ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਖ਼ਾਸ ਮੁਲਾਕਾਤ
Friday, Jul 05, 2024 - 09:02 AM (IST)
ਜਲੰਧਰ (ਵਿਸ਼ੇਸ਼) - ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ 2 ਅਹਿਮ ਫਲਾਈਓਵਰ ਬਣਾਉਣ ਦੀ ਮੰਗ ਨੂੰ ਲੈ ਕੇ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।
ਨਿਤਿਨ ਗਡਕਰੀ ਨਾਲ ਮੁਲਾਕਾਤ ਦੌਰਾਨ ਸੰਸਦ ਮੈਂਬਰ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਟਾਲਾ ਸ਼ੂਗਰ ਮਿੱਲ ਨੇੜੇ ਨੈਸ਼ਨਲ ਹਾਈਵੇ ’ਤੇ ਫਲਾਈਓਵਰ ਦਾ ਨਿਰਮਾਣ ਕਾਰਜ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸੜਕ ’ਤੇ ਵਾਹਨਾਂ ਦੀ ਆਵਾਜਾਈ ਹੋਰ ਸੁਖਾਲੀ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਮਾਰਗ ’ਤੇ ਟ੍ਰੈਫਿਕ ਜਾਮ ਕਾਰਨ ਲਗਾਤਾਰ ਟ੍ਰੈਫਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਜਿਸ ਕਾਰਨ ਕਈ ਭਿਆਨਕ ਹਾਦਸੇ ਵੀ ਹੋ ਚੁੱਕੇ ਹਨ। ਗੰਨੇ ਦੀ ਕਟਾਈ ਦੇ ਮੌਸਮ ’ਚ ਤਾਂ ਟਰੈਕਟਰ-ਟਰਾਲੀਆਂ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਮੁੱਢਲੇ ਢਾਂਚੇ ’ਚ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਫਲਾਈਓਵਰ ਬਣਨ ਨਾਲ ਨੈਸ਼ਨਲ ਹਾਈਵੇ ’ਤੇ ਆਵਾਜਾਈ ’ਚ ਹੋਰ ਸੁਧਾਰ ਹੋਵੇਗਾ।
ਰੰਧਾਵਾ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਦੱਸਿਆ ਕਿ ਡੇਰਾ ਬਾਬਾ ਨਾਨਕ ’ਚ ਸਾਕੀ ਨਦੀ ’ਤੇ ਬਣੇ ਬ੍ਰਿਜ ਦਾ ਘੇਰਾ ਵਧਾਇਆ ਜਾਣਾ ਚਾਹੀਦਾ ਹੈ। ਇਸ ਨਾਲ ਮੀਂਹ ਦੇ ਦਿਨਾਂ ’ਚ ਪਾਣੀ ਦਾ ਨਿਕਾਸ ਚੰਗੇ ਢੰਗ ਨਾਲ ਹੋ ਸਕੇਗਾ ਅਤੇ ਨੇੜਲੇ ਪਿੰਡਾਂ ’ਚ ਹੜ੍ਹ ਦੀ ਸਥਿਤੀ ਪੈਦਾ ਨਹੀਂ ਹੋਵੇਗੀ।
ਗਡਕਰੀ ਨੇ ਰੰਧਾਵਾ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਨਿਰਮਾਣ ਕਾਰਜ ਨੂੰ ਸ਼ਰੂ ਕਰਵਾਇਆ ਜਾਵੇਗਾ। ਰੰਧਾਵਾ ਨੇ ਗਡਕਰੀ ਦੇ ਨਾਲ ਪੰਜਾਬ ਦੇ ਹੋਰ ਮਸਲਿਆਂ, ਜੋ ਕਿ ਸੜਕ ਆਵਾਜਾਈ ਨਾਲ ਜੁੜੇ ਹੋਏ ਹਨ, ਬਾਰੇ ਵੀ ਚਰਚਾ ਕੀਤੀ। ਗਡਕਰੀ ਨੇ ਕਿਹਾ ਕਿ ਪੰਜਾਬ ਉਨ੍ਹਾਂ ਦੀ ਪਹਿਲ ’ਚ ਸ਼ਾਮਲ ਹੈ ਅਤੇ ਸੂਬੇ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।