ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ : ਮਾਲਵਿੰਦਰ ਕੰਗ

Saturday, Aug 31, 2024 - 01:26 PM (IST)

ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ : ਮਾਲਵਿੰਦਰ ਕੰਗ

ਜਲੰਧਰ (ਰਮਨਦੀਪ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੇ ਹਾਲ ਹੀ ’ਚ ਅਨੰਦਪੁਰ ਸਾਹਿਬ ਤੋਂ ਬਣੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਮੰਨਣਾ ਹੈ ਕਿ ਭਾਜਪਾ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡ ਰਹੀ ਹੈ ਅਤੇ ਉਸ ਦਾ ਪੰਜਾਬ ਲਈ ਨਜ਼ਰੀਆ ਬਹੁਤਾ ਚੰਗਾ ਨਹੀਂ ਲੱਗ ਰਿਹਾ। ਆਪਣੀ ਸਰਕਾਰ ਦੇ ਸੋਹਲੇ ਗਾਉਂਦਿਆਂ ਉਹ ਦਾਅਵਾ ਕਰਦੇ ਹਨ ਕਿ ਸੂਬੇ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ ਅਤੇ ਰਹਿੰਦੀ ਕਸਰ ਅਗਲੇ ਢਾਈ ਸਾਲਾਂ ਵਿਚ ਪੂਰੀ ਕਰ ਦਿੱਤੀ ਜਾਵੇਗੀ। ਪੰਜਾਬ ਦੇ ਹਾਲਾਤ, ਨਿੱਜੀ ਜ਼ਿੰਦਗੀ ਅਤੇ ਪਿਛਲੀਆਂ ਪਾਰਟੀਆਂ ਬਾਰੇ ਖੁਦ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕੁਝ ਇਸ ਤਰ੍ਹਾਂ ਗੱਲਬਾਤ ਕੀਤੀ।

• ਤੁਸੀਂ ਮੱਧ ਪ੍ਰਦੇਸ਼ ਤੋਂ ਪੰਜਾਬ ਕਿਸ ਤਰ੍ਹਾਂ ਸ਼ਿਫਟ ਹੋਏ?
ਦਰਅਸਲ ਮੇਰਾ ਪਰਿਵਾਰ ਸ਼ਿਫਟ ਨਹੀਂ ਹੋਇਆ, ਸਿਰਫ਼ ਮੈਂ ਹੀ ਸ਼ਿਫਟ ਹੋਇਆ ਸੀ। ਉਂਝ ਅਸੀਂ ਤਰਨਤਾਰਨ ਕੰਗ ਕਲਾਂ ਪਿੰਡ ਖਡੂਰ ਸਾਹਿਬ ਦੇ ਹਾਂ। ਵੰਡ ਤੋਂ ਬਾਅਦ ਦਾਦਾ ਜੀ ਮੱਧ ਪ੍ਰਦੇਸ਼ ਚਲੇ ਗਏ। ਮੇਰੇ ਪਿਤਾ ਜੀ ਅਤੇ ਮੇਰਾ ਜਨਮ ਵੀ ਮੱਧ ਪ੍ਰਦੇਸ਼ ਦਾ ਹੈ। ਮੈਂ ਲੁਧਿਆਣੇ ’ਚ ਗ੍ਰੈਜੂਏਸ਼ਨ ਕਰਨ ਆਇਆ ਸੀ। ਬਾਸਕਿਟਬਾਲ ਸਪੋਰਟਸ ਆਫ਼ ਇੰਡੀਆ ਦੇ ਸੈਂਟਰ ਲੁਧਿਆਣਾ ਵਿਚ ਮੈਂ ਦਾਖ਼ਲ ਹੋਇਆ। ਪੰਜਾਬ ਯੂਨੀਵਰਸਿਟੀ ਵੱਲੋਂ ਮੈਂ ਗੋਲਡ ਮੈਡਲਿਸਟ ਰਿਹਾ। ਬਾਅਦ ਵਿਚ ਲਾਅ ਅਤੇ ਐੱਮ. ਏ. ਹਿਸਟਰੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਪਰਿਵਾਰ ਤਾਂ ਹੁਣ ਹੀ ਪੰਜਾਬ ਆਇਆ ਹੈ। ਸਾਡੀ ਜ਼ਮੀਨ-ਜਾਇਦਾਦ ਅਜੇ ਵੀ ਐੱਮ. ਪੀ. ਵਿਚ ਹੈ। ਮੈਂ 5-7 ਸਾਲ ਵਕਾਲਤ ਕਰਨ ਤੋਂ ਬਾਅਦ ਸਿਆਸਤ ਵਿਚ ਆ ਗਿਆ ਸੀ।

ਇਹ ਵੀ ਪੜ੍ਹੋ- ਤਨਖ਼ਾਹੀਆ ਕਰਾਰ ਦੇਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਤੋਂ ਫਿਰ ਮੰਗਿਆ ਅਸਤੀਫ਼ਾ

• ਯੂਨੀਵਰਸਿਟੀ ਦੀ ਸਿਆਸਤ ’ਚ ਆਉਣ ਦਾ ਸਬੱਬ ਕਿਸ ਤਰ੍ਹਾਂ ਬਣਿਆ?
ਚੰਡੀਗੜ੍ਹ ਦੇ 8 ਸੈਕਟਰ ਵਿਚ ਗਰਚਾ ਸਾਹਿਬ ਦੀ ਅਕੈਡਮੀ ਸੀ ਜਿੱਥੇ ਅਸੀਂ ਤਿਆਰੀ ਕਰਦੇ ਸੀ। ਉਸ ਸਮੇਂ ਪੋਸੂ ਦੀ ਹਾਲਤ ਬਹੁਤ ਕਮਜ਼ੋਰ ਸੀ। ਪੱਗ ਕਰਕੇ ਮੈਨੂੰ ਪੋਸੂ ਵਾਲਿਆਂ ਨੇ ਆਪਣੇ ਨਾਲ ਰਲਾ ਲਿਆ। ਫਿਰ ਮੈਨੂੰ ਉਨ੍ਹਾਂ ਨੇ ਪੋਸੂ ਦਾ ਪ੍ਰਧਾਨ ਥਾਪ ਦਿੱਤਾ ਪਰ ਮੈਂ ਸ਼ਰਤ ਰੱਖੀ ਕਿ ਮੈਂ ਚੋਣਾਂ ਨਹੀਂ ਲੜਾਂਗਾ। ਜਦੋਂ ਪ੍ਰਧਾਨ ਦਾ ਐਲਾਨ ਹੋਇਆ ਤਾਂ ਬਾਅਦ ਵਿਚ ਸਾਰੇ ਆਪੋ-ਆਪਣੇ ਕੰਮਾਂ ਵਿਚ ਲੱਗ ਗਏ। ਫਿਰ ਮੈਂ ਚੋਣ ਲੜੀ ਅਤੇ ਪਹਿਲੀ ਚੋਣ ਹਾਰ ਗਿਆ। ਫਿਰ ਹੌਲੀ-ਹੌਲੀ ਸਿਆਸਤ ਕਰਨੀ ਆ ਗਈ ਅਤੇ ਯੂਨੀਵਰਸਿਟੀ ਚੋਣਾਂ ਵਿਚ ਪਹਿਲੀ ਵਾਰ ਮੈਂ ਹਰਬੀਰ ਅਤੇ ਦੂਜੀ ਵਾਰ ਖੁਸ਼ਬਾਜ਼ ਜਟਾਣਾ ਨੂੰ ਹਰਾਇਆ।

• ਸਿਆਸਤ ਵਿਚ ਪੱਕੇ ਤੌਰ ’ਤੇ ਕਿਸ ਤਰ੍ਹਾਂ ਆਏ?
ਸੈਨੇਟ ਜਿੱਤਣ ਤੋਂ ਬਾਅਦ ਸਾਡੀ ਧਿਰ ਦੇ ਜ਼ਿਆਦਾਤਰ ਮੁੰਡੇ ਅਕਾਲੀ ਦਲ ਨਾਲ ਸਨ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਅਕਾਲੀ ਦਲ ਵਿਚ ਜਾਣ ਦਾ ਫੈਸਲਾ ਕੀਤਾ। ਮੈਂ ਅੱਜ ਵੀ ਚਾਹੁੰਦਾ ਹਾਂ ਕਿ ਪੰਜਾਬ ਦੀ ਖੇਤਰੀ ਪੰਥਕ ਪਾਰਟੀ ਜਿਊਂਦੀ ਰਹੇ। ਉਸ ਸਮੇਂ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਸਟੂਡੈਂਟ ਯੂਨੀਅਨ ਬਣਾਉਣ ਲਈ ਕਿਹਾ। ਮੈਨੂੰ ਅੱਜ ਵੀ ਸੁਖਬੀਰ ਬਾਦਲ ਨਾਲ ਕੋਈ ਸ਼ਿਕਾਇਤ ਨਹੀਂ, ਮੈਂ ਜਿੰਨੀ ਵਾਰ ਵੀ ਉਨ੍ਹਾਂ ਨੂੰ ਮਿਲਣ ਗਿਆ ਮੈਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਹਾਲਾਂਕਿ ਕੁਝ ਲੋਕਾਂ ਨੇ ਚਾਲ ਜ਼ਰੂਰ ਚੱਲੀ ਕਿ ਕੰਗ ਨੂੰ ਕਹੋ ਕਿ ਪੋਸੂ ਨੂੰ ਅਕਾਲੀ ਦਲ ਦੀ ਸੋਈ ਵਿਚ ਮਰਜ ਕਰਨ ਪਰ ਮੈਂ ਇਸ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਜਿਸ ਪੋਸੂ ਨੇ ਮੈਨੂੰ ਪਛਾਣ ਦਿੱਤੀ, ਮੈਂ ਉਸ ਨੂੰ ਖ਼ਤਮ ਨਹੀਂ ਕਰ ਸਕਦਾ, ਫਿਰ ਚਾਰ-ਪੰਜ ਸਾਲ ਲਈ ਮੈਂ ਸਰਗਰਮ ਸਿਆਸਤ ਤੋਂ ਬਾਹਰ ਹੋ ਗਿਆ। ਫਿਰ ਭਾਜਪਾ ਆਗੂ ਰਾਜੀਵ ਪ੍ਰਤਾਪ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਸਿਆਸਤ ਵਿਚ ਆਉਣ ਲਈ ਕਿਹਾ, ਜਿਨ੍ਹਾਂ ਨੇ ਮੈਨੂੰ ਅਨੁਰਾਗ ਨਾਲ ਮਿਲਾਇਆ, ਫਿਰ ਮੇਰੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਈ। ਮੈਂ ਦਸ ਸਾਲ ਭਾਜਪਾ ਵਿਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ। ਭਾਵੇਂ ਮੈਂ ਭਾਜਪਾ ਵਿਚ ਰਿਹਾ ਪਰ ਕੰਮ ਮੈਂ ਆਪਣੀਆਂ ਸ਼ਰਤਾਂ ’ਤੇ ਕੀਤਾ। ਮੈਂ ਭਾਜਪਾ ਵਿਚ ਰਹਿ ਕੇ ਵੀ ਇਹ ਆਖਦਾ ਰਿਹਾ ਕਿ ਜੇ ਭਾਜਪਾ ਨੂੰ ਪੰਜਾਬ ਵਿਚ ਅੱਗੇ ਲੈ ਕੇ ਜਾਣਾ ਹੈ ਤਾਂ ਆਪਣਾ ਏਜੰਡਾ ਬਦਲਣਾ ਪਵੇਗਾ। ਮੈਂ ਭਾਜਪਾ ਵਿਚ ਜਨਰਲ ਸੈਕਟਰੀ ਵੀ ਰਿਹਾ।

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ 'ਤੇ ਕੀ ਬੋਲੇ ਡਾ. ਦਲਜੀਤ ਸਿੰਘ ਚੀਮਾ

• ਤੁਸੀਂ ਸਰਕਾਰ ਨੂੰ 10 ਵਿਚੋਂ ਕਿੰਨੇ ਨੰਬਰ ਦਿਓਗੇ?
ਭਗਵੰਤ ਮਾਨ ਉਹ ਲੀਡਰ ਹੈ ਜਿਹੜਾ ਬਹੁਤ ਹੀ ਸਾਧਾਰਨ ਪਰਿਵਾਰ ਅਤੇ ਸੰਘਰਸ਼ ਵਿਚੋਂ ਨਿਕਲਿਆ ਹੈ ਜੋ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ। ਮੇਰਾ ਦਾਅਵਾ ਹੈ ਕਿ ਉਹ ਸੂਬੇ ਨੂੰ ਵੀ ਇਸ ਸਥਿਤੀ ਵਿਚੋਂ ਉਭਾਰ ਲੈਣਗੇ। ਉਨ੍ਹਾਂ ਦੀ ਨੀਅਤ ’ਤੇ ਕੋਈ ਸਵਾਲ ਨਹੀਂ ਚੁੱਕ ਸਕਦਾ। ਠੀਕ ਹੈ ਕਈ ਚੀਜ਼ਾਂ ਰਾਤੋਂ-ਰਾਤ ਠੀਕ ਨਹੀਂ ਹੋ ਸਕਦੀਆਂ। ਮਾਨ ਸਰਕਾਰ ਨੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ, ਇਹ ਸਾਰਿਆਂ ਦੇ ਸਾਹਮਣੇ ਹੈ। ਪਹਿਲਾਂ ਪੰਜਾਬ ਵਿਚ ਬੱਚਿਆਂ ਦੀ ਨੌਕਰੀ ਲਈ ਮਾਪਿਆਂ ਨੂੰ 10-20 ਲੱਖ ਰੁਪਏ ਵੱਖਰੇ ਰੱਖਣੇ ਪੈਂਦੇ ਸਨ, ਅਸੀਂ ਇਹ ਟਰੈਂਡ ਖ਼ਤਮ ਕੀਤਾ। ਖੇਡਾਂ ਦੇ ਮਾਮਲੇ ਵਿਚ ਨੌਜਵਾਨਾਂ ਨੂੰ ਵੱਡੇ ਮੌਕੇ ਦਿੱਤੇ ਗਏ। ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਪਹਿਲਾਂ ਪਾਣੀਆਂ ਦਾ ਬਹੁਤ ਰੌਲਾ ਪੈਂਦਾ ਸੀ। ਉਸ ਸਮੇਂ ਅਸੀਂ ਨਹਿਰਾਂ ਦੇ 21 ਫ਼ੀਸਦੀ ਪਾਣੀ ਦੀ ਵਰਤੋਂ ਕਰਦੇ ਸੀ ਜੋ ਅੱਜ 60 ਫ਼ੀਸਦੀ ਤੋਂ ਵੱਧ ਗਈ ਹੈ। ਟੇਲਾਂ ਦੇ ਇਲਾਕਿਆਂ ਨੂੰ ਵੀ ਨਹਿਰੀ ਪਾਣੀ ਪਹੁੰਚ ਰਿਹਾ ਹੈ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਪ੍ਰਾਪਤੀ ਹੈ। ਕਈ ਤਰ੍ਹਾਂ ਦੇ ਕਾਰੋਬਾਰ ਜਿਵੇਂ ਰੇਤਾ, ਸ਼ਰਾਬ, ਟਰਾਂਸਪੋਰਟ ਇਨ੍ਹਾਂ ’ਤੇ ਕੁਝ ਪਰਿਵਾਰਾਂ ਦਾ ਕਬਜ਼ਾ ਸੀ, ਜਿਸ ਨੂੰ ਸਰਕਾਰ ਨੇ ਖ਼ਤਮ ਕੀਤਾ, ਇਸ ਲਈ ਸਰਕਾਰ ਨੂੰ 10 ਵਿਚੋਂ 9 ਨੰਬਰ ਜਾਂਦੇ ਹਨ। ਇਕ ਨੰਬਰ ਅਜੇ ਨਹੀਂ ਦਿੱਤਾ ਪਰ ਅਗਲੇ ਦੋ ਸਾਲਾਂ ਵਿਚ ਉਹ ਵੀ ਕਵਰ ਕਰ ਲਿਆ ਜਾਵੇਗਾ।

• ਸ੍ਰੀ ਅਨੰਦਪੁਰ ਸਾਹਿਬ ਲਈ ਤੁਹਾਡਾ ਵਿਜ਼ਨ ਕੀ ਹੈ?
ਸ੍ਰੀ ਅਨੰਦਪੁਰ ਸਾਹਿਬ ਦਾ ਸਭ ਤੋਂ ਵੱਡਾ ਮਸਲਾ ਬੰਗਾ ਤਕ ਫੋਰਲੇਨ ਸੜਕ ਦਾ ਹੈ, ਇਸ ਤੋਂ ਇਲਾਵਾ ਇੰਟਰਨੈਸ਼ਨਲ ਫਲਾਈਟਾਂ ਦਾ ਮੁੱਦਾ ਹੈ। ਖੇਡਾਂ ਦੇ ਖੇਤਰ ਵਿਚ ਸਾਡੇ ਕੋਲ ਬਹੁਤ ਟੇਲੈਂਟ ਹੈ ਪਰ ਇਸ ਦੇ ਬਾਵਜੂਦ ਸਾਡੇ ਕੋਲ ਖੇਲੋ ਇੰਡੀਆ ਦਾ ਕੋਈ ਪ੍ਰਾਜੈਕਟ ਨਹੀਂ ਆਇਆ, ਜਿਸ ਰਾਹੀਂ ਬੱਚਿਆਂ ਨੂੰ ਨਿਖਾਰਿਆ ਜਾਵੇ, ਵਾਟਰ ਸਪੋਰਟਸ ਦਾ ਵੱਡਾ ਸਕੋਪ ਹੈ। ਰਿਲੇਜੀਅਸ ਟੂਰਿਜ਼ਮ ਦਾ ਵੱਡਾ ਸਕੋਪ ਹੈ, ਮੈਡੀਕਲ ਐਜੂਕੇਸ਼ਨ ਆਦਿ ਵਰਗੇ ਕਾਫ਼ੀ ਕੰਮ ਅਜੇ ਕਰਨ ਵਾਲੇ ਹਨ। ਅਗਲੇ ਸਾਲਾਂ ਵਿਚ ਇਹ ਸਾਰੇ ਕੰਮ ਕਰਵਾਏ ਜਾਣਗੇ। ਇਸ ਲਈ ਕੇਂਦਰ ਸਰਕਾਰ ਦੀ ਮਦਦ ਵੀ ਲਵਾਂਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ

• ਤੁਸੀਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੋਂ ਹੇਠਾਂ ਕਿਉਂ ਰਹਿ ਗਏ?
ਮੈਂ ਜ਼ਮੀਨੀਂ ਪੱਧਰ ’ਤੇ ਕੰਮ ਕੀਤਾ, ਜਿੱਥੋਂ ਤਕ ਮੈਨੂੰ ਲੱਗਦਾ ਇਸਦਾ ਕਾਰਨ ਇਹ ਹੈ ਕਿ ਲੋਕਾਂ ਵਿਚ ਸਥਾਨਕ ਵਿਧਾਇਕਾਂ ਪ੍ਰਤੀ ਗੁੱਸਾ ਬਹੁਤ ਹੈ। ਕਈ ਥਾਵਾਂ ’ਤੇ ਲੋਕਾਂ ਨੇ ਇਥੋਂ ਤਕ ਵੀ ਕਿਹਾ ਕਿ ਵਿਧਾਇਕ ਨੂੰ ਸਬਕ ਸਿਖਾਉਣਾ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਐੱਮ. ਪੀ. ਹਾਰੇ ਜਾਂ ਜਿੱਤੇ, ਇਸ ਚੱਕਰ ਵਿਚ ਪਾਰਟੀ ਦਾ ਨੁਕਸਾਨ ਹੋਇਆ। ਦੂਜਾ ਕਾਰਨ ਇਹ ਵੀ ਹੈ ਕਿ ਸਰਕਾਰ ਦੇ ਸਾਰੇ ਚੰਗੇ ਕੰਮ ਅਸੀਂ ਲੋਕਾਂ ਤਕ ਸਹੀ ਢੰਗ ਨਾਲ ਨਹੀਂ ਪਹੁੰਚਾ ਸਕੇ ਹਾਂ। ਤੀਜਾ ਕਾਰਨ ਹੇਠਲੇ ਪੱਧਰ ਦੇ ਕਾਡਰ ਵਿਚ ਮਾਯੂਸੀ ਹੋਣਾ ਵੀ ਹੈ, ਹਰ ਬੰਦਾ ਚਾਹੁੰਦਾ ਮੈਨੂੰ ਚੇਅਰਮੈਨ ਬਣਾਓ ਪਰ ਸਾਰਿਆਂ ਨੂੰ ਕਿਵੇਂ ਬਣਾ ਦੇਈਏ।

• ਕੀ ਪੰਜਾਬ ਪ੍ਰਤੀ ਰੰਜ ਰੱਖਦੀ ਹੈ ਭਾਜਪਾ ?
ਮੈਂ ਕਿਸਾਨ ਅੰਦੋਲਨ ਸਮੇਂ ਭਾਜਪਾ ਨੂੰ ਛੱਡਿਆ। ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਆਖ ਚੁੱਕਾ ਹਾਂ ਕਿ ਭਾਜਪਾ ਦੇ ਫ਼ੈਸਲਿਆਂ ’ਤੇ ਆਰ. ਐੱਸ. ਐੱਸ. ਦਾ ਜ਼ਿਆਦਾ ਪ੍ਰਭਾਵ ਹੈ। ਭਾਜਪਾ ਤਾਂ ਆਰ. ਐੱਸ. ਐੱਸ. ਦਾ ਸਿਰਫ਼ ਇਕ ਸਿਆਸੀ ਵਿੰਗ ਹੈ। ਇਸ ਬਾਰੇ ਆਮ ਵਿਅਕਤੀ ਨੂੰ ਭਾਵੇਂ ਨਹੀਂ ਪਤਾ ਪਰ ਉਹ ਆਪਣੇ ਏਜੰਡੇ ’ਤੇ ਬਿਲਕੁਲ ਕਾਇਮ ਹਨ। ਭਾਜਪਾ ਦਾ ਜਿਹੜਾ ਵੀ ਫ਼ੈਸਲਾ ਹੁੰਦਾ ਹੈ, ਇਸ ’ਤੇ ਆਰ. ਐੱਸ. ਐੱਸ. ਦਾ ਪ੍ਰਭਾਵ ਸਾਫ ਝਲਕਦਾ ਹੈ। ਭਾਜਪਾ ਸਭ ਨੂੰ ਇਕੋ ਰੰਗ ਵਿਚ ਰੰਗਣਾ ਚਾਹੁੰਦੀ ਹੈ। ਇਹ ਸਿਰਫ ਇਕੋ ਧਰਮ ਨੂੰ ਹਾਵੀ ਕਰਨਾ ਚਾਹੁੰਦੇ ਹਨ ਅਤੇ ਇਸੇ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਇਹ ਤਾਂ ਸਿੱਖੀ ਨੂੰ ਅਜੇ ਵੀ ਵੱਖਰਾ ਧਰਮ ਨਹੀਂ ਮੰਨਦੇ। ਇਹੋ ਜਿਹੀ ਸਿਆਸਤ ਬਹੁਤ ਖ਼ਤਰਨਾਕ ਹੈ ਪਰ ਭਾਰਤ ਵਰਗੇ ਮੁਲਕ ਵਿਚ ਅਜਿਹੀ • ਸਿਆਸਤ ਜ਼ਿਆਦ ਲੰਮਾ ਸਮਾਂ ਨਹੀਂ ਚੱਲ ਸਕਦੀ।

• ਪੰਜਾਬ ਵਿਚ ਲਾਅ ਐਂਡ ਆਰਡਰ ’ਤੇ ਵਿਰੋਧੀ ਸਵਾਲ ਚੁੱਕ ਰਹੇ ਹਨ, ਗੈਂਗਸਟਰਵਾਦ ਨੂੰ ਮੁੱਦਾ ਬਣਾਇਆ ਜਾ ਰਿਹਾ?
ਯੂਨੀਵਰਸਿਟੀ ਦੇ ਕਈ ਨੌਜਵਾਨ ਮੇਰੇ ਸਾਹਮਣੇ ਗੈਂਗਸਟਰ ਬਣੇ। ਮੇਰੇ ਤੋਂ ਦੋ-ਤਿੰਨ ਸਾਲ ਜੂਨੀਅਰ ਰਹੇ। 2007 ਵਿਚ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਉਸ ਸਮੇਂ ਉਨ੍ਹਾਂ ਨੇ ਇਸ ਚੀਜ਼ ਦੀ ਸਰਪ੍ਰਸਤੀ ਕੀਤੀ। ਇਹ ਗਲਤ ਕੰਮ ਕਰਨ ਵਾਲੇ ਨੌਜਵਾਨ ਬਾਅਦ ਵਿਚ ਵੱਡੇ ਗੈਂਗਸਟਰ ਬਣ ਗਏ। ਇਸ ਚੀਜ਼ ਨੂੰ ਸਾਡੀ ਸਰਕਾਰ ਨੇ ਘਟਾਇਆ, ਪੂਰੀ ਤਰ੍ਹਾਂ ਵੀ ਖ਼ਤਮ ਕਰ ਦੇਵਾਂਗੇ ਪਰ ਸਮਾਂ ਲੱਗੇਗਾ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ

• ਹਿੱਸੇ-ਪੱਤੇ ਲੈਣ ਵਾਲੇ ਬਖਸ਼ੇ ਨਹੀਂ ਜਾਣਗੇ
ਜਿੱਥੇ ਵੀ ਮੁੱਖ ਮੰਤਰੀ ਦੇ ਧਿਆਨ ਵਿਚ ਆਇਆ ਜਾਂ ਸ਼ਿਕਾਇਤ ਮਿਲੀ ਕਿ ਸਾਡਾ ਆਗੂ, ਵਿਧਾਇਕ ਜਾਂ ਮੰਤਰੀ ਗ਼ਲਤ ਕਰ ਰਿਹਾ, ਅਸੀਂ ਉਸ ਨੂੰ ਨਹੀਂ ਬਖਸ਼ਿਆ। ਹੁਣ ਵੀ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਕੋਲ ਸ਼ਿਕਾਇਤਾਂ ਆਈਆਂ ਤੇ ਇਹ ਆਗੂ ਰਾਡਾਰ ’ਤੇ ਹਨ। ਮੈਂ ਨਾਂ ਨਹੀਂ ਲਵਾਂਗਾ ਪਰ ਸੰਬੰਧਤ ਆਗੂਆਂ ਬਾਰੇ ਕਿਸੇ ਸਮੇਂ ਵੀ ਫੈਸਲਾ ਆ ਸਕਦਾ ਹੈ। ਪੰਜਾਬ ਸਰਕਾਰ ਜ਼ੀਰੋ ਟਾਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ।

• ਤੁਸੀਂ ਰੇਤਾ ਤੋਂ ਰੈਵੇਨਿਊ ਦੀ ਗੱਲ ਕਰਦੇ ਸੀ ਪਰ ਸਰਕਾਰ ਨੂੰ ਕਰਜ਼ਾ ਚੁੱਕਣਾ ਪੈ ਰਿਹਾ ਹੈ?
ਐਕਸਾਈਜ਼ ਦਾ ਰੈਵੇਨਿਊ ਕੁਲੈਕਸ਼ਨ ਪਹਿਲੇ ਸਾਲ ਹੀ 5000 ਕਰੋੜ ਵਧ ਗਿਆ। ਰੇਤਾ ਵਾਲੇ ਮਾਮਲੇ ਵਿਚ ਕੁਝ ਅੜਚਣਾਂ ਸਨ, ਪਹਿਲੇ ਛੇ ਮਹੀਨੇ ਤਾਂ ਇਹ ਮੁੱਦਾ ਹਾਈਕੋਰਟ ਵਿਚ ਚੱਲਦਾ ਰਿਹਾ। ਕਈ ਅਜਿਹੀਆਂ ਖੱਡਾਂ ਹਨ ਜਿਨ੍ਹਾਂ ਨੂੰ ਅਸੀਂ ਚਲਾ ਨਹੀਂ ਸਕੇ। ਜਿੰਨੀ ਸਾਨੂੰ ਉਮੀਦ ਸੀ ਓਨੀ ਕੁਲੈਕਸ਼ਨ ਨਹੀਂ ਹੋਈ।

ਇਹ ਵੀ ਪੜ੍ਹੋ- ਨੌਜਵਾਨ 'ਤੇ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਹਮਲਾ, ਵੱਢ ਦਿੱਤਾ ਹੱਥ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News