ਧੁੰਦ ਦਾ ਕਹਿਰ, ਵਿਜ਼ੀਬਿਲਟੀ ਜ਼ੀਰੋ : ਮੌਸਮ ਵਿਭਾਗ ਦਾ 3 ਦਿਨ ਲਈ ਰੈੱਡ ਅਲਰਟ

Friday, Dec 29, 2023 - 06:24 PM (IST)

ਧੁੰਦ ਦਾ ਕਹਿਰ, ਵਿਜ਼ੀਬਿਲਟੀ ਜ਼ੀਰੋ : ਮੌਸਮ ਵਿਭਾਗ ਦਾ 3 ਦਿਨ ਲਈ ਰੈੱਡ ਅਲਰਟ

ਚੰਡੀਗੜ੍ਹ (ਪਾਲ) : ਚੰਡੀਗੜ੍ਹ ਸਮੇਤ ਟ੍ਰਾਈਸਿਟੀ ਸੰਘਣੀ ਧੁੰਦ ਦੀ ਲਪੇਟ ’ਚ ਹਨ। ਮੌਸਮ ’ਚ ਬਦਲਾਅ ਦੇ ਨਾਲ ਹੀ ਸ਼ਹਿਰ ’ਚ ਪਹਿਲੀ ਵਾਰ ਜ਼ੀਰੋ ਵਿਜ਼ੀਬਿਲਿਟੀ ਰਿਕਾਰਡ ਹੋਈ। ਇਸ ਕਾਰਨ ਦੁਬਈ ਦੀ ਇਕਲੌਤੀ ਫਲਾਈਟ ਸਮੇਤ ਦੋ ਰੱਦ ਹੋਈਆਂ, ਜਦਕਿ ਵੰਦੇ ਭਾਰਤ ਸਮੇਤ 5 ਟ੍ਰੇਨਾਂ ਨਿਰਧਾਰਤ ਸਮੇਂ ਤੋਂ 2 ਤੋਂ 3 ਘੰਟੇ ਦੀ ਦੇਰੀ ਨਾਲ ਪਹੁੰਚੀਆਂ। ਵੀਰਵਾਰ ਸਵੇਰੇ 5.30 ਵਜੇ ਜ਼ੀਰੋ ਵਿਜ਼ੀਬਿਲਿਟੀ ਸੀ। ਸਵੇਰੇ 8.30 ਵਜੇ ਵਿਜ਼ੀਬਿਲਿਟੀ 10 ਮੀਟਰ ਰਹੀ। ਦੁਪਹਿਰ 11.30 ਵਜੇ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋਇਆ ਪਰ ਸ਼ਾਮ ਹੁੰਦੇ-ਹੁੰਦੇ ਫਿਰ ਧੁੰਦ ਪੈਣੀ ਸ਼ੁਰੂ ਹੋਈ ਅਤੇ ਦੇਰ ਰਾਤ ਤਕ ਪੂਰੇ ਸ਼ਹਿਰ ਨੂੰ ਲਪੇਟ ’ਚ ਲੈ ਲਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਅਨੁਸਾਰ ਤਿੰਨ ਦਿਨਾਂ ਲਈ ਰੈੱਡ ਅਲਰਟ ਦਿੱਤਾ ਗਿਆ ਹੈ, ਜਦਕਿ ਯੈਲੋ ਅਤੇ ਓਰੇਂਜ ਅਲਰਟ ਸਬੰਧੀ ਮੌਸਮ ਨੂੰ ਲਗਾਤਾਰ ਆਬਜ਼ਰਵ ਕਰ ਰਹੇ ਹਾਂ। ਕੁਝ ਦਿਨਾਂ ਤੋਂ ਨਮੀ ਅਤੇ ਤਾਪਮਾਨ ’ਚ ਗਿਰਾਵਟ ਕਾਰਨ ਧੁੰਦ ਪੈਣ ਦੇ ਚੰਗੇ ਆਸਾਰ ਬਣੇ ਹੋਏ ਸਨ। ਨਾਲ ਹੀ ਕੋਲਡ ਡੇਅ ਦੀ ਵੀ ਵਾਰਨਿੰਗ ਹੈ। ਕੁਝ ਦਿਨਾਂ ਵਿਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਵੀ ਕੋਲਡ-ਡੇਅ ਨੂੰ ਦੇਖਿਆ ਜਾਵੇਗਾ।

ਇਹ ਵੀ ਪੜ੍ਹੋ : ਐੱਸ.ਵਾਈ.ਐੱਲ. ਦੀ ਤੀਜੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਦੋ ਟੁੱਕ ’ਚ ਜਵਾਬ 

ਘੱਟੋ-ਘੱਟ ਤਾਪਮਾਨ ’ਚ 2 ਡਿਗਰੀ ਦੀ ਗਿਰਾਵਟ
ਉਥੇ ਹੀ ਤਾਪਮਾਨ ਬਾਰੇ ਗੱਲ ਕਰੀਏ ਤਾਂ ਵੱਧ ਤੋਂ ਵੱਧ 19.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਘੱਟੋ-ਘੱਟ ਤਾਪਮਾਨ 2 ਡਿਗਰੀ ਘੱਟ ਹੋ ਕੇ 8.8 ਡਿਗਰੀ ਦਰਜ ਹੋਇਆ। ਤਾਪਮਾਨ ’ਚ ਬਦਲਾਅ ਕਾਰਨ ਦਿਨ ਦਾ ਪਾਰਾ ਦੁਪਹਿਰ 2.30 ਵਜੇ ਤਕ 18 ਡਿਗਰੀ ਦੇ ਆਸਪਾਸ ਰਿਹਾ। ਜੇਕਰ ਮੌਸਮ ਅੱਗੇ ਇਸ ਤਰ੍ਹਾਂ ਹੀ ਰਿਹਾ ਤਾਪਮਾਨ ’ਚ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਵੇਰੀਐਂਟ ‘ਜੇ. ਐੱਨ.-1’ ਹੋ ਸਕਦੈ ਖ਼ਤਰਨਾਕ ਸਾਬਤ, ਸਿਹਤ ਵਿਭਾਗ ਵਲੋਂ ਸੁਚੇਤ ਰਹਿਣ ਦੀ ਹਦਾਇਤ

ਏ. ਕਿਊ. ਆਈ. 333
ਚੰਡੀਗੜ੍ਹ (ਰਜਿੰਦਰ) : ਠੰਡ ਦੇ ਮੌਸਮ ਦਾ ਅਸਰ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਸੈਕਟਰ-53 ਦੇ ਮਾਨੀਟਰਿੰਗ ਸਟੇਸ਼ਨ ’ਤੇ ਏ. ਕਿਊ. ਆਈ. 333 ਦਰਜ ਕੀਤਾ ਗਿਆ, ਜੋ ਪਿਛਲੇ ਕੁਝ ਦਿਨਾਂ ਤੋਂ ਬੇਹੱਦ ਖ਼ਰਾਬ ਸ਼੍ਰੇਣੀ ’ਚ ਬਣਿਆ ਹੋਇਆ ਹੈ। ਸ਼ਹਿਰ ਦੇ ਹੋਰ ਖੇਤਰਾਂ ’ਚ ਵੀ ਏ. ਕਿਊ. ਆਈ. 300 ਤੋਂ ਹੇਠਾਂ ਨਹੀਂ ਆ ਰਿਹਾ। ਇਹ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ। ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਸਿਹਤ ਵਿਭਾਗ ਨੂੰ ਪਿਛਲੇ ਮਹੀਨੇ ਐਡਵਾਈਜ਼ਰੀ ਵੀ ਜਾਰੀ ਕਰਨੀ ਪਈ ਸੀ।

PunjabKesari

ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਦੇਰ ਸ਼ਾਮ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਸੀ। ਵੀਰਵਾਰ ਸੈਕਟਰ-22 ਦੇ ਮਾਨੀਟਰਿੰਗ ਸਟੇਸ਼ਨ ’ਤੇ ਏ. ਕਿਊ. ਆਈ. ਵੱਧ ਤੋਂ ਵੱਧ 318 ਦਰਜ ਕੀਤਾ ਗਿਆ। ਸੈਕਟਰ-25 ਦੇ ਆਸ-ਪਾਸ ਦੇ ਖੇਤਰ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਮਾਮੂਲੀ ਕਮੀ ਆਈ ਹੈ, ਜਦੋਂਕਿ ਬਾਕੀ ਖੇਤਰ ਵਿਚ ਇਹ ਪੱਧਰ ਲਗਾਤਾਰ ਵਧ ਰਿਹਾ ਹੈ। ਦੱਸ ਦੇਈਏ ਕਿ ਨਵੰਬਰ ਮਹੀਨੇ ਵਿਚ ਏ. ਕਿਊ. ਆਈ. ਜ਼ਿਆਦਾਤਰ ਦਿਨ ਇਹ ਖਰਾਬ ਸ਼੍ਰੇਣੀ ਵਿਚ ਸੀ, ਜਦੋਂਕਿ ਦਸੰਬਰ ਵਿਚ ਇਹ ਬਹੁਤ ਖਰਾਬ ਸ਼੍ਰੇਣੀ ਵਿਚ ਚਲਿਆ ਗਿਆ ਹੈ। ਇਸ ਵਾਰ ਦੀਵਾਲੀ ’ਤੇ ਆਮ ਦਿਨਾਂ ਦੇ ਮੁਕਾਬਲੇ ਸਭ ਤੋਂ ਵੱਧ ਏ. ਕਿਊ. ਆਈ. ਦਰਜ ਕੀਤਾ ਗਿਆ। ਇੱਥੋਂ ਤਕ ਕਿ ਚਾਰ ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ। ਸੈਕਟਰ-53 ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ’ਤੇ ਏ. ਕਿਊ. ਆਈ. 453 ਦਰਜ ਕੀਤਾ ਗਿਆ। ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਪੂਅਰ ਮੰਨਿਆ ਜਾਂਦਾ ਹੈ ਅਤੇ 300 ਤੋਂ ਉੱਪਰ ਨੂੰ ਬਹੁਤ ਖਰਾਬ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ 100 ਤੋਂ ਉੱਪਰ ਇਸਨੂੰ ਮੱਧਮ ਮੰਨਿਆ ਜਾਂਦਾ ਹੈ। ਜਦੋਂਕਿ 51 ਤੋਂ 100 ਦੇ ਵਿਚਕਾਰ ਨੂੰ ਤਸੱਲੀਬਖਸ਼ ਅਤੇ 0 ਤੋਂ 50 ਵਿਚਕਾਰ ਗੁੱਡ ਮੰਨਿਆ ਜਾਂਦਾ ਹੈ। ਇਸ ਸਮੇਂ ਸ਼ਹਿਰ ਵਿਚ ਹਵਾ ਦੀ ਗੁਣਵੱਤਾ 300 ਤੋਂ ਉੱਪਰ ਚੱਲ ਰਹੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ, ਪ੍ਰਸ਼ਾਸਨ ਵੱਲੋਂ ਡਰਾਈਵਿੰਗ ਸਮੇਂ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News