ਪੰਜਾਬ ਦੇ ਮੈਡੀਕਲ ਕਾਲਜਾਂ ਨੇ ਹੁਣ ਤੱਕ 8 ਲੱਖ ਦੇ ਕਰੀਬ ਕੋਰੋਨਾ ਟੈਸਟ ਕੀਤੇ : ਸੋਨੀ
Sunday, Aug 23, 2020 - 03:32 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਕੋਵਿਡ-19 ਡਿਊਟੀ ਵਿਰੁੱਧ ਜੰਗ ਵਿਚ ਕੁੱਦੇ ਆਪਣੇ ਵਿਭਾਗ ਦੇ ਡਾਕਟਰਾਂ ਅਤੇ ਹੋਰ ਸਹਾਇਕ ਅਮਲੇ ਨੂੰ ਸ਼ਾਬਾਸ਼ ਦਿੰਦੇ ਦੱਸਿਆ ਕਿ ਹੁਣ ਤੱਕ ਇਹ ਮੈਡੀਕਲ ਕਾਲਜ 8 ਲੱਖ ਦੇ ਕਰੀਬ ਵਿਅਕਤੀਆਂ ਦੇ ਕੋਰੋਨਾ ਟੈਸਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਤਿੰਨਾਂ ਮੈਡੀਕਲ ਕਾਲਜਾਂ ਵਿਚ ਮਰੀਜ਼ਾਂ ਦਾ ਇਲਾਜ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਜਦੋਂ ਪੰਜਾਬ ਵਿਚ ਕੋਰੋਨਾ ਨੇ ਪੈਰ ਧਰੇ ਸਨ ਤਾਂ ਸਾਨੂੰ ਕੋਵਿਡ ਟੈਸਟ ਦੇ ਨਮੂਨੇ ਜਾਂਚ ਲਈ ਪੂਣੇ ਭੇਜਣੇ ਪੈਂਦੇ ਸਨ ਅਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਰੋਜ਼ਾਨਾ 20 ਹਜ਼ਾਰ ਟੈਸਟ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਦੇ ਮੈਡੀਕਲ ਕਾਲਜ ਵਿਚ 292186 ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ 278064 ਅਤੇ ਫ਼ਰੀਦਕੋਟ ਵਿਚ 214282 ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ । ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਜਲੰਧਰ, ਲੁਧਿਆਣਾ ਅਤੇ ਮੁਹਾਲੀ ਵਿਚ ਚਾਰ ਲੈਬਾਰਟਰੀਆਂ ਬੀਤੇ ਦਿਨੀ ਸ਼ੁਰੂ ਕੀਤੀਆ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਕਰੋਨਾ ਨੂੰ ਖ਼ਤਮ ਕਰਨ ਲਈ ਜ਼ਰਾ ਜਿਨਾਂ ਸ਼ੱਕ ਪੈਣ 'ਤੇ ਹੀ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਤਾਂ ਜੋ ਤੁਹਾਡਾ ਇਲਾਜ ਵੀ ਹੋ ਸਕੇ ਅਤੇ ਕੋਰੋਨਾ ਨੂੰ ਅੱਗੇ ਫੈਲਣ ਦਾ ਮੌਕਾ ਵੀ ਨਾ ਮਿਲੇ।
ਸੋਨੀ ਨੇ ਦੱਸਿਆ ਕਿ ਹੁਣ ਤੱਕ ਮੈਡੀਕਲ ਕਾਲਜਾਂ ਵਿਚ ਹੋਏ ਟੈਸਟਾਂ ਵਿਚੋਂ 29976 ਵਿਅਕਤੀ ਕੋਵਿਡ-19 ਤੋਂ ਪੀੜਤ ਮਿਲੇ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਠੀਕ ਹੋ ਕੇ ਜਾ ਚੁੱਕੇ ਹਨ ਜਾਂ ਘਰਾਂ ਤੋਂ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜਾਂ ਵਿਚ ਹੁਣ ਤੱਕ ਬਦਕਿਸਮਤੀ ਨਾਲ 431 ਲੋਕਾਂ ਦੀ ਜਾਨ ਵੀ ਗਈ ਹੈ। ਸੋਨੀ ਨੇ ਪੰਜਾਬ ਵਾਸੀਆਂ ਨੂੰ ਪੁਰ ਜ਼ੋਰ ਅਪੀਲ ਕਰਦੇ ਕਿਹਾ ਕਿ ਕੋਰੋਨਾ ਨਾਲ ਜਿੱਤਣ ਲਈ ਜਿੱਥੇ ਆਪਣੇ ਆਪ ਨੂੰ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਅਪਣਾ ਕੇ ਸੁਰੱਖਿਅਤ ਰੱਖਣ ਦੀ ਲੋੜ ਹੈ, ਉਨ੍ਹਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਟੈਸਟ ਸਮੇਂ ਨਾਲ ਕਰਵਾਉਣ ਦੀ ਵੱਡੀ ਲੋੜ ਹੈ।