5 ਲੱਖ ਰੁਪਏ ਅਤੇ ਕਾਰ ਦੀ ਖਾਤਰ ਆਪਣੀ ਪਤਨੀ ਨੂੰ ਬੱਚੇ ਸਮੇਤ ਘਰ ਤੋਂ ਕੱਢਿਆ

02/06/2018 9:29:24 PM

ਕਪੂਰਥਲਾ (ਗੌਰਵ)— ਆਪਣੀ ਪਤਨੀ ਨੂੰ ਦਹੇਜ ਲਈ ਪ੍ਰਤਾੜਿਤ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਯੁਥ  ਕਾਂਗਰਸ ਦੇ ਇੱਕ ਨੇਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਤਮੰਨਾ ਪੁੱਤਰੀ ਸਵ ਤੋਸ਼ ਕੁਮਾਰ ਵਾਸੀ ਮਹੱਲਾ ਭਗਤ ਸਿੰਘ ਗਲੀ ਨੇ ਐਸ.ਐਸ.ਪੀ. ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਵਿਆਹ ਸਾਲ 2009 ਵਿੱਚ ਸਿੱਖ ਰੀਤੀ ਰਿਵਾਜਾਂ ਨਾਲ ਅਵਨੀਸ਼ ਕੁਮਾਰ ਉਰਫ ਅਵਿ ਰਾਜਪੂਤ ਪੁੱਤਰ ਸਤਪਾਲ ਵਾਸੀ ਮਹੱਲਾ ਕੇਸਰੀ ਬਾਗ ਨਾਲ ਹੋਇਆ ਸੀ। ਵਿਆਹ ਦੇ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਪੁੱਤਰ ਹੋਇਆ। ਅਵਨੀਸ਼ ਕੁਮਾਰ ਨਾਲ ਉਸ ਦੇ ਵਿਆਹ ਨੂੰ ਲੈ ਕੇ ਸਹੁਰਾ-ਘਰ ਦੇ ਲੋਕ ਖੁਸ਼ ਨਹੀ ਸਨ ਅਤੇ ਉਹ ਉਸਨੂੰ ਦਹੇਜ ਲਈ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ਤੇ ਪ੍ਰਤਾੜਿਤ ਕਰਦੇ ਸਨ, ਹਾਲਾਂਕਿ ਉਸ ਦੇ ਪਿਤਾ ਨੇ ਵਿਆਹ ਮੌਕੇ ਉਲ ਨੂੰ ਕਾਫੀ ਕੀਮਤੀ ਸਾਮਾਨ ਜਿਵੇ ਸੋਨੇ ਦੇ ਜੇਵਰ, ਏ.ਸੀ., ਗੀਜਰ ਅਤੇ ਕਈ ਮੰਹਗੇ ਸਾਮਾਨ ਦਹੇਜ ਦੇ ਰੁਪ ਵਿੱਚ ਦਿੱਤੇ ਸਨ। ਪਰ ਇਸ ਦੇ ਬਾਵਜੂਦ ਵੀ ਉਸ ਦੇ ਸਹੁਰਾ-ਘਰ ਦਾ ਲਾਲਚ ਘੱਟ ਨਹੀ ਹੋਇਆ ਸੀ। ਉਸ ਦਾ ਪਤੀ ਉਸ ਨਾਲ ਲਗਾਤਾਰ ਝਗੜਾ ਕਰਦਾ ਰਹਿੰਦਾ ਸੀ, ਇੱਥੇ ਤੱਕ ਦੀ ਬੱਚਾ ਪੈਦਾ ਹੋਣ ਦੇ ਬਾਅਦ ਵੀ ਉਸ ਦੇ ਪਤੀ ਨੇ ਬੱਚੇ ਦੀ ਖੁਸ਼ੀ ਵਿੱਚ ਕੋਈ ਖਰਚ ਨਹੀ ਕੀਤਾ ਜਦ ਕਿ ਉਸ ਦੇ ਪੇਕੇ ਵਾਲਿਆਂ ਨੇ ਬੱਚੇ ਦੀ ਖੁਸ਼ੀ ਵਿੱਚ ਕਾਫ਼ੀ ਵੱਡਾ ਖਰਚ ਕੀਤਾ ਸੀ।
ਆਪਣੀ ਧੀ ਦਾ ਘਰ ਵਸਾਉਣਨ ਦੇ ਮਕਸਦ ਨਾਲ ਉਸ ਦੇ ਪੇਕੇ ਵਾਲਿਆਂ ਨੇ ਮੋਹਤਬਰ ਵਿਅਕਤੀਆਂ ਨੂੰ ਸੱਦ ਕੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਸੀ, ਜਿਸ ਦੌਰਾਨ ਉਸ ਦੇ ਪਤੀ ਨੇ ਮਾਫੀ ਮੰਗਣ ਦੀ ਥਾਂ 5 ਲੱਖ ਰੁਪਏ ਦੀ ਨਕਦੀ ਅਤੇ ਕਾਰ ਦੀ ਮੰਗ ਰੱਖੀ ਅਤੇ ਕਿਹਾ ਕਿ ਉਹ ਇਸ ਪੈਸੇ ਨਾਲ ਕੋਈ ਕਾਰੋਬਾਰ ਕਰਨਾ ਚਾਹੁੰਦਾ ਹੈ। ਜਿਸ ਦੌਰਾਨ ਉਸ ਦੇ ਪੇਕੇ ਵਾਲਿਆਂ ਨੇ ਅਵਨੀਸ਼ ਕੁਮਾਰ ਨੂੰ ਡੇਢ ਲੱਖ ਰੁਪਏ ਦੀ ਰਕਮ ਕਾਰੋਬਾਰ ਖੋਲ੍ਹਣ ਲਈ ਦਿੱਤੀ ਪਰ ਇਸ ਦੇ ਬਾਵਜੂਦ ਵੀ ਉਸ ਦਾ ਪਤੀ ਲਗਾਤਾਰ ਹੋਰ ਵੀ ਦਹੇਜ ਦੀ ਮੰਗ ਕਰਨ ਲਗਾ ਅਤੇ ਟੈਕਸੀ ਦੇ ਤੌਰ ਤੇ ਇੱਕ ਕਾਰ ਦੀ ਮੰਗ ਕਰਨ ਲੱਗਾ ਪਰ ਉਸ ਦੇ ਪੇਕੇ ਵਾਲਿਆਂ ਨੇ ਜਦੋਂ ਇੰਨੀ ਵੱਡੀ ਰਕਮ ਖਰਚ ਕਰਣ ਵਿੱਚ ਅਸਮਰਥਤਾ ਜਾਹਿਰ ਕੀਤੀ ਤਾਂ ਉਸ ਦੇ ਪਤੀ ਨੇ ਦਹੇਜ ਲਈ ਉਸਨੂੰ ਬੱਚੇ ਸਮੇਤ ਘਰ ਤੋਂ ਕੱਢ ਦਿੱਤਾ ਅਤੇ ਉਹ ਲੰਬੇ ਸਮੇਂ ਤੋਂ ਆਪਣੇ ਮਾਤਾ ਪਿਤਾ ਘਰ ਰਹਿ ਰਹੀ ਹੈ।
ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਕੋਈ ਪੱਕਾ ਕਾਰੋਬਾਰ ਨਹੀ ਹੈ ਅਤੇ ਉਸ ਦੇ ਪਤੀ ਦੇ ਖਿਲਾਫ ਪਹਿਲਾਂ ਵੀ ਇਕ ਮਾਮਲਾ ਦਰਜ ਹੈ ਜਿਸ ਕਾਰਨ ਉਸ ਦਾ ਆਪਣੇ ਪਤੀ ਤੋਂ ਜਾਨ ਦਾ ਖਤਰਾ ਵੀ ਹੈ। ਐਸ.ਐਸ.ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੂਮੈਨ ਸੈਲ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਵੂਮੈਨ ਸੈਲ ਵਿੱਚ ਮੁਲਜਮ ਅਵਨੀਸ਼ ਕੁਮਾਰ ਖਿਲਾਫ ਸਾਰੇ ਇਲਜ਼ਾਮ ਠੀਕ ਪਾਏ ਗਏ। ਜਿਸ ਦੇ ਆਧਾਰ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜਮ ਯੁਥ ਕਾਂਗਰਸੀ ਨੇਤਾ ਅਵਨੀਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News