ਕਾਂਗਰਸੀ ਐੱਮ. ਪੀ. ਮਿਲੇ ਸੁਸ਼ਮਾ ਸਵਰਾਜ ਨੂੰ

Wednesday, Jan 03, 2018 - 07:52 AM (IST)

ਕਾਂਗਰਸੀ ਐੱਮ. ਪੀ. ਮਿਲੇ ਸੁਸ਼ਮਾ ਸਵਰਾਜ ਨੂੰ

ਜਲੰਧਰ  (ਧਵਨ,ਹਰਮਨਪ੍ਰੀਤ, ਦੀਪਕ, ਵਿਨੋਦ) - ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੇ ਵਫਦ ਨੇ ਮੰਗਲਵਾਰ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ, ਜਿਸ 'ਚ ਪਾਸਪੋਰਟ ਕੇਂਦਰਾਂ, ਸਟੱਡੀ ਵੀਜ਼ਾ ਅਤੇ ਵਿਦੇਸ਼ੀ ਲਾੜਿਆਂ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਕਾਂਗਰਸੀ ਸੰਸਦ ਮੈਂਬਰਾਂ ਦੀ ਅਗਵਾਈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕੀਤੀ। ਇਸ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਹੋਏ।  ਵਫਦ ਨੇ ਸੁਸ਼ਮਾ ਸਵਰਾਜ ਨੂੰ ਦੱਸਿਆ ਕਿ ਬੇਸ਼ੱਕ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਹੈ ਅਤੇ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਅਰਜ਼ੀਆਂ ਨੂੰ ਆਨਲਾਈਨ ਸਮਾਂ ਵੀ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਪਾਸਪੋਰਟ ਕੇਂਦਰਾਂ ਦੇ ਚੱਕਰ ਲਾਉਣ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਕਿਉਂਕਿ ਤੈਅ ਸਮੇਂ 'ਤੇ ਜਦੋਂ ਬਿਨੈਕਾਰ ਪਾਸਪੋਰਟ ਕੇਂਦਰ 'ਚ ਜਾਂਦਾ ਹੈ ਤਾਂ ਉਸ ਨੂੰ ਕੁਝ ਹੋਰ ਦਸਤਾਵੇਜ਼ ਲਿਆਉਣ ਲਈ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਜਾਖੜ ਨੇ ਮੰਗ ਕੀਤੀ ਕਿ ਪਾਸਪੋਰਟ ਕੇਂਦਰ ਅਰਜ਼ੀ ਆਨਲਾਈਨ ਹੋਣ ਤੋਂ ਬਾਅਦ ਪਹਿਲਾਂ ਆਪਣੇ ਪੱਧਰ 'ਤੇ ਅਰਜ਼ੀ ਦੀ ਪੜਤਾਲ ਕਰਕੇ ਉਸ 'ਚ ਕਮੀਆਂ ਨੂੰ ਦੇਖ ਕੇ ਸੰਬੰਧਤ ਬਿਨੈਕਾਰ ਨੂੰ ਦੱਸ ਦੇਣ ਤਾਂ ਕਿ ਈ-ਮੇਲ 'ਤੇ ਹੀ ਬਿਨੈਕਾਰ ਨੂੰ ਸਾਰੀ ਜਾਣਕਾਰੀ ਮਿਲ ਜਾਵੇ। ਉਸ ਨੂੰ ਵਾਰ-ਵਾਰ ਪਾਸਪੋਰਟ ਕੇਂਦਰਾਂ ਦੇ ਚੱਕਰ ਨਾ ਕੱਟਣੇ ਪੈਣ।
ਕਾਂਗਰਸੀ ਸੰਸਦ ਮੈਂਬਰਾਂ ਨੇ ਸੁਸ਼ਮਾ ਸਵਰਾਜ ਨੂੰ ਦੱਸਿਆ ਕਿ ਮਾਲਵੇ 'ਚ ਬਠਿੰਡਾ 'ਚ ਪਾਸਪੋਰਟ ਕੇਂਦਰ ਬਣਾਇਆ ਹੋਇਆ ਹੈ ਪਰ ਇਸ ਦੇ ਬਿਲਕੁੱਲ ਨਾਲ ਲੱਗਦੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਲੋਕਾਂ ਨੂੰ ਅਜੇ ਵੀ 200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਸਪੋਰਟ ਕੇਂਦਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲਿਆਂ ਨੂੰ ਬਠਿੰਡਾ ਨਾਲ ਜੋੜ ਦਿੱਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ 'ਚ ਹਰ 2-3 ਜ਼ਿਲਿਆਂ ਦੇ ਪਿੱਛੇ ਪਾਸਪੋਰਟ ਸੇਵਾ ਕੇਂਦਰ ਬਣਾਏ ਜਾਣੇ ਚਾਹੀਦੇ ਹਨ। ਇਸ ਨਾਲ ਪੰਜਾਬ 'ਚ ਲੋਕਾਂ ਨੂੰ ਪਾਸਪੋਰਟ ਬਣਵਾਉਣ 'ਚ ਮਦਦ ਮਿਲੇਗੀ।
ਸੰਸਦ ਮੈਂਬਰਾਂ ਨੇ ਸੁਸ਼ਮਾ ਸਵਰਾਜ ਨੂੰ ਦੱਸਿਆ ਕਿ ਪੰਜਾਬ ਤੋਂ ਇਸ ਸਮੇਂ ਵੱਡੀ ਗਿਣਤੀ 'ਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਜਾ ਰਹੇ ਨੌਜਵਾਨਾਂ ਦਾ ਮਸਲਾ ਹੋਰ ਵੀ ਗੰਭੀਰ ਹੈ। ਇਹ ਨੌਜਵਾਨ ਪੂਰੀ ਤਰ੍ਹਾਂ ਏਜੰਟਾਂ 'ਤੇ ਨਿਰਭਰ ਹੋ ਕੇ ਰਹਿ ਗਏ ਹਨ। ਨੌਜਵਾਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਏਜੰਟ ਸਹੀ ਕਾਲਜਾਂ 'ਚ ਉਨ੍ਹਾਂ ਨੂੰ ਦਾਖਲਾ ਦਿਵਾ ਰਹੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਲਈ ਘੱਟੋ-ਘੱਟ  ਭਾਰਤੀ ਵਿਦਿਆਰਥੀਆਂ ਲਈ ਕੁਝ ਕਰਨਾ ਹੋਵੇਗਾ। ਵਿਦੇਸ਼ਾਂ ਤੋਂ ਮਾਨਤਾ ਪ੍ਰਾਪਤ ਕਾਲਜਾਂ, ਕੋਰਸਾਂ 'ਤੇ ਫੀਸਾਂ ਸੰਬੰਧੀ ਜਾਣਕਾਰੀ ਮੰਤਰਾਲਾ ਨੂੰ ਆਪਣੀ ਵੈੱਬਸਾਈਟ 'ਤੇ ਉਪਲੱਬਧ ਕਰਵਾਉਣੀ ਹੋਵੇਗੀ ਤਾਂ ਕਿ ਸਟੱਡੀ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਮਿਲ ਸਕੇ।
ਵਿਦੇਸ਼ੀ ਲਾੜਿਆਂ ਦਾ ਮਾਮਲਾ ਉਠਾਉਂਦੇ ਹੋਏ ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਪੰਜਾਬੀ ਕੁੜੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਧੋਖੇ ਨਾਲ ਵਿਆਹ ਰਚਾ ਲਿਆ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਲੋੜ ਇਸ ਗੱਲ ਦੀ ਹੈ ਕਿ ਵਿਆਹ ਲਈ ਪੰਜਾਬ ਆਉਣ ਵਾਲੇ ਵਿਦੇਸ਼ੀ ਲਾੜੇ ਕੁਆਰੇ ਹੋਣ ਸੰਬੰਧੀ ਸਰਟੀਫਿਕੇਟ ਵਿਦੇਸ਼ ਤੋਂ ਲੈ ਕੇ ਆਉਣ, ਜਿਸ ਨੂੰ ਦੇਖ ਕੇ ਹੀ ਉਨ੍ਹਾਂ ਦੇ ਵਿਆਹ ਪੰਜਾਬੀ ਕੁੜੀਆਂ ਨਾਲ ਹੋਣੇ ਚਾਹੀਦੇ ਹਨ। ਇਸ ਨਾਲ ਪੰਜਾਬੀ ਕੁੜੀਆਂ ਨੂੰ ਰਾਹਤ ਮਿਲੇਗੀ। ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਇਕ ਵੈੱਬਸਾਈਟ ਜਲਦੀ ਸ਼ੁਰੂ ਕਰੇਗਾ ਜਿਸ 'ਤੇ ਵਿਦੇਸ਼ੀ ਲਾੜਿਆਂ ਸਬੰਧੀ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਪਾਸਪੋਰਟ ਕੇਂਦਰ ਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਜਲਦੀ ਸੰਪੰਨ ਕਰਨ ਦੀ ਗੱਲ ਕਹੀ।


Related News