂ ਕੀਮਤਾਂ ਵਧਣ ਕਾਰਨ ਲੋਕ ਜਿਥੇ 2 ਕਿਲੋ ਦੁੱਧ ਖਰੀਦਦੇ ਸਨ ਉਥੇ ਹੀ ਉਸ ਨੂੰ ਘੱਟ ਕਰ ਕੇ 1 ਕਿਲੋ ਕਰ ਦਿੱਤਾ ਹੈ। ਪੈਟਰੋਲ ਦੀ ਕੀਮਤ ਵਧਣ ਨਾਲ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ, ਆਪਣੀਆਂ ਗੱਡੀਆਂ ਹੋਣ ਦੇ ਬਾਵਜੂਦ ਵੀ ਲੋਕ ਹੁਣ ਸਭ ਤੋਂ ਸਰਵਜਨਿਕ ਵਾਹਨਾਂ ਦਾ ਪ੍ਰਯੋਗ ਕਰਨ ਲੱਗੇ ਹਨ। ਅਜਿਹਾ ਨਹੀਂ ਕਿ ਮਹਿੰਗਾਈ ਸਿਰਫ ਸ਼ਹਿਰ ਵਾਸੀਆਂ ਨੂੰ ਹੀ ਪ੍ਰਭਾਵਿਤ ਕਰਦੀ ਹੈ ਬਲਕਿ ਖੇਤੀਬਾੜੀ ਨਾਲ ਸਬੰਧਤ ਮਜ਼ਦੂਰ ਅਤੇ ਕਿਸਾਨ ਵੀ ਇਸ ਦੀ ਲਪੇਟ ਵਿਚ ਲੈ ਲਏ ਹਨ। ਕਿਸਾਨ ਖਾਦ, ਬੀਜ ਦੇ ਨਾਲ-ਨਾਲ ਹੋਰ ਖੇਤੀ ਦੇ ਸਾਮਾਨ ਵਿਚ ਵੀ ਕਟੌਤੀ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ, ਜੇਕਰ ਕੋਈ ਤਿਉਹਾਰ ਆ ਜਾਵੇ ਤਾਂ ਉਸ ਦੇ ਬਜਟ 'ਚ ਵੀ ਕਟੌਤੀ ਕਰਨੀ ਪੈ ਜਾਂਦੀ ਹੈ। ਇਸ ਦਾ ਅਸਰ ਤਿਉਹਾਰਾਂ 'ਤੇ ਵੀ ਪੈਂਦਾ ਹੈ। ਤਿਉਹਾਰਾਂ ਵਿਚ ਖਰੀਦਦਾਰੀ ਘੱਟ ਹੋਣ ਤੋਂ ਬਾਅਦ ਵਪਾਰੀ ਵਰਗ ਦੀ ਵੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ। 


Related News