ਬੱਚਿਆਂ ਨੂੰ ਮਿਡ-ਡੇਅ ਮੀਲ ਖਾਣ ਲਈ ਮਿਲੇਗਾ ਖੁੱਲ੍ਹਾ ਆਸਮਾਨ ਜਾਂ ਛੱਤ, ਫੈਸਲਾ ਅਧਿਆਪਕਾਂ ਹੱਥ
Wednesday, Sep 18, 2019 - 01:26 PM (IST)

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕੋਸ਼ਿਸ਼ ਹੁਣ ਤੈਅ ਕਰੇਗੀ ਕਿ ਉਨ੍ਹਾਂ ਦੇ ਵਿਦਿਆਰਥੀ ਮਿਡ-ਡੇਅ ਮੀਲ ਖੁੱਲ੍ਹੇ ਆਸਮਾਨ ਹੇਠ ਬੈਠ ਕੇ ਖਾਣਗੇ ਜਾਂ ਫਿਰ ਸ਼ੈੱਡ ਦੇ ਥੱਲੇ ਬੈਠ ਕੇ। ਸੂਬੇ 'ਚ ਸਮਾਰਟ ਸਕੂਲ ਬਣਾਉਣ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਸਿੱਖਿਆ ਵਿਭਾਗ ਨੇ ਹੁਣ ਇਕ ਪੱਤਰ ਜਾਰੀ ਕਰਕੇ ਸਕੂਲਾਂ ਨੂੰ ਬੱਚਿਆਂ ਦੇ ਮਿਡ-ਡੇਅ ਮੀਲ ਖਾਣ ਲਈ ਆਪਣੀ ਕੋਸ਼ਿਸ਼ ਨਾਲ ਸ਼ੈੱਡ ਤਿਆਰ ਕਰਵਾਉਣ ਲਈ ਕਿਹਾ ਹੈ। ਵਿਭਾਗ ਅਤੇ ਅਧਿਆਪਕਾਂ ਦੀ ਕੋਸ਼ਿਸ਼ ਜੇਕਰ ਕਾਮਯਾਬ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਮਿਡ-ਡੇਅ ਮੀਲ ਸ਼ੈੱਡ ਦੇ ਥੱਲੇ ਬੈਠ ਕੇ ਖਾਂਦੇ ਦਿਖਾਈ ਦੇਣਗੇ।
ਮਿਡ-ਡੇਅ ਮੀਲ ਸੋਸਾਇਟੀ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਪੱਤਰ 'ਚ ਡੀ. ਜੀ. ਐੱਸ. ਈ. ਨੇ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਉਕਤ ਨਿਰਦੇਸ਼ ਜਾਰੀ ਕੀਤੇ ਹਨ। ਮਿਡ-ਡੇਅ ਮੀਲ ਸੋਸਾਇਟੀ ਪੰਜਾਬ ਨੇ ਬੱਚਿਆਂ ਨੂੰ ਸਕੂਲਾਂ 'ਚ ਮਿਡ-ਡੇਅ ਮੀਲ ਢੁਕਵੀਂ ਥਾਂ 'ਤੇ ਨਾ ਖਿਲਾਏ ਜਾਣ ਦਾ ਨੋਟਿਸ ਵੀ ਲਿਆ ਹੈ। ਵਟਸਐਪ ਗਰੁੱਪਾਂ 'ਤੇ ਉਕਤ ਪੱਤਰ ਵਾਇਰਲ ਹੁੰਦੇ ਹੀ ਅਧਿਆਪਕਾਂ ਨੇ ਵੀ ਇਸ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਸਹੂਲਤਾਂ ਮਿਲਣ ਤਾਂ ਹੁਕਮਾਂ ਦੇ ਨਾਲ ਖਜ਼ਾਨੇ ਦਾ ਮੂੰਹ ਵੀ ਖੋਲ੍ਹੇ। ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਅਧਿਆਪਕਾਂ 'ਤੇ ਹੀ ਨਿਰਭਰ ਹੋਣਾ ਕਿੱਥੋਂ ਤੱਕ ਉੱਚਿਤ ਹੈ?