ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਸਿੱਧੂ, ਭਗਵੰਤ ਮਾਨ ’ਚ ਨਾ ਕੋਈ ਹਉਮੈ ਤੇ ਨਾ ਹੀ ਹੰਕਾਰ

Monday, May 09, 2022 - 08:39 PM (IST)

ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਸਿੱਧੂ, ਭਗਵੰਤ ਮਾਨ ’ਚ ਨਾ ਕੋਈ ਹਉਮੈ ਤੇ ਨਾ ਹੀ ਹੰਕਾਰ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਅੱਜ ਚੰਡੀਗੜ੍ਹ ’ਚ ਤਕਰੀਬਨ ਇਕ ਘੰਟੇ ਤਕ ਅਹਿਮ ਮੀਟਿੰਗ ਹੋਈ। ਮੀਟਿੰਗ ਮਗਰੋਂ ਸਿੱਧੂ ਨੇ ਕਿਹਾ ਕਿ ਉਹ ਕੋਈ ਫੁੱਲਾਂ ਦਾ ਗੁਲਦਸਤਾ ਨਹੀਂ ਲੈ ਕੇ ਆਏ, ਉਹ ਸਿਰਫ਼ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਨ ਆਏ ਸਨ। ਇਸ ਦੌਰਾਨ ਸਿੱਧੂ ਨੇ ਭਗਵੰਤ ਮਾਨ ਦੀ ਬਹੁਤ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨਾਲ ਮਿਲ ਕੇ ਬਿਲਕੁਲ ਵੀ ਨਹੀਂ ਲੱਗਾ ਕਿ ਉਹ ਕਿਸੇ ਸੀ. ਐੱਮ. ਨਾਲ ਗੱਲ ਕਰ ਹਨ, ਉਨ੍ਹਾਂ ’ਚ ਨਾ ਕੋਈ ਹਉਮੈ ਹੈ ਅਤੇ ਨਾ ਹੀ ਕੋਈ ਹੰਕਾਰ ਹੈ, ਉਹ ਅੱਜ ਵੀ ਉਸੇ ਤਰ੍ਹਾਂ ਦੇ ਹਨ, ਜਿਵੇਂ ਉਹ 10-15 ਸਾਲ ਪਹਿਲਾਂ ਸਨ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿੰਨਾ ਦਰਦ ੳੁਨ੍ਹਾਂ ਨੂੰ ਹੈ, ਓਨਾ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਮਾਫ਼ੀਆ ਹਨ, ਉਨ੍ਹਾਂ ਦਾ ਹੁਣ ਸਮਾਂ ਆ ਗਿਆ ਹੈ। ਜੋ ਦਰਦ ਮੈਂ ਪੰਜਾਬ ਲਈ ਮਹਿਸੂਸ ਕਰ ਰਿਹਾ ਹਾਂ, ਉਹੀ ਦਰਦ ਭਗਵੰਤ ਮਾਨ ਵੀ ਮਹਿਸੂਸ ਕਰ ਰਹੇ ਹਨ।  ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਗੱਲਾਂ ਸੀ. ਐੱਮ. ਮਾਨ ਜ਼ਰੂਰ ਪੂਰੀਆਂ ਕਰਨਗੇ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ 'ਆਪ' ਵਿਧਾਇਕ, ਚਿੱਟਾ ਖ਼ਰੀਦਣ ਆਏ ਦੋ ਪੁਲਸ ਮੁਲਾਜ਼ਮਾਂ ਸਣੇ 11 ਕੀਤੇ ਪੁਲਸ ਹਵਾਲੇ

ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਤੋਂ ਪੰਜਾਬ ਵਿਚੋਂ ਠੇਕੇਦਾਰੀ ਸਿਸਟਮ ਖਤਮ ਕਰਨ ਨੂੰ ਕਿਹਾ ਹੈ ਕਿਉਂਕਿ ਇਸ ਕਾਰਨ ਹੀ ਪੰਜਾਬ ਬਰਬਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਠੇਕੇਦਾਰੀ ਖ਼ਤਮ, ਉਸੇ ਦਿਨ ਪਿੱਛੇ ਖੜ੍ਹੇ ਸਿਆਸਤਦਾਨ ਡਿੱਗ ਜਾਣਗੇ। ਸਿੱਧੂ ਨੇ ਕਿਹਾ ਕਿ ਕਾਨੂੰਨ ਐੱਮ. ਐੱਲ. ਏ. ਬਣਾਉਂਦਾ ਹੈ ਪਰ ਇਥੇ ਤਾਂ ਕਾਨੂੰਨ ਕੰਪਨੀਆਂ ਬਣਾ ਰਹੀਆਂ ਹਨ। ਲੜਾਈ ਸਿਰਫ ਸਿਸਟਮ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਸ਼ਰਾਬ, ਰੇਤ, ਪੈਟਰੋਲ ਅਤੇ ਡੀਜ਼ਲ ਆਦਿ ’ਤੇ ਵੈਟ ਨਹੀਂ ਲੱਗਦਾ, ਜੋ ਕਿ ਸਰਾਸਰ ਚੋਰੀ ਹੈ। ਮੁੱਖ ਮੰਤਰੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਉਹ ਆਪਣੀ ਸਰਕਾਰ ਵੇਲੇ ਵੀ ਇਹ ਮੁੱਦੇ ਵਾਰ-ਵਾਰ ਉਠਾਉਂਦੇ ਰਹੇ ਹਨ। ਦੱਸ ਦੇਈਏ ਕਿ ਇਸ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਆਪਣੇ ਧੜੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਇਸ ਮੁਲਾਕਾਤ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਇਥੇ ਹੀ ਬਸ ਨਹੀਂ, ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਖਾਸਮ-ਖਾਸ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਤੇ ਇਸ ਲਈ ਸਰਕਾਰ ਨੇ ਖੁਦ ਨਵਜੋਤ ਸਿੱਧੂ ਨੂੰ ਮੁਲਾਕਾਤ ਲਈ ਬੁਲਾਇਆ ਹੈ।

 


author

Manoj

Content Editor

Related News