ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ''ਚ ਹੋਏ ਕਈ ਵਿਚਾਰ

Thursday, Jan 11, 2018 - 11:39 AM (IST)

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ''ਚ ਹੋਏ ਕਈ ਵਿਚਾਰ


ਗੁਰੂਹਰਸਹਾਏ (ਆਵਲਾ) - ਸਮਾਜਸੇਵੀ ਸੰਸਥਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਦੀ ਮੀਟਿੰਗ ਜਨਰਲ ਸਕੱਤਰ ਇੰਚਾਰਜ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਮਾਹਮੂ ਜੋਈਆ ਵਿਖੇ ਹੋਈ, ਜਿਸ ਵਿਚ ਕੌਮੀ ਸ਼ਹੀਦ ਸ. ਊਧਮ ਸਿੰਘ ਦੇ ਵਾਰਿਸ ਰੁਪਿੰਦਰ ਸਿੰਘ ਵੱਲੋਂ ਨੌਕਰੀ ਨਾ ਮਿਲਣ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਕਾਰਨ ਸਮੂਹ ਦੇਸ਼ ਅਤੇ ਖਾਸ ਕਰ ਕੇ ਕੰਬੋਜ ਬਰਾਦਰੀ ਸੋਗ ਦੀ ਲਹਿਰ ਵਿਚ ਡੁੱਬੀ ਹੋਈ ਹੈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਮੈਂਬਰਾਂ ਨੇ ਕੁਝ ਸਮਾਂ ਮੌਨ ਰੱਖ ਕੇ ਰੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। 
ਕਿਸਾਨ ਆਗੂ ਇੰਜੀ. ਸੁਖਦੇਵ ਸਿੰਘ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨ ਵਰਗ ਦੁਖੀ ਹੈ ਤੇ ਸਰਕਾਰ ਅੱਜ ਤੱਕ ਘਰ- ਘਰ ਨੌਕਰੀ ਦੇਣ ਦੇ ਕੀਤੇ ਵਾਅਦੇ 'ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਕਿਸਾਨ ਅਤੇ ਨੌਜਵਾਨ ਖੁਦਕੁਸ਼ੀਆਂ ਦੇ ਰਾਹ ਚੱਲ ਪਏ ਹਨ ਤੇ ਕੁਝ ਨੌਜਵਾਨ ਭਟਕ ਕੇ ਨਸ਼ਿਆਂ ਦੇ ਦਰਿਆ ਵਿਚ ਡੁੱਬ ਚੁੱਕੇ ਹਨ। ਜਥੇਬੰਦੀ ਦੇ ਆਗੂਆਂ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੁਦਕੁਸ਼ੀਆਂ ਕਰਨ ਨਾਲ ਮੁਸ਼ਕਲਾਂ ਦਾ ਹੱਲ ਨਹੀਂ ਹੈ, ਸਗੋਂ ਇਨ੍ਹਾਂ ਦਾ ਸਾਹਮਣਾ ਕਰਨਾ ਹੈ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਅਤੇ ਦੇਸ਼ ਦੇ ਭਵਿੱਖ ਨੌਜਵਾਨਾਂ ਦੀ ਬਾਂਹ ਫੜੀ ਜਾਵੇ। ਇਸ ਦੌਰਾਨ ਨੌਜਵਾਨ ਸਾਥੀ ਹਰਮੀਤ ਪੰਧੂ, ਹਰਭਜਨ ਕੰਬੋਜ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਮਹਿੰਦਰਪਾਲ ਤੇ ਹੋਰ ਮੈਂਬਰ ਮੌਜੂਦ ਸਨ।


Related News