ਮੈਰੀਟੋਰੀਅਸ ਸਕੂਲ ''ਚ ਵਿਦਿਆਰਥੀ ਦੀ ਮੌਤ ਦਾ ਮਾਮਲਾ, ਸਿੱਖਿਆ ਸਕੱਤਰ ਨੂੰ ਮਿਲਿਆ ਪਰਿਵਾਰ

Tuesday, Mar 17, 2020 - 11:51 AM (IST)

ਮੈਰੀਟੋਰੀਅਸ ਸਕੂਲ ''ਚ ਵਿਦਿਆਰਥੀ ਦੀ ਮੌਤ ਦਾ ਮਾਮਲਾ, ਸਿੱਖਿਆ ਸਕੱਤਰ ਨੂੰ ਮਿਲਿਆ ਪਰਿਵਾਰ

ਮੋਹਾਲੀ (ਰਾਣਾ) : ਇੱਥੇ ਸੈਕਟਰ-70 ਮੈਰੀਟੋਰੀਅਸ ਸਕੂਲ 'ਚ 9 ਮਾਰਚ ਨੂੰ 11ਵੀਂ ਦੇ ਵਿਦਿਆਰਥੀ ਹਰਮਨਜੀਤ ਸਿੰਘ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ ਪਹਿਲਾਂ ਮਟੌਰ ਥਾਣਾ ਪੁਲਸ ਨੇ 174 ਦੀ ਕਾਰਵਾਈ ਕੀਤੀ, ਫਿਰ ਧਾਰਾ-304ਏ ਅਤੇ ਉਸ ਤੋਂ ਬਾਅਦ ਧਾਰਾ-302 ਲਾਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰ ਗਏ ਸਨ, ਜਿੱਥੇ ਉਨ੍ਹਾਂ ਨੇ ਸਕੂਲ ਸਟਾਫ ਖਿਲਾਫ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਸਕੂਲ ਅੰਦਰ ਹੀ ਉਨ੍ਹਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ ਹੈ, ਜਿਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਨਾਇਨਸਾਫੀ ਨਹੀਂ ਹੋਵੇਗੀ।
ਸਕੂਲ ਪ੍ਰਸ਼ਾਸਨ ਨੇ ਪੁਲਸ ਨੂੰ ਕੀਤਾ ਗੁੰਮਰਾਹ
ਮ੍ਰਿਤਕ ਦੇ ਚਾਚੇ ਸਤਗੁਰ ਨੇ ਦੱਸਿਆ ਕਿ ਪੰਜਾਬ ਦੇ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ ਬੁਲਾਇਆ ਸੀ, ਜਿਸ ਤਹਿਤ ਉਹ ਸੋਮਵਾਰ ਨੂੰ ਇਕੱਠੇ ਹੋ ਕੇ ਉਨ੍ਹਾਂ ਕੋਲ ਗਏ ਸਨ, ਜਿੱਥੇ ਉਨ੍ਹਾਂ ਨੇ ਐਜੂਕੇਸ਼ਨ ਸੈਕਟਰੀ ਨੂੰ ਕਿਹਾ ਕਿ ਸਾਰੀ ਗਲਤੀ ਸਕੂਲ ਪ੍ਰਸ਼ਾਸਨ ਦੀ ਹੈ ਕਿਉਂਕਿ ਜਿਸ ਸਮੇਂ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਸੀ ਉਸ ਸਮੇਂ ਉਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਕਾਫ਼ੀ ਦੇਰ ਬਾਅਦ ਸਕੂਲ ਵਲੋਂ ਉਨ੍ਹਾਂ ਨੂੰ ਫੋਨ ਆਉਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਜਦੋਂ ਉਹ ਸਿਵਲ ਹਸਪਤਾਲ ਫੇਜ਼-6 ਵਿਚ ਪੁੱਜੇ ਤਾਂ ਉਨ੍ਹਾਂ ਦਾ ਪੁੱਤਰ ਮੌਰਚਰੀ ਵਿਚ ਸੀ ਅਤੇ ਉਸ ਤੋਂ ਬਾਅਦ ਵੀ ਘਟਨਾ ਵਾਲੀ ਜਗ੍ਹਾ ਬਾਥਰੂਮ ਅਤੇ ਕਮਰੇ ਦੋਵੇਂ ਸੀਲ ਨਹੀਂ ਕੀਤੇ ਗਏ ਅਤੇ ਇਸ ਤੋਂ ਇਲਾਵਾ ਸਕੂਲ ਪ੍ਰਸ਼ਾਸਨ ਵਲੋਂ ਪਹਿਲਾਂ ਸੁਸਾਈਡ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਅਤੇ ਇਸ ਬਾਰੇ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਪਹਿਲਾਂ ਇਕ ਵਾਰ ਵੀ ਵਿਚਾਰ ਨਹੀਂ ਕੀਤਾ।

ਇਹ ਵੀ ਪੜ੍ਹੋ : ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
ਤੀਸਰੇ ਦਿਨ ਵੀ ਜਾਰੀ ਰਹੀ ਵਿਦਿਆਰਥੀ ਤੋਂ ਪੁੱਛਗਿੱਛ
ਜਾਣਕਾਰੀ ਅਨੁਸਾਰ ਮਟੌਰ ਥਾਣਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਲੋਂ ਲਗਾਏ ਗਏ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਇਸ ਕੇਸ ਵਿਚ ਧਾਰਾ-302 ਬੀਤੇ ਸ਼ਨੀਵਾਰ ਨੂੰ ਲਗਾਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਪੀ. ਅਸ਼ਵਨੀ ਗੋਤੀਆਲ ਮਟੌਰ ਥਾਣਾ ਵਿਚ ਹੀ ਜ਼ਿਆਦਾ ਸਮਾਂ ਬੀਤ ਰਿਹਾ ਹੈ, ਤਾਂ ਕਿ ਜੇਕਰ ਹਰਮਨਜੀਤ ਦੀ ਅਸਲ ਵਿਚ ਹੀ ਹੱਤਿਆ ਕੀਤੀ ਗਈ ਹੈ ਤਾਂ ਉਸ ਦਾ ਛੇਤੀ ਖੁਲਾਸਾ ਹੋਵੇ। ਉਥੇ ਹੀ ਸਤਗੁਰ ਨੇ ਕਿਹਾ ਕਿ ਉਹ ਐਤਵਾਰ ਨੂੰ ਵੀ ਜਦੋਂ ਪੁਲਸ ਥਾਣੇ ਵਿਚ ਗਏ ਸਨ ਤਾਂ ਉਸ ਦੌਰਾਨ ਵੀ ਪੁਲਸ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਤੋਂ ਪੁੱਛਗਿੱਛ ਕਰ ਰਹੀ ਸੀ। ਵਿਦਿਆਰਥੀ ਤੋਂ ਇਲਾਵਾ ਪੁਲਸ ਹੋਸਟਲ ਵਾਰਡਨ, ਸਕਿਓਰਿਟੀ ਗਾਰਡ ਅਤੇ ਸਕੂਲ ਸਟਾਫ ਤੋਂ ਵੀ ਪੁੱਛਗਿੱਛ ਕਰੇਗੀ, ਕਿਉਂਕਿ ਜੋ ਐੱਫ. ਆਈ. ਆਰ. ਪੁਲਸ ਨੇ ਕੀਤੀ ਹੈ, ਉਸ ਵਿਚ ਵੀ ਹੋਸਟਲ ਵਾਰਡਨ ਅਤੇ ਸਕਿਓਰਿਟੀ ਗਾਰਡ ਦਾ ਜ਼ਿਕਰ ਕੀਤਾ ਗਿਆ ਹੈ।
20 ਮਾਰਚ ਨੂੰ ਬਾਲ ਅਧਿਕਾਰ ਕਮਿਸ਼ਨ ਵਿਚ ਵੀ ਹੋਣਾ ਹੈ ਪੇਸ਼
ਸਕੂਲ ਵਿਚ ਹੋਈ ਮੌਤ ਦੇ ਮਾਮਲੇ ਨੂੰ ਵੇਖਦੇ ਹੋਏ ਪੰਜਾਬ ਬਾਲ ਅਧਿਕਾਰ ਕਮਿਸ਼ਨ ਵਲੋਂ ਖੁਦ ਹੀ ਗੰਭੀਰਤਾ ਦਿਖਾਉਂਦੇ ਹੋਏ ਥਾਣਾ ਮਟੌਰ ਪੁਲਸ ਤੋਂ ਜਵਾਬ ਮੰਗਿਆ ਹੈ। ਇਸ ਵਿਚ ਕਿਹਾ ਗਿਆ ਕਿ ਸਕੂਲ ਵਿਚ ਵਿਦਿਆਰਥੀ ਦੀ ਹੋਈ ਮੌਤ ਸਬੰਧੀ ਜੋ ਪੁਲਸ ਅਧਿਕਾਰੀ ਕੇਸ ਦੀ ਜਾਂਚ ਕਰ ਰਿਹਾ ਹੈ ਉਹ ਖੁਦ 20 ਮਾਰਚ ਨੂੰ ਪੇਸ਼ ਹੋਵੇ ਅਤੇ ਨਾਲ ਹੀ ਮਾਮਲੇ ਸਬੰਧੀ ਪੂਰੀ ਰਿਪੋਰਟ ਵੀ ਨਾਲ ਲੈ ਕੇ ਆਏ।
ਇਹ ਵੀ ਪੜ੍ਹੋ : ਵਿਦਿਆਰਥੀ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਕੀਤੀ ਨਾਅਰੇਬਾਜ਼ੀ


author

Babita

Content Editor

Related News