ਨਿਗਮ ਹਾਊਸ ’ਚ ਕੌਂਸਲਰਾਂ ਦਾ ਛਲਕਿਆ ਦਰਦ, ਕਾਂਗਰਸੀ ਮੇਅਰ, ਵਿਧਾਇਕਾਂ ਨੂੰ ਅਫ਼ਸਰਾਂ ਨੇ ਲਾਇਆ ‘ਖੁੱਡੇ ਲਾਈਨ’
Wednesday, Jul 28, 2021 - 12:56 PM (IST)
ਜਲੰਧਰ (ਅਸ਼ਵਨੀ ਖੁਰਾਣਾ)–5 ਮਹੀਨਿਆਂ ਦੇ ਵਕਫੇ ਤੋਂ ਬਾਅਦ ਮੰਗਲਵਾਰ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਰੈੱਡ ਕਰਾਸ ਭਵਨ ਵਿਚ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਦੌਰਾਨ ਵਿਰੋਧੀ ਧਿਰ ਨੇ ਤਾਂ ਆਪਣਾ ਰੋਲ ਅਦਾ ਕੀਤਾ ਹੀ, ਸੱਤਾ ਧਿਰ ਕਾਂਗਰਸ ਦੇ ਕੌਂਸਲਰਾਂ ਦਾ ਵੀ ਦਰਦ ਛਲਕ ਉੱਠਿਆ ਅਤੇ ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅੱਜ ਅਫ਼ਸਰਸ਼ਾਹੀ ਨੇ ਨਿਗਮ ਦੇ ਕਾਂਗਰਸੀ ਮੇਅਰ, ਸ਼ਹਿਰ ਦੇ ਕਾਂਗਰਸੀ ਵਿਧਾਇਕਾਂ ਅਤੇ ਕੌਂਸਲਰਾਂ ਨੂੰ ‘ਖੁੱਡੇ ਲਾਈਨ’ ਲਾਇਆ ਹੋਇਆ ਹੈ। ਲੋਕਾਂ ਦੇ ਕਿਸੇ ਨੁਮਾਇੰਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਜਿਹੇ ਵਿਚ ਅਸੀਂ ਦੋਬਾਰਾ ਲੋਕਾਂ ਵਿਚਕਾਰ ਜਾਣ ਦੇ ਕਾਬਿਲ ਹੀ ਨਹੀਂ ਰਹੇ।
ਇਸ ਦਰਦ ਦੇ ਛਲਕਣ ਦੀ ਸ਼ੁਰੂਆਤ ਸੀਨੀਅਰ ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਤੋਂ ਹੋਈ, ਜਿਸ ਤੋਂ ਬਾਅਦ ਨੀਰਜਾ ਜੈਨ ਅਤੇ ਮਨਦੀਪ ਜੱਸਲ ਵਰਗੇ ਕੌਂਸਲਰਾਂ ਨੇ ਵੀ ਮੇਅਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਜੱਸਲ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਜੇਕਰ ਮੇਅਰ ਜਗਦੀਸ਼ ਰਾਜਾ ਕੋਲੋਂ ਸ਼ਹਿਰ ਅਤੇ ਨਿਗਮ ਨਹੀਂ ਸੰਭਲ ਰਿਹਾ ਤਾਂ ਉਹ ਅਸਤੀਫ਼ਾ ਦੇ ਕੇ ਘਰ ਬੈਠ ਜਾਣ।
ਇਸ਼ਤਿਹਾਰਾਂ ਸਬੰਧੀ ਮਾਮਲਿਆਂ ’ਚ ਕੌਂਸਲਰਾਂ ਦੀ ਹੋਈ ਬੇਇੱਜ਼ਤੀ, ਪ੍ਰਸਤਾਵ ਅਜੇ ਵੀ ਸਰਕਾਰ ਕੋਲ ਪੈਂਡਿੰਗ ਕੌਂਸਲਰ ਹਾਊਸ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਦੇਸ ਰਾਜ ਜੱਸਲ ਨੇ ਪਿਛਲੇ ਹਾਊਸ ਵੱਲੋਂ ਪਾਸ ਇਸ਼ਤਿਹਾਰਾਂ ਸਬੰਧੀ ਪ੍ਰਸਤਾਵ ਦੇ ਮਾਮਲੇ ਵਿਚ ਮੇਅਰ ਕੋਲੋਂ ਪੁੱਛਿਆ ਕਿ ਕੌਂਸਲਰਾਂ ਦੀ ਇੱਜ਼ਤ ਅਜੇ ਕਿੰਨੀ ਹੋਰ ਘਟਾਉਣੀ ਹੈ ਕਿਉਂਕਿ ਉਸ ਮਾਮਲੇ ਵਿਚ ਹਾਊਸ ਦੇ ਸਰਬਸੰਮਤ ਪ੍ਰਸਤਾਵ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਹੋਇਆ।
ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਜਦੋਂ ਕਮਿਸ਼ਨਰ ਨੇ ਜਵਾਬ ਦਿੱਤਾ ਕਿ ਹਾਊਸ ਦੀ ਮੀਟਿੰਗ ਵਿਚ ਪਾਸ ਪ੍ਰਸਤਾਵ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ, ਜਿਹੜਾ ਅਜੇ ਤੱਕ ਉਥੇ ਪੈਂਡਿੰਗ ਹੈ, ਜਦੋਂ ਹੁਕਮ ਆਵੇਗਾ, ਉਸ ਮੁਤਾਬਕ ਕਾਰਵਾਈ ਹੋਵੇਗੀ ਤਾਂ ਨੀਰਜਾ ਜੈਨ ਨੇ ਮੇਅਰ-ਕਮਿਸ਼ਨਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਕਿਹੜੀ ਕਾਂਗਰਸ ਦੀ ਸਰਕਾਰ ਨਹੀ ਹੈ। ਬਦਨਾਮੀ ਕਾਂਗਰਸ ਪਾਰਟੀ ਦੀ ਹੀ ਹੋ ਰਹੀ ਹੈ। ਨੀਰਜਾ ਤੋਂ ਬਾਅਦ ਕੌਂਸਲਰ ਮਨਦੀਪ ਜੱਸਲ ਨੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਵਾਰਡਾਂ ਵਿਚ ਬਦਨਾਮੀ ਕੌਂਸਲਰਾਂ ਦੀ ਹੋ ਰਹੀ ਹੈ। 4 ਸਾਲਾਂ ਵਿਚ ਮੇਅਰ ਦੇ ਅਫ਼ਸਰਾਂ ਨੇ ਪੈਰ ਤੱਕ ਨਹੀਂ ਲੱਗਣ ਦਿੱਤੇ। ਮੇਅਰ ’ਤੇ ਤਾਂ ਅਫ਼ਸਰਸ਼ਾਹੀ ਹਾਵੀ ਹੈ ਹੀ, ਕਿਸੇ ਲੋਕ-ਨੁਮਾਇੰਦੇ ਦੀ ਵੀ ਸੁਣਵਾਈ ਨਹੀਂ ਹੋ ਰਹੀ। ਕਦੋਂ ਹੋਵੇਗੀ, ਹੁਣ ਤਾਂ ਸਾਢੇ 4 ਸਾਲ ਬੀਤ ਚੁੱਕੇ ਹਨ। ਜਿਹੜੇ ਲੱਖਾਂ ਲੋਕਾਂ ਨੇ ਸਾਨੂੰ ਚੁਣਿਆ, ਉਨ੍ਹਾਂ ਲੋਕਾਂ ਦੀ ਤਾਂ ਕਦਰ ਕਰ ਲਈ ਜਾਂਦੀ। ਜੱਸਲ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਸਾਢੇ 4 ਸਾਲਾਂ ਵਿਚ ਸ਼ਹਿਰ ਦਾ ਬੇੜਾ ਗਰਕ ਹੋ ਗਿਆ ਹੈ। ਠੇਕੇਦਾਰਾਂ ਨੇ ਲੁੱਟ ਮਚਾਈ ਹੋਈ ਹੈ। ਹੁਣ ਮੁਸ਼ਕਲ ਹੈ ਕਿ ਅਸੀਂ ਲੋਕਾਂ ਦੇ ਵਿਚਕਾਰ ਜਾ ਸਕਾਂਗੇ। ਇਸ ਨਾਲੋਂ ਤਾਂ ਵਧੀਆ ਹੈ ਕਿ ਅਸੀਂ ਕੌਂਸਲਰ ਅਹੁਦਾ ਛੱਡ ਕੇ ਘਰੇ ਬੈਠ ਜਾਈਏ।
ਸ਼ਰਧਾਂਜਲੀ ਮੀਟਿੰਗ ਦੌਰਾਨ ਕਾਨੂੰਨ ਵਿਵਸਥਾ ਦਾ ਮੁੱਦਾ ਉੱਠਿਆ
ਮੀਟਿੰਗ ਦੇ ਸ਼ੁਰੂ ਵਿਚ ਜਦੋਂ ਮੇਅਰ ਸਵ. ਆਤਮਾਵਾਂ ਨੂੰ ਸ਼ਰਧਾਂਜਲੀ ਦੇਣ ਲਈ ਨਾਵਾਂ ਦੀ ਸੂਚੀ ਪੜ੍ਹ ਰਹੇ ਸਨ, ਉਦੋਂ ਅਚਾਨਕ ਉੱਠ ਕੇ ਭਾਜਪਾ ਦਲ ਦੇ ਆਗੂ ਸੁਸ਼ੀਲ ਸ਼ਰਮਾ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਉਂਦੇ ਹੋਏ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਹੋਏ ਡਿਪਟੀ ਹੱਤਿਆਕਾਂਡ, ਟਿੰਕੂ ਹੱਤਿਆਕਾਂਡ ਅਤੇ ਸਚਿਨ ਜੈਨ ਹੱਤਿਆਕਾਂਡ ਦੇ ਮ੍ਰਿਤਕਾਂ ਨੂੰ ਵੀ ਸ਼ਰਧਾਂਜਲੀ ਦੇਣ ਦੀ ਮੰਗ ਉਠਾਈ ਅਤੇ ਕਿਹਾ ਕਿ ਹਾਊਸ ਵਿਚ ਸ਼ਹਿਰ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਹਾਲਤ ’ਤੇ ਵੀ ਨਿੰਦਾ ਪ੍ਰਗਟ ਕੀਤੀ ਜਾਵੇ। ਬਾਅਦ ਵਿਚ ਪੂਰੇ ਸਦਨ ਨੇ 2 ਮਿੰਟ ਦਾ ਮੌਨ ਰੱਖਿਆ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ
ਸਮਾਰਟ ਸਿਟੀ ਦੇ ਨਾਂ ’ਤੇ ਲੁੱਟ ਤੇ ਧਾਂਦਲੀ ਮਚੀ, ਘਟੀਆ ਕੰਮਾਂ ਕਾਰਨ ਕਾਂਗਰਸ ਦੀ ਹੋ ਰਹੀ ਬਦਨਾਮੀ
ਮੀਟਿੰਗ ਦੇ ਏਜੰਡੇ ਵਿਚ ਜਿਉਂ ਹੀ ਸਮਾਰਟ ਸਿਟੀ ਬਾਰੇ ਪ੍ਰਸਤਾਵ ’ਤੇ ਚਰਚਾ ਸ਼ੁਰੂ ਹੋਈ, ਕਾਂਗਰਸੀ ਕੌਂਸਲਰ ਕੰਵਲਜੀਤ ਕੌਰ ਗੁੱਲੂ ਨੇ ਕਿਹਾ ਕਿ ਸਮਾਰਟ ਸਿਟੀ ਦੇ ਨਾਂ ’ਤੇ ਸ਼ਹਿਰ ਵਿਚ ਲੁੱਟ ਅਤੇ ਧਾਂਦਲੀ ਮਚੀ ਹੋਈ ਹੈ। ਠੇਕੇਦਾਰ ਬਹੁਤ ਘਟੀਆ ਕੰਮ ਕਰ ਰਹੇ ਹਨ। ਕਿਤੇ ਵੀ ਕੋਈ ਜਾਂਚ ਨਹੀਂ ਹੋ ਰਹੀ। ਵਰਕਸ਼ਾਪ ਚੌਕ ਵਿਚ ਮਿੱਟੀ ਦੇ ਉੱਪਰ ਹੀ ਬਣਾਏ ਗਏ ਫੁੱਟਪਾਥ ਦੀਆਂ ਟਾਈਲਾਂ ਧਸਣ ਅਤੇ ਟੁੱਟਣ ਲੱਗੀਆਂ ਹਨ। ਅਫ਼ਸਰਾਂ ਦੀ ਮਿਲੀਭੁਗਤ ਨਾਲ ਘਟੀਆ ਕੰਮ ਹੋ ਰਹੇ ਹਨ।
ਕਾਂਗਰਸੀ ਕੌਂਸਲਰ ਜਸਲੀਨ ਸੇਠੀ ਨੇ ਸਮਾਰਟ ਸਿਟੀ ਦੇ ਕੰਮਾਂ ਵਿਚ ਕੌਂਸਲਰਾਂ ਦੀ ਹਿੱਸੇਦਾਰੀ ਨੂੰ ਮੁੱਦਾ ਬਣਾਉਂਦਿਆਂ ਕਿਹਾ ਕਿ ਪ੍ਰਪੋਜ਼ਲ ਅਤੇ ਐਸਟੀਮੇਟ ਤਿਆਰ ਕਰਨ ਬਾਰੇ ਕੌਂਸਲਰਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇ ਅਤੇ ਸਮਾਰਟ ਸਿਟੀ ਦੇ ਐਸਟੀਮੇਟ ਵੀ ਕੌਂਸਲਰ ਹਾਊਸ ਵਿਚ ਲਿਆਂਦੇ ਜਾਣ ਕਿਉਂਕਿ ਇਕ ਹੀ ਕੰਮ ਦੇ ਟੈਂਡਰ ਨਿਗਮ ਅਤੇ ਸਮਾਰਟ ਸਿਟੀ ਦੋਵਾਂ ਵਿਚ ਲਾਏ ਜਾ ਰਹੇ ਹਨ। ਅਧਿਕਾਰੀਆਂ ਦੀ ਮਰਜ਼ੀ ਮੁਤਾਬਕ ਕੰਮ ਹੋ ਰਹੇ ਹਨ ਪਰ ਜਦੋਂ ਕੌਂਸਲਰ ਕਿਸੇ ਕੰਮ ਲਈ ਕਹਿੰਦੇ ਹਨ ਤਾਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ। ਚੋਣਾਂ ਕੌਂਸਲਰਾਂ ਨੇ ਹੀ ਲੜਨੀਆਂ ਹਨ, ਨਾ ਕਿ ਅਧਿਕਾਰੀਆਂ ਨੇ। ਉਨ੍ਹਾਂ ਕਿਹਾ ਕਿ ਜਦੋਂ ਕਰਣੇਸ਼ ਸ਼ਰਮਾ ਨੇ ਕਮਿਸ਼ਨਰ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੇ ਆਉਣ ਨਾਲ ਖ਼ੁਸ਼ੀ ਹੋਈ ਸੀ ਪਰ ਹੁਣ ਲੱਗ ਰਿਹਾ ਹੈ ਕਿ ਉਹ ਕਾਫ਼ੀ ਅੱਗੇ ਨਿਕਲ ਰਹੇ ਹਨ ਅਤੇ ਕੌਂਸਲਰ ਕਾਫੀ ਪਿੱਛੇ ਰਹਿ ਗਏ ਹਨ। ਭਾਵੇਂ ਉਨ੍ਹਾਂ ਕੋਲ 3 ਚਾਰਜ ਹਨ ਪਰ ਸ਼ਹਿਰ ਲਈ ਨਿਗਮ ਕਮਿਸ਼ਨਰ ਦਾ ਚਾਰਜ ਸਭ ਤੋਂ ਮਹੱਤਵਪੂਰਨ ਹੈ। ਇਸ ਮੁੱਦੇ ’ਤੇ ਮਨਦੀਪ ਜੱਸਲ ਦਾ ਕਹਿਣਾ ਸੀ ਕਿ ਚੌਕਾਂ ਦੇ ਮਾਮਲੇ ਵਿਚ 20 ਕਰੋੜ ਰੁਪਏ ਖੂਹ ਵਿਚ ਪਾ ਦਿੱਤੇ ਗਏ ਅਤੇ ਕੋਈ ਵੀ ਢੰਗ ਦਾ ਕੰਮ ਨਹੀਂ ਕਰਵਾਇਆ ਗਿਆ। ਇਸ ਮਾਮਲੇ ਵਿਚ ਕਮਿਸ਼ਨਰ ਅਤੇ ਸਮਾਰਟ ਸਿਟੀ ਦੇ ਸੀ. ਈ. ਓ. ਕਰਣੇਸ਼ ਸ਼ਰਮਾ ਨੇ ਕੌਂਸਲਰਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪ੍ਰਪੋਜ਼ਲ ਤੇ ਐਸਟੀਮੇਟ ਬਣਵਾਉਣ, ਟੈਂਡਰ ਲਾਉਣ ਅਤੇ ਚੰਡੀਗੜ੍ਹ ਤੱਕ ਮੀਟਿੰਗਾਂ ਵਿਚ ਉਸਨੂੰ ਪਾਸ ਕਰਵਾਉਣ ਸਬੰਧੀ ਪ੍ਰਕਿਰਿਆ ਬਾਰੇ ਦੱਸਿਆ।
ਇਹ ਵੀ ਪੜ੍ਹੋ: ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ
ਸਮਾਰਟ ਸਿਟੀ ਵਿਚ ਕੰਟਰੋਲ ਅਫਸਰਾਂ ਦਾ, ਬਦਨਾਮੀ ਕੌਂਸਲਰ ਦੀ : ਨਿੰਮਾ
ਕਾਂਗਰਸੀ ਕੌਂਸਲਰ ਨਿੰਮਾ ਨੇ ਵੀ ਸਮਾਰਟ ਸਿਟੀ ਤਹਿਤ ਹੋ ਰਹੇ ਕੰਮਾਂ ਦੀ ਖੂਬ ਆਲੋਚਨਾ ਕੀਤੀ ਅਤੇ ਕਿਹਾ ਕਿ ਸਮਾਰਟ ਸਿਟੀ ਦਾ ਬਜਟ ਨਿਗਮ ਤੋਂ ਕਈ ਗੁਣਾ ਜ਼ਿਆਦਾ ਹੈ। ਉਥੇ ਸਾਰਾ ਕੰਟਰੋਲ ਅਫ਼ਸਰਾਂ ਦੇ ਕੋਲ ਹੈ ਪਰ ਬਦਨਾਮੀ ਕੌਂਸਲਰਾਂ ਅਤੇ ਕਾਂਗਰਸ ਪਾਰਟੀ ਦੀ ਹੋ ਰਹੀ ਹੈ। ਕਿਸੇ ਵਿਜ਼ਨ ਅਤੇ ਕਿਸੇ ਮਾਸਟਰ ਪਲਾਨ ’ਤੇ ਕੰਮ ਨਹੀਂ ਹੋ ਰਿਹਾ। ਕੌਂਸਲਰਾਂ ਨੂੰ ਨਾਲੀ ਦੇ ਕੀੜੇ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਫਾਈ ਤੇ ਸੀਵਰੇਜ ਵਿਚ ਹੀ ਉਲਝਾ ਦਿੱਤਾ ਗਿਆ ਹੈ। ਸ਼ਹਿਰੀ ਆਬਾਦੀ ਵਧ ਰਹੀ ਹੈ ਪਰ ਹਾਊਸ ਵਿਚ ਕਿਸੇ ਪਾਲਿਸੀ ’ਤੇ ਚਰਚਾ ਤੱਕ ਨਹੀਂ ਹੋਈ।
ਕਮਲਜੀਤ ਭਾਟੀਆ ਦੀ ਘਾਟ ਉਨ੍ਹਾਂ ਦੀ ਪਤਨੀ ਨੇ ਕੀਤੀ ਪੂਰੀ, ਮੇਅਰ ਤੇ ਖੁੱਲਰ ਕੋਲੋਂ ਮਾਈਕ ਖੋਹਣ ਦੀ ਕੀਤੀ ਕੋਸ਼ਿਸ਼
ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕਮਲਜੀਤ ਭਾਟੀਆ ਸੀਨੀਅਰ ਡਿਪਟੀ ਮੇਅਰ ਹੁੰਦੇ ਸਨ। ਉਨ੍ਹਾਂ ਦੀ ਮੇਅਰ ਸੁਨੀਲ ਜੋਤੀ ਨਾਲ ਨਹੀਂ ਬਣਦੀ ਸੀ ਅਤੇ ਹਾਊਸ ਦੀਆਂ ਮੀਟਿੰਗਾਂ ਵਿਚ ਅਕਸਰ ਕਮਲਜੀਤ ਭਾਟੀਆ ਦਾ ਖ਼ਤਰਨਾਕ ਰੂਪ ਵੇਖਣ ਨੂੰ ਮਿਲਦਾ ਸੀ। ਕਮਲਜੀਤ ਭਾਟੀਆ ਦੀ ਧਰਮਪਤਨੀ ਜਸਪਾਲ ਕੌਰ ਭਾਟੀਆ ਨੇ ਉਨ੍ਹਾਂ ਦੀ ਘਾਟ ਪੂਰੀ ਕਰਦਿਆਂ ਹਾਊਸ ਵਿਚ ਆਪਣੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ। ਇਕ ਵਾਰ ਤਾਂ ਸ਼੍ਰੀਮਤੀ ਭਾਟੀਆ ਨੇ ਏਜੰਡਾ ਸੁਪਰਿੰਟੈਂਡੈਂਟ ਸੁਨੀਲ ਖੁੱਲਰ ਕੋਲੋਂ ਉਨ੍ਹਾਂ ਦਾ ਮਾਈਕ ਖੋਹ ਲਿਆ ਅਤੇ 2 ਵਾਰ ਏਜੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਮੇਅਰ ਨਾਲ ਵੀ ਗੁੱਸੇ ਵਿਚ ਗੱਲ ਕੀਤੀ ਅਤੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਸੀਵਰਾਂ ਅਤੇ ਰੋਡ-ਗਲੀਆਂ ਦੀ ਸਫਾਈ ਨਹੀਂ ਹੋਈ। ਲੋਕ ਨਰਕ ਵਰਗੇ ਮਾਹੌਲ ਵਿਚ ਰਹਿ ਰਹੇ ਹਨ। ਇਸ ਵਾਰ ਫੌਗਿੰਗ ਤੱਕ ਸ਼ੁਰੂ ਨਹੀਂ ਕਰਵਾਈ ਗਈ। ਸਮਾਰਟ ਸਿਟੀ ਤਹਿਤ ਸਿਰਫ ਖਾਨਾਪੂਰਤੀ ’ਤੇ ਹੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਗਿੱਲੇ-ਸੁੱਕੇ ਕੂੜੇ ਦੇ ਨਾਂ ’ਤੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਨਿਗਮ ਕੋਲ ਕੂੜਾ ਵੱਖ-ਵੱਖ ਰੱਖਣ ਦਾ ਕੋਈ ਸਾਧਨ ਨਹੀਂ ਤੇ ਕੋਈ ਗੱਡੀ ਨਹੀਂ। ਐੱਲ. ਈ. ਡੀ. ਪ੍ਰਾਜੈਕਟ ਵੀ ਦੇਸੀ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਵਿਰੋਧੀ ਧਿਰ ਨੂੰ ਦਬਾਉਣ ਲਈ ਕਾਂਗਰਸੀਆਂ ਨੇ ਲਾਏ ‘ਮੋਦੀ ਸਰਕਾਰ ਹਾਏ-ਹਾਏ’ ਦੇ ਨਾਅਰੇ
ਹਾਊਸ ਦੀ ਮੀਟਿੰਗ ਵਿਚ ਕੁੱਲ 57 ਕੌਂਸਲਰ ਹਾਜ਼ਰ ਹੋਏ। ਡਿਪਟੀ ਮੇਅਰ ਸਮੇਤ 23 ਕੌਂਸਲਰ ਆਏ ਹੀ ਨਹੀਂ, ਭਾਜਪਾ ਦੇ ਸਿਰਫ਼ 4 ਕੌਂਸਲਰ ਹੀ ਮੌਜੂਦ ਸਨ। ਅਜਿਹੀ ਹਾਲਤ ਵਿਚ ਵਿਰੋਧੀ ਧਿਰ ਆਪਣੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਉਣ ਵਿਚ ਅਸਫਲ ਰਹੀ ਅਤੇ ਥੋੜ੍ਹੀ ਦੇਰ ਬਾਅਦ ਹੀ ਮੀਟਿੰਗ ਦਾ ਬਾਈਕਾਟ ਕਰ ਕੇ ਭਾਜਪਾ ਕੌਂਸਲਰ ਸਦਨ ਵਿਚੋਂ ਬਾਹਰ ਚਲੇ ਗਏ। ਇਸ ਤੋਂ ਪਹਿਲਾਂ ਚਰਚਾ ਦੀ ਸ਼ੁਰੂਆਤ ਵੀਰੇਸ਼ ਮਿੰਟੂ ਨੇ ਕੀਤੀ। ਜਿਨ੍ਹਾਂ ਕਿਹਾ ਕਿ ਅੱਜ ਸ਼ਹਿਰ ਦਾ ਸਿਸਟਮ ਫੇਲ ਹੋ ਗਿਆ ਹੈ। ਭ੍ਰਿਸ਼ਟਾਚਾਰ ਬਹੁਤ ਵਧ ਗਿਆ ਹੈ। ਹਰ ਪ੍ਰਾਜੈਕਟ ਵਿਚ ਰਿਸ਼ਵਤਖੋਰੀ ਹਾਵੀ ਹੈ। ਸਰਕਾਰ ਕਾਂਗਰਸ ਦੀ ਨਹੀਂ, ਸਗੋਂ ਅਫਸਰਾਂ ਅਤੇ ਠੇਕੇਦਾਰਾਂ ਦੀ ਹੈ, ਇਸ ਲਈ ਮੇਅਰ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਭਾਜਪਾ ਕੌਂਸਲਰਾਂ ਵੱਲੋਂ ਕਾਂਗਰਸ ਸਰਕਾਰ ਦੀ ਆਲੋਚਨਾ ਕਰਨ ਤੋਂ ਤਿਲਮਿਲਾਏ ਕਾਂਗਰਸੀ ਕੌਂਸਲਰਾਂ ਨੇ ਮੌਕਾ ਸੰਭਾਲਿਆ ਅਤੇ ‘ਮੋਦੀ ਸਰਕਾਰ ਹਾਏ-ਹਾਏ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸਰ੍ਹੋਂ ਦੇ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਭਾਅ ਵਿਚ ਵਾਧੇ ਨੂੰ ਮੁੱਦਾ ਬਣਾਇਆ ਗਿਆ ਕਿਉਂਕਿ ਕਾਂਗਰਸ ਦੇ ਕੌਂਸਲਰ 50 ਸਨ ਅਤੇ ਭਾਜਪਾ ਦੇ 6, ਇਸ ਲਈ ਸੱਤਾ ਧਿਰ ਰੌਲਾ-ਰੱਪਾ ਪਾਉਣ ਵਿਚ ਹਾਵੀ ਰਹੀ, ਜਿਸ ਕਾਰਨ ਵਿਰੋਧੀ ਧਿਰ ਨੇ ਵਾਕਆਊਟ ਕਰਨਾ ਹੀ ਬਿਹਤਰ ਸਮਝਿਆ।
ਇਹ ਵੀ ਪੜ੍ਹੋ: ਟੋਕੀਓ 'ਚ ਸਿਲਵਰ ਮੈਡਲ ਜਿੱਤਣ ਵਾਲੀ ਚਾਨੂ ਸਦਕਾ ਚਮਕਿਆ ਗੋਰਾਇਆ ਦਾ ਨਾਂ, ਕੋਚ ਸੰਦੀਪ ਦੇ ਘਰ ਵਿਆਹ ਵਰਗਾ ਮਾਹੌਲ
ਵਿਰੋਧੀ ਧਿਰ ਨੇ ਸਦਨ ’ਚ ਲਹਿਰਾਈ ‘ਪੰਜਾਬ ਕੇਸਰੀ’, ਸ਼ਹਿਰ ਦਾ ਨਰਕ ਦਿਖਾਇਆ
ਹਾਊਸ ਵਿਚ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਕੌਂਸਲਰ ਜਿਥੇ ਬੈਨਰ ਲੈ ਕੇ ਆਏ, ਉਥੇ ਹੀ ਭਾਜਪਾ ਕੌਂਸਲਰ ਸ਼ੈਲੀ ਖੰਨਾ ਨੇ ਹਾਊਸ ਵਿਚ ‘ਪੰਜਾਬ ਕੇਸਰੀ’ ਅਖਬਾਰ ਦੀ ਕਾਪੀ ਲਹਿਰਾਉਂਦਿਆਂ ਕਿਹਾ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ ਨਰਕ ਵਰਗੀ ਹਾਲਤ ਹੈ, ਕਿਸੇ ਕੌਂਸਲਰ ਦੀ ਸੁਣਵਾਈ ਨਹੀਂ ਹੋ ਰਹੀ। ਅਧਿਕਾਰੀ ਸ਼ਿਕਾਇਤਾਂ ਵੱਲ ਧਿਆਨ ਨਹੀਂ ਦਿੰਦੇ। ਖੁਦ ਕਾਂਗਰਸੀ ਹੀ ਆਪਣੀ ਸਰਕਾਰ ਤੋਂ ਪ੍ਰੇਸ਼ਾਨ ਹਨ। ਅਜਿਹੇ ਵਿਚ ਕੋਈ ਵਜ੍ਹਾ ਨਹੀਂ ਬਣਦੀ ਕਿ ਦੁਬਾਰਾ ਅਜਿਹੀ ਸਰਕਾਰ ਨੂੰ ਲਿਆਂਦਾ ਜਾਵੇ।
ਕੌਂਸਲਰ ਰੇਰੂ ਨੇ ਕੀਤੀ ਮਾਮੂਲੀ ਟੋਕਾਟਾਕੀ
ਅਕਾਲੀ ਦਲ ਦੇ 2 ਕੌਂਸਲਰ ਹੀ ਹਾਊਸ ਵਿਚ ਮੌਜੂਦ ਸਨ। ਅਜਿਹੇ ਵਿਚ ਕੌਂਸਲਰ ਰੇਰੂ ਨੇ ਕੁਝ ਪ੍ਰਸਤਾਵਾਂ ’ਤੇ ਮਾਮੂਲੀ ਟੋਕਾਟਾਕੀ ਕੀਤੀ। ਉਨ੍ਹਾਂ ਗਊਸ਼ਾਲਾ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਇਕ ਲੱਖ ਤੋਂ ਵਧਾ ਕੇ 5 ਲੱਖ ਕੀਤੇ ਜਾਣ ਦਾ ਵਿਰੋਧ ਕੀਤਾ ਪਰ ਉਨ੍ਹਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕਿਸੇ ਤਰ੍ਹਾਂ ਉਨ੍ਹਾਂ ਡਰੋਨ ਫੋਟੋਗ੍ਰਾਫੀ ਕਰ ਕੇ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਦੀਆਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਣ ਸਬੰਧੀ ਪ੍ਰਾਜੈਕਟ ’ਤੇ ਵੀ ਇਤਰਾਜ਼ ਜਤਾਇਆ, ਜਿਸ ਨੂੰ ਵੀ ਨਹੀਂ ਮੰਨਿਆ ਗਿਆ। ਕੌਂਸਲਰ ਰੇਰੂ ਨੇ ਨਿਗਮ ਵੱਲੋਂ 8.50 ਲੱਖ ਰੁਪਏ ਨਾਲ ਅਖਬਾਰਾਂ ਖਰੀਦਣ ਦੇ ਪ੍ਰਸਤਾਵ ’ਤੇ ਵੀ ਕਿੰਤੂ-ਪ੍ਰੰਤੂ ਕੀਤਾ ਅਤੇ ਪੁੱਛਿਆ ਕਿ ਅਖ਼ਬਾਰਾਂ ਕਿਥੇ ਜਾਂਦੀਆਂ ਹਨ ਅਤੇ ਰੱਦੀ ਕੌਣ ਵੇਚਦਾ ਹੈ। ਜਵਾਬ ਵਿਚ ਕਮਿਸ਼ਨਰ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਖਬਾਰਾਂ ਸਬੰਧੀ ਲੱਖਾਂ ਰੁਪਏ ਦਾ ਪੈਂਡਿੰਗ ਬਿੱਲ ਪਾਸ ਹੋਣ ਲਈ ਆਇਆ ਸੀ, ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਈਆਂ ਕੋਲ ਅਖਬਾਰਾਂ ਜਾਂਦੀਆਂ ਹੀ ਨਹੀਂ ਸਨ। ਇਸ ’ਤੇ ਕਈ ਕੌਂਸਲਰਾਂ ਨੇ ਪੁੱਛਿਆ ਕਿ ਨਿਗਮ ਕਿੱਥੇ-ਕਿੱਥੇ ਅਖਬਾਰਾਂ ਸਪਲਾਈ ਕਰਦਾ ਹੈ? ਚਰਚਾ ਤੋਂ ਬਾਅਦ ਪ੍ਰਸਤਾਵ ਨੂੰ ਪੈਂਡਿੰਗ ਰੱਖਣ ਦਾ ਫੈਸਲਾ ਹੋਇਆ।
ਕਾਂਗਰਸੀਆਂ ਦੀ ਵੀ ਸੁਣਵਾਈ ਨਹੀਂ : ਬਿਮਲਾ ਦਕੋਹਾ
ਰਾਮਾ ਮੰਡੀ ਇਲਾਕੇ ਦੀ ਕੌਂਸਲਰ ਬਿਮਲਾ ਦਕੋਹਾ ਨੇ ਕਿਹਾ ਕਿ ਅੱਜ ਨਿਗਮ ਵਿਚ ਅਫਸਰਸ਼ਾਹੀ ਇੰਨੀ ਹਾਵੀ ਹੈ ਕਿ ਕਾਂਗਰਸੀਆਂ ਦੀ ਵੀ ਕੋਈ ਸੁਣਵਾਈ ਨਹੀਂ। ਉਨ੍ਹਾਂ ਦੇ ਆਪਣੇ ਵਾਰਡ ਵਿਚ ਕਈ ਜਗ੍ਹਾ ਸੀਵਰੇਜ ਜਾਮ ਹੋਣ ਕਾਰਨ ਨਰਕ ਵਰਗਾ ਮਾਹੌਲ ਹੈ ਪਰ ਅਫਸਰ ਕੋਈ ਧਿਆਨ ਨਹੀਂ ਦੇ ਰਹੇ। ਅਫਸਰਾਂ ਦੀ ਜਵਾਬਤਲਬੀ ਕੀਤੀ ਜਾਣੀ ਚਾਹੀਦੀ ਹੈ।
ਹਾਊਸ ’ਚ ਪਾਸ ਹੋਏ ਪ੍ਰਸਤਾਵ
ਉਰਦੂ ਮਾਹਿਰ ਪਿਆਰੇ ਲਾਲ ਸਬੰਧੀ ਪ੍ਰਸਤਾਵ ਪੈਂਡਿੰਗ, ਜਦੋਂ ਕਿ ਕਈਆਂ ਨੂੰ ਤਰੱਕੀ ਅਤੇ ਪੱਕੀ ਭਰਤੀ ਵਾਲੇ ਪ੍ਰਸਤਾਵ ਪਾਸ।
ਨਿਗਮ ਦੇ ਡਰਾਈਵਰਾਂ ਨੂੰ ਸ਼ਨੀਵਾਰ ਦੇ ਕੰਮ ਬਦਲੇ 13ਵੀਂ ਤਨਖਾਹ ਅਤੇ ਐਤਵਾਰ ਨੂੰ ਛੁੱਟੀ ਸਬੰਧੀ ਪ੍ਰਸਤਾਵ ਪਾਸ।
ਐਡਹਾਕ ਕਮੇਟੀਆਂ ਦੇ ਪੁਨਰ-ਗਠਨ ਨੂੰ ਹਾਊਸ ਨੇ ਪਾਸ ਕੀਤਾ।
ਸੀ. ਐੱਫ. ਸੀ. ਕਾਂਟਰੈਕਟ ਨੂੰ ਇਕ ਸਾਲ ਲਈ ਵਧਾਇਆ ਜਾਵੇਗਾ।
ਵਾਟਰ ਅਨੈਲਸਿਸ ਰਿਪੋਰਟ ਚਾਰਜ 500 ਤੋਂ ਵਧਾ ਕੇ 3530 ਰੁਪਏ ਕੀਤੇ ਗਏ।
ਸਮਾਰਟ ਸਿਟੀ ਦੇ ਕੰਮਾਂ ਵਿਚ ਕੌਂਸਲਰਾਂ ਦੀ ਐੱਨ. ਓ. ਸੀ. ਜ਼ਰੂਰੀ ਹੋਵੇਗੀ, ਪ੍ਰਸਤਾਵ ਪਾਸ।
ਪਾਣੀ, ਸੀਵਰ ਤੇ ਪਿਛਲੇ ਬਕਾਇਆਂ ਵਿਚ ਅੱਧੀ ਮੁਆਫੀ ਸਬੰਧੀ ਪ੍ਰਸਤਾਵ ਪਾਸ।
ਕਰੋੜਾਂ ਦੇ ਵਿਕਾਸ ਕਾਰਜਾਂ ਸਬੰਧੀ ਐਸਟੀਮੇਟ ਪਾਸ।
ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ
ਕੌਂਸਲਰ ਜਗਦੀਸ਼ ਦਕੋਹਾ ਦਾ ਮਾਮਲਾ ਵੀ ਹਾਊਸ ਵਿਚ ਉੱਠਿਆ
ਨਿਗਮ ਦੀ ਬੀ. ਐਂਡ ਆਰ. ਮਾਮਲਿਆਂ ਸਬੰਧੀ ਕਮੇਟੀ ਦੀ ਮੈਂਬਰ ਕੌਂਸਲਰ ਜਸਪਾਲ ਕੌਰ ਭਾਟੀਆ ਨੇ ਮੇਅਰ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ ਐਡਹਾਕ ਕਮੇਟੀਆਂ ਗਠਿਤ ਕਰਨ ਦੀ ਪਾਵਰ ਹੈ ਤਾਂ ਕਿਸੇ ਨੂੰ ਹਟਾਉਣ ਦੀ ਪਾਵਰ ਕਿਉਂ ਨਹੀਂ? ਉਨ੍ਹਾਂ ਹਾਊਸ ਵਿਚ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਮੈਂਬਰਾਂ ਨੂੰ ਕਈ ਵਾਰ ਮੇਅਰ ਨੂੰ ਅਪੀਲ ਕੀਤੀ ਅਤੇ ਲਿਖਤੀ ਵੀ ਦਿੱਤਾ ਪਰ ਮੇਅਰ ਨੇ ਹੁਣ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।
ਖਹਿਰਾ ਨੇ ਐੱਨ. ਓ. ਸੀ. ਦਾ ਮੁੱਦਾ ਉਠਾਇਆ
ਕਾਂਗਰਸੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਮੇਅਰ ਅਤੇ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਐੱਨ. ਓ. ਸੀ. ਲੈਣ ਵਿਚ ਆ ਰਹੀਆਂ ਦਿੱਕਤਾਂ ਦਾ ਮਾਮਲਾ ਉਠਾਇਆ ਅਤੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਵੱਧ ਤੋਂ ਵੱਧ 45 ਦਿਨਾਂ ਵਿਚ ਐੱਨ. ਓ. ਸੀ. ਮਿਲ ਜਾਂਦੀ ਸੀ ਪਰ ਆਨਲਾਈਨ ਸਿਸਟਮ ਦੇ ਬਾਵਜੂਦ 3-4 ਮਹੀਨੇ ਲੱਗ ਜਾਂਦੇ ਹਨ, ਜਿਸ ਨਾਲ ਲੋਕ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਈ-ਟੈਂਡਰਿੰਗ ਦੇ ਬਾਵਜੂਦ ਠੇਕੇਦਾਰਾਂ ਨਾਲ ਨੈਗੋਸੀਏਸ਼ਨ ਕਰਨਾ ਗਲਤ ਹੈ, ਇਸ ਨਾਲ ਵਿਕਾਸ ਕਾਰਜਾਂ ਵਿਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਟਾਂਡਾ 'ਚ ਭਿਆਨਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ